ਆਈਨ-ਏ-ਅਕਬਰੀ (Persian: آئینِ اکبری) ਜਾਂ "ਅਕਬਰ ਦਾ ਵਿਧਾਨ", ਅਕਬਰ ਦੇ ਵਜੀਰ, ਅਬੁਲ ਫਜਲ ਇਬਨ ਮੁਬਾਰਕ ਦੀ ਅਕਬਰ ਦੇ ਪ੍ਰਸ਼ਾਸਨ ਬਾਰੇ ਲਿਖੀ ਵੇਰਵੇ ਭਰਪੂਰ ਦਸਤਾਵੇਜ਼ ਹੈ।[1] ਇਹ ਅਬੁਲ ਫਜਲ ਦੀ 16ਵੀਂ-ਸਦੀ ਵਿੱਚ ਲਿਖੀ ਕਿਤੇ ਵੱਡੀ ਦਸਤਾਵੇਜ਼ ਅਕਬਰਨਾਮਾ ਦਾ ਤੀਜਾ ਅਤੇ ਆਖਰੀ ਭਾਗ ਹੈ।(Persian: اکبر نامه), ਅਤੇ ਇਹ ਖੁਦ ਤਿੰਨ ਜਿਲਦਾਂ ਵਿੱਚ ਹੈ।[2]
ਆਈਨ-ਏ-ਅਕਬਰੀ ਨੂੰ ਪੰਜ ਭਾਗਾਂ ਵਿੱਚ ਵੰਡਿਆ ਹੋਇਆ ਹੈ ਅਤੇ ਇਹ ਸੱਤ ਸਾਲਾਂ ਵਿੱਚ ਖ਼ਤਮ ਹੋਈ ਸੀ। ਪਹਿਲੇ ਭਾਗ ਵਿੱਚ ਸਮਰਾਟ ਦੇ ਪ੍ਰਸ਼ਾਸਨੀ ਅਤੇ ਮਹਲੀ ਅਤੇ ਦਰਬਾਰੀ ਵੇਰਵੇ ਦਿੱਤੇ ਹਨ। ਦੂਜੇ ਭਾਗ ਵਿੱਚ ਰਾਜਕਰਮਚਾਰੀ, ਫੌਜੀ ਅਤੇ ਨਾਗਰਿਕ ਪਦ, ਵਿਵਾਹਿਕ ਅਤੇ ਸਿੱਖਿਆ ਸਬੰਧੀ ਨਿਯਮ, ਵਿਵਿਧ ਮਨੋਵਿਨੋਦ ਅਤੇ ਰਾਜਦਰਬਾਰ ਦੇ ਆਸ਼ਰਿਤ ਪ੍ਰਮੁੱਖ ਸਾਹਿਤਕਾਰ ਅਤੇ ਸੰਗੀਤਕਾਰ ਵਰਣਿਤ ਹਨ। ਤੀਸਰੇ ਭਾਗ ਵਿੱਚ ਨਿਆਂ ਅਤੇ ਕਾਰਜਕਾਰੀ ਵਿਭਾਗਾਂ ਦੇ ਕਾਨੂੰਨ, ਖੇਤੀ ਪ੍ਰਬੰਧ ਸਬੰਧੀ ਵਰਣਨ ਅਤੇ ਬਾਰਾਂ ਸੂਬਿਆਂ ਦੀਆਂ ਜਾਣਨਯੋਗ ਸੂਚਨਾਵਾਂ ਅਤੇ ਅੰਕੜੇ ਹਨ। ਚੌਥੇ ਵਿਭਾਗ ਵਿੱਚ ਹਿੰਦੂਆਂ ਦੀ ਸਮਾਜਕ ਸਥਿਤੀ ਅਤੇ ਉਹਨਾਂ ਦੇ ਧਰਮ, ਦਰਸ਼ਨ, ਸਾਹਿਤ ਅਤੇ ਵਿਗਿਆਨ ਦਾ (ਸੰਸਕ੍ਰਿਤ ਤੋਂ ਅਣਭਿੱਜ ਹੋਣ ਦੇ ਕਾਰਨ ਇਨ੍ਹਾਂ ਦਾ ਸੰਕਲਨ ਅਬੁਲਫਜਲ ਨੇ ਪੰਡਤਾਂ ਦੇ ਜ਼ਬਾਨੀ ਕਥਨਾਂ ਦਾ ਅਨੁਵਾਦ ਕਰਾਕੇ ਕੀਤਾ ਸੀ), ਵਿਦੇਸ਼ੀ ਹਮਲਾਵਰਾਂ ਅਤੇ ਪ੍ਰਮੁੱਖ ਯਾਤਰੀਆਂ ਦਾ ਅਤੇ ਪ੍ਰਸਿੱਧ ਮੁਸਲਮਾਨ ਸੰਤਾਂ ਦਾ ਵਰਣਨ ਹੈ ਅਤੇ ਪੰਜਵੇ ਭਾਗ ਵਿੱਚ ਅਕਬਰ ਦੇ ਕਥਨ ਸੰਕਲਿਤ ਹਨ ਅਤੇ ਲੇਖਕ ਦਾ ਉਪਸੰਹਾਰ ਹੈ। ਅੰਤ ਵਿੱਚ ਲੇਖਕ ਨੇ ਖੁਦ ਆਪਣਾ ਜਿਕਰ ਕੀਤਾ ਹੈ।