ਫੁਲਕਾਰੀ

ਪਟਿਆਲੇ ਦੀ ਫੁਲਕਾਰੀ

ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ/ਦੁਪੱਟਿਆਂ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ "ਫੁੱਲ" ਅਤੇ "ਕਾਰੀ" ਤੋਂ ਬਣਿਆ ਹੈ ਜਿਸਦਾ ਮਤਲਬ ਫੁੱਲਾਂ ਦੀ ਕਾਰੀਗਰੀ।[1][2] ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ / ਕਢਾਈ ਲਈ ਵਰਤਿਆ ਜਾਂਦਾ ਸੀ, ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ।

ਕਲਾ ਦਾ ਪ੍ਰਤੀਕ

[ਸੋਧੋ]

ਪੁਰਾਣੇ ਸਮਿਆਂ ਵਿੱਚ ਬਚਪਨ ਵਿੱਚ ਹੀ ਧੀਆਂ ਧਿਆਣੀਆਂ ਨੂੰ ਚੱਜ ਸਲੀਕੇ ਦੀ ਸਿੱਖਿਆ ਦਿੱਤੀ ਜਾਣ ਲੱਗਦੀ ਤੇ ਸੁਰਤ ਸੰਭਾਲਦਿਆਂ ਹੀ ਉਨ੍ਹਾਂ ਨੂੰ ਚੁੱਲ੍ਹੇ ਚੌਂਕੇ ਦੇ ਕੰਮਾਂ ਤੋਂ ਇਲਾਵਾ ਕੱਢਣ, ਬੁਣਨ ਅਤੇ ਕੱਤਣ ਦਾ ਕੰਮ ਵੀ ਸਿਖਾਇਆ ਜਾਂਦਾ ਸੀ। ਕੁੜੀਆਂ ਸਹਿਜ-ਸਹਿਜ ਇਸ ਕਲਾ ਵਿੱਚ ਮਾਹਰ ਹੁੰਦੀਆਂ। ਪੰਜਾਬੀ ਸਮਾਜ ਵਿੱਚ ਲੜਕੀ ਨੂੰ ਵਿਆਹ ਸਮੇਂ ਦਿੱਤੇ ਜਾਣ ਵਾਲੇ ਦਾਜ ਵਿੱਚ ਕੁਝ ਵਸਤਾਂ ਲੜਕੀ ਆਪ ਤਿਆਰ ਕਰਦੀ। ਇਹ ਉਸ ਦੀ ਕਲਾ-ਕੁਸ਼ਲਤਾ ਦਾ ਪ੍ਰਮਾਣ ਹੁੰਦੀਆਂ ਸਨ। ਆਪਣੇ ਮਨ ਦੀਆਂ ਭਾਵਨਾਵਾਂ, ਮਨਇੱਛਤ ਹਮਸਫਰ ਦੀ ਤਾਂਘ, ਸੁਖਮਈ ਭਵਿੱਖ ਦੇ ਸੁਪਨੇ ਇਨ੍ਹਾਂ ਸਭ ਦਾ ਪ੍ਰਗਟਾਵਾ ਉਹ ਖੁੱਲ੍ਹ ਕੇ ਨਹੀਂ ਕਰ ਸਕਦੀ ਸੀ। ਆਪਣੀਆਂ ਇਨ੍ਹਾਂ ਭਾਵਨਾਵਾਂ ਦੇ ਪ੍ਰਗਟਾਵੇ ਲਈ ਉਸ ਨੇ ਕਲਾ ਕ੍ਰਿਤਾਂ ਵੀ ਇੱਕ ਪ੍ਰਮੁੱਖ ਮਾਧਿਅਮ ਬਣੀਆਂ। ਕਿਸੇ ਰੁਮਾਲ, ਚਾਦਰ, ਫੁਲਕਾਰੀ ਤੇ ਰੰਗ ਬਿਰੰਗੇ ਧਾਗਿਆਂ ਨਾਲ ਬਣਾਏ ਫੁੱਲ, ਕਲੋਲਾਂ ਕਰਦੇ ਪੰਛੀ, ਹਿਰਨ ਜਿੱਥੇ ਪਿਆਰ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ, ਉੱਥੇ ਡਾਰੋਂ ਵਿਛੜੀ ਕੂੰਜ ਦੇ ਵਿਛੋੜੇ ਅਤੇ ਮਨ ਦੀ ਉਦਾਸੀਨਤਾ ਨੂੰ ਇੱਕ ਇਕੱਲਾ ਦਰਖਤ ਪ੍ਰਗਟ ਕਰਦਾ। ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖਦੀਆਂ ਮੁਟਿਆਰਾਂ। ਕਿਰਤੀ ਵਰਗ ਦੀਆਂ ਮੁਟਿਆਰਾਂ ਵੱਲੋਂ ਚਿੱਤਰੇ ਆਕਾਰ ਰੰਗ ਰੂਪ ਵਧੇਰੇ ਜੀਵਤ ਹਨ ਕਿਉਂਕਿ ਘਰੋਗੀ ਥੁੜ੍ਹਾਂ ਦੀ ਸੁਪਨਸਾਜ਼ੀ ਕਰਨ ਲਈ ਉਨ੍ਹਾਂ ਕੋਲ ਇੱਕੋ-ਇਕ ਵਸੀਲਾ ਸੀ ਫੁਲਕਾਰੀ। ਆਪਣੇ ਮਨ ਦੀਆਂ ਭਾਵਨਾਵਾਂ ਅਤੇ ਰੀਝਾਂ ਦੇ ਪ੍ਰਗਟਾਵੇ ਲਈ ਸਿਰਫ ਇੱਕ ਮੋਟੀ ਸੂਈ ਸੀ ਜਾਂ ਖੱਦਰ ਦਾ ਕੱਪੜਾ ਜਾਂ ਰੰਗ-ਬਰੰਗੇ ਧਾਗੇ|

ਵਰਤੋਂ

[ਸੋਧੋ]
  • ਇਹਨਾਂ ਦਾ ਉਪਯੋਗ ਪੰਜਾਬੀ ਕੁੜੀਆਂ ਦੁਆਰਾ ਵਿਆਹ ਅਤੇ ਤਿਉਹਾਰਾਂ ਦੇ ਮੌਕੇ ਉੱਤੇ ਕੀਤਾ ਜਾਂਦਾ ਹੈ।
  • ਸ਼ਗਨਾਂ ਦੇ ਮੌਕਿਆਂ ’ਤੇ ਲੋਕ ਫੁੱਲਕਾਰੀਆਂ ਹੀ ਵਰਤਿਆ ਕਰਦੇ ਸਨ।
  • ਲੋਕ ਦਾਜ ਵਿੱਚ ਧੀਆਂ ਨੂੰ ਵੀ ਫੁਲਕਾਰੀਆਂ ਦੇ ਬਾਗ਼ ਦਿੰਦੇ। ਇਹ ਫੁਲਕਾਰੀਆਂ ਨਾਨੀਆਂ, ਦਾਦੀਆਂ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਰਹਿੰਦੀਆਂ।
  • ਵਿਆਹ ਦੇ ਰਸਮੋ ਰਿਵਾਜਾਂ ਵਿੱਚ ਜਿਵੇਂ ਚੂੜਾ ਚੜ੍ਹਾਉਣ ਵੇਲੇ ਨਾਨੀ ਆਪਣੀ ਦੋਹਤੀ ਨੂੰ ਚੋਪ ਪਹਿਨਾਉਂਦੀ। ਚੋਪ ਜੋ ਫੁਲਕਾਰੀ ਤੋਂ ਥੋੜ੍ਹਾ ਵੱਡਾ ਹੁੰਦਾ ਸੀ।
  • ਲਾਵਾਂ ਫੇਰਿਆਂ ਦੇ ਮੌਕਿਆਂ ’ਤੇ ਕੁੜੀ ਸਿਰ ’ਤੇ ਫੁਲਕਾਰੀ ਲੈਂਦੀ ਜੋ ਉਸ ਲਾੜੀ ਦੇ ਰੂਪ ਨੂੰ ਚਾਰ ਚੰਨ ਲਾ ਦਿੰਦੀ।

ਲੋਕ ਗੀਤਾਂ ਵਿੱਚ ਫੁਲਕਾਰੀ

[ਸੋਧੋ]

ਫੁਲਕਾਰੀ ਨਾਲ ਪੰਜਾਬਣਾਂ ਦੀਆਂ ਅਨੇਕਾਂ ਭਾਵਨਾਵਾਂ ਜੁੜੀਆਂ ਹੋਈਆ ਹਨ।ਜੋ ਲੋਕ ਗੀਤਾਂ ਵਿੱਚ ਪ੍ਰਗਟ ਹੁੰਦੀਆ ਹਨ[3]

ਫੁਲਕਾਰੀ ਮੇਰੀ ਰੇਸ਼ਮੀ ਰੰਗ ਢੁਕਾਏ ਠੀਕ
ਛੇਤੀ ਦਰਸ਼ਨ ਦੇਵਣੇ,ਮੈਂ ਰਸਤੇ ਰਹੀ ਉਡੀਕ

ਇੱਕ ਹੋਰ

ਵੀਰ ਮੇਰੇ ਨੇ ਕੁੜਤੀ ਭੇਜੀ, ਭਾਬੋ ਨੇ ਫੁਲਕਾਰੀ,
ਨੀਂ ਜੁੱਗ-ਜੁੱਗ ਜੀ ਭਾਬੋ, ਲੱਗੇ ਵੀਰ ਤੋਂ ਪਿਆਰੀ।

ਇੱਕ ਹੋਰ

ਮੈਨੂੰ ਤਾਂ ਕਹਿੰਦਾ ਕੱਢਣ ਨੀਂ ਜਾਣਦੀ, ਕੱਤਣ ਨੀਂ ਜਾਣਦੀ।
ਮੈਂ ਕੱਢ ਲਈ ਫੁਲਕਾਰੀ, ਵੇ ਜਦ ਮੈਂ ਉੱਤੇ ਲਈ
ਤੈਂ ਹੂੰਗਰ ਕਿਉਂ ਮਾਰੀ।

ਉਨ੍ਹਾਂ ਸਮਿਆਂ ਵਿੱਚ ਕਿਤੇ ਬੁੱਢੀ ਦਾਦੀ ਸਿਰ ’ਤੇ ਫੁਲਕਾਰੀ ਲਈ ਨਜ਼ਰ ਆਉਂਦੀ, ਕਿਤੇ ਆਪਣੇ ਸਿਰ ’ਤੇ ਆਪਣੇ ਸਾਈਂ ਦਾ ਭੱਤਾ ਚੁੱਕੀ ਜਾਂਦੀ ਮੁਟਿਆਰ ਦੀ ਫੁਲਕਾਰੀ ਵਾਜਾਂ ਮਾਰਦੀ

ਅੱਗੇ-ਅੱਗੇ ਮੈਂ ਤੁਰਦੀ, ਮੇਰੇ ਤੁਰਦੇ ਨੇ ਮਗਰ ਸ਼ਿਕਾਰੀ,
ਹਵਾ ਵਿੱਚ ਉੱਡਦੀ ਫਿਰੇ, ਮੇਰੀ ਤਿੱਤਰਾਂ ਵਾਲੀ ਫੁਲਕਾਰੀ

ਫੁਲਕਾਰੀ ਦੀਆਂ ਕਿਸਮਾਂ

[ਸੋਧੋ]

ਬਾਗ

[ਸੋਧੋ]

ਬਾਗ ਬਹੁਤ ਮਿਹਨਤ ਨਾਲ ਤਿਆਰ ਕੀਤੀ ਜਾਣ ਵਾਲੀ ਫੁਲਕਾਰੀ ਹੈ।ਸੱਚਮੁਚ ਹੀ ਇਹ ਇੱਕ ਮੁਟਿਆਰ ਦੀਆਂ ਆਸਾਂ ਤੇ ਉਮੰਗਾਂ ਦੇ ਬਾਗ ਦੀ ਅਭਿਵਿਅੰਜਨਾ ਹੁਮਦਿ ਹੈ।ਇਸ ਵਿੱਚ ਸਾਰੇ ਕੱਪੜੇ ਉੱਤੇ ਤਿਕੋਨੇ ਪੈਟਰਨ ਚਿੱਤਰੇ ਜ਼ਾਦੇ ਹਨ।ਇਸ ਦੀ ਕਢਾਈ ਬਹੁਤ ਸੰਘਣੀ ਹੁੰਦੀ ਹੈ।ਇਹ ਕਢਾਈ ਪੱਟ ਦੇ ਧਾਗੇ ਨਾਲ ਕੀਤੀ ਜ਼ਾਦੀ ਹੈ।

ਚੋਪ ਅਤੇ ਸੁੱਭਰ

[ਸੋਧੋ]

ਲ਼ਾਲ ਜਾਂ ਗੂੜੇ ਲਾਲ ਖੱਦਰ ਦੀ ਫੁਲਕਾਰੀ ਨੂੰ ਚੋਪ ਕਹਿੰਦੇ ਹਨ।ਇਹ ਫੁਲਕਾਰੀ ਆਮ ਤੌਰ ਉੱਤੇਨਾਨਕੇ ਦਿੰਦੇ ਹਨ।ਇਸ ਫੁਲਕਾਰੀ ਵਿੱਚ ਕੰਨੀਆਂ ਉੱਤੇ ਕਢਾਈ ਕੀਤੀ ਜ਼ਾਦੀ ਹੈ।ਸੁੱਭਰ ਵੀ ਲਾਲ ਸ਼ਗਨਾ ਦਾ ਕਪੜਾ ਹੁੰਦਾ ਹੈ ਜਿਸ ਦੇ ਚਾਰੇ ਕੋਨੇ ਕੱਢੇ ਜ਼ਾਦੇ ਹਨ।ਲਾਲ ਜਾਂ ਗੂੜੇ ਲਾਲ ਖੱਦਰ ਦੀ ਫੁਲਕਾਰੀ ਨੂੰ ਸਾਲੂ ਵੀ ਕਹਿੰਦੇ ਹਨ।

ਨੀਲਕ

[ਸੋਧੋ]

ਕਾਲੇ ਜਾਂ ਨੀਲੇ ਰੰਗ ਦੇ ਖੱਦਰ ਉੱਤੇ ਪੀਲੇ ਤੇ ਲਾਲ ਰੇਸ਼ਮ ਦੀ ਕਢਾਈ ਕੀਤੀ ਜ਼ਾਦੀ ਹੈ।ਇਸਨੂੰ ਨੀਲਕ ਕਿਹਾ ਜ਼ਾਦਾ ਹੈ।

ਤਿਲ ਪੱਤਰਾ

[ਸੋਧੋ]

ਸਭ ਤੌ ਸਸਤੀ ਅਤੇ ਘਟੀਆ ਕਢਾਈ ਵਾਲੀ ਫੁਲਕਾਰੀ ਨੂੰ ਤਿਲ ਪੱਤਰਾ ਕਹਿੰਦੇ ਹਨ।ਬਹੁਤੇ ਲੋਕ ਇਸਨੂੰ ਆਪ ਰੀਝ ਨਾਲ ਨਹੀਂ ਕਢਦੇ ਸਗੌ ਬਗਾਰ ਤੇ ਕਢਾਈ ਕਰਾਈ ਜ਼ਾਦੀ ਹੈ।ਇਹਨਾਂ ਉੱਪਰ ਛਿੱਦੇ ਛਿੱਦੇ ਤੋਪੇ ਭਰੇ ਹੁੰਦੇ ਹਨ।ਜਿਨਾਂ ਨੂੰ ਲੋਕ ਬੋਲੀ ਵਿੱਚ ਸੜੋਪੇ ਕਿਹਾ ਜ਼ਾਦਾ ਹੈ।ਇਹ ਫੁਲਕਾਰੀਆਂ ਵਿਆਹ ਜਾਂ ਹੋਰ ਰਸਮਾਂ ਸਮੇਂ ਲਾਗੀਆਂ ਨੂੰ ਦਿੱਤੀਆ ਜ਼ਾਦੀਆ ਹਨ।[4]

ਛਮਾਸ

[ਸੋਧੋ]

ਛਮਾਸ ਫੁਲਕਾਰੀ ਹਰਿਆਣੇ ਅਤੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਵਿੱਚ ਪ੍ਰਚਲਤ ਰਹੀ ਹੈ।ਇਸ ਉੱਪਰ ਸ਼ੀਸ਼ੇ ਫੁਲਕਾਰੀ ਲਾਏ ਜ਼ਾਦੇ ਹਨ।

ਘੁੰਗਟਬਾਟ

[ਸੋਧੋ]

ਇਸ ਤਰਾਂ ਦੀ ਫੁਲਕਾਰੀ ਵਿੱਚ ਸਿਰ ਵਾਲੇ ਹਿੱਸੇ ਉੱਪਰ ਤਿਕੋਨੀ ਕਢਾਈ ਕੀਤੀ ਜ਼ਾਦੀ ਹੈ।ਇਸ ਵਿੱਚ ਗੋਟੇ ਦੀ ਵੀ ਵਰਤੌਂ ਵੀ ਕੀਤੀ ਜ਼ਾਦੀ ਹੈ।

ਅੱਜ ਦਾ ਸਮਾਂ

[ਸੋਧੋ]

ਰੀਝਾਂ ਦੀ ਤਰਜਮਾਨੀ ਕਰਦਾ ਕਲਾ ਦਾ ਇਹ ਰੂਪ ਲੋਪ ਹੋ ਰਿਹਾ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਲੋਕਾਂ ਕੋਲ ਫੁਲਕਾਰੀ ਕੱਢਣ ਦੀ ਵਿਹਲ ਨਹੀਂ। ਹੁਣ ਮਸ਼ੀਨਾਂ ਦੇ ਬਣੇ ਸ਼ਾਲ, ਚਾਦਰਾਂ ਘਰ-ਘਰ ਆ ਚੁੱਕੀਆਂ ਹਨ। ਇਸ ਕਲਾ ਦੇ ਇਸ ਰੂਪ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ ਤਾਂ ਜੋ ਰੀਝਾਂ ਦੀ ਫੁਲਕਾਰੀ ਮੁੜ ਦੁਬਾਰਾ ਸ਼ਿੰਗਾਰ ਦਾ ਆਧਾਰ ਬਣ ਜਾਵੇ।

ਹਵਾਲੇ

[ਸੋਧੋ]
  1. "SPIRIT OF ENTERPRISE: Crafting an artistic future". The Tribune. December 1, 2002.
  2. Naik, p. 103
  3. ਸ਼ੋਹਿਦਰ ਸਿੰਘ ਬੇਦੀ, ਪੰਜਾਬ ਦੀ ਲੋਕਧਾਰਾ,ਨੈਸ਼ਨਲ ਬੁੱਕ ਟਰੱਸਟ,ਦਿੱਲੀ
  4. ਭੁਪਿੰਦਰ ਸਿੰਘ ਖਹਿਰਾ,ਲੋਕਧਾਰਾ ਭਾਸ਼ਾ ਤੇ ਸਭਿਆਚਾਰ,ਪੈਪਸੂ ਬੁੱਕ ਡਿਪੂ,ਪਟਿਆਲਾ

ਬਾਹਰੀ ਕੜੀਆਂ

[ਸੋਧੋ]