ਡਾ: ਮਾਧਵ ਸ਼੍ਰੀਹਰੀ ਅਣੇ (29 ਅਗਸਤ 1880 - 26 ਜਨਵਰੀ 1968) ; ਲੋਕਨਾਇਕ ਬਾਪੂ ਜੀ ਅਣੇ ਜਾਂ ਬਾਪੂ ਜੀ ਅਣੇ ਦੇ ਤੌਰ ਤੇ ਜਾਣਿਆ ਜਾਂਦਾ, ਇੱਕ ਪ੍ਰਪੱਕ ਵਿਦਵਾਨ, ਸੁਤੰਤਰਤਾ ਸੈਨਾਨੀ, ਨੀਤੀਵੇਤਾ, ਇੱਕ ਆਧੁਨਿਕ ਸੰਸਕ੍ਰਿਤ ਕਵੀ ਅਤੇ ਇੱਕ ਸਿਆਸਤਦਾਨ ਸੀ। ਉਸਨੂੰ " ਲੋਕਨਾਇਕ ਬਾਪੂਜੀ " ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ, ਜਿਸਦਾ ਅਰਥ ਹੈ "ਲੋਕ ਆਗੂ ਅਤੇ ਸਤਿਕਾਰਯੋਗ ਪਿਤਾ"।[1] ਉਹ ਕਾਂਗਰਸ ਨੈਸ਼ਨਲਿਸਟ ਪਾਰਟੀ ਦਾ ਸੰਸਥਾਪਕ ਸੀ। ਉਹ ਲੋਕਮਾਨਯ ਤਿਲਕ ਦੇ ਉੱਘੇ ਚੇਲਿਆਂ ਵਿੱਚ ਸਭ ਤੋਂ ਉਪਰਲਿਆਂ ਵਿੱਚ ਸੀ। ਦੂਸਰੇ ਸਨ; ਐਨ ਸੀ ਕੇਲਕਰ, ਕਾਕਾ ਸਾਹਿਬ ਖਾਡਿਲਕਰ, ਗੰਗਾਧਰ ਦੇਸ਼ਪਾਂਡੇ, ਡਾ ਬੀ.ਐਸ. ਮੁੰਜੇ, ਅਭਿਆਂਕਰ, ਟੀ ਪਰਾਂਜਪੇ ਅਤੇ ਵਮਨ ਮਲਹਾਰ ਜੋਸ਼ੀ, ਜੋ ਤਿਲਕ ਦੀ ਪੈੜ ਤੇ ਚੱਲੇ।[2] ਬਾਲ ਗੰਗਾਧਰ ਤਿਲਕ ਦੀ ਮੌਤ ਤੋਂ ਬਾਅਦ ਉਸ ਨੇ ਮਹਾਤਮਾ ਗਾਂਧੀ ਦੀ ਅਗਵਾਈ ਨੂੰ ਸਵੀਕਾਰ ਕਰ ਲਿਆ। ਅਣੇ ਨੇ ਆਪਣੇ ਸਾਥੀਆਂ ਨੂੰ ਕੰਧ ਤੇ ਲਿਖਿਆ ਵੇਖ ਲੈਣ ਲਈ ਪ੍ਰੇਰਿਆ। ਉਸੇ ਸਮੇਂ ਉਹ ਆਪਣੀ ਵਫ਼ਾਦਾਰੀ ਵਿੱਚ ਅੰਨ੍ਹਾ ਨਹੀਂ ਸੀ। ਉਸ ਨੇ ਖ਼ਿਲਾਫ਼ਤ ਅੰਦੋਲਨ ਵਿੱਚ ਸ਼ਾਮਲ ਹੋ ਰਹੀ ਕਾਂਗਰਸ ਨੂੰ ਨਕਾਰਿਆ ਅਤੇ ਕੌਮੀ ਹਿੱਤਾਂ ਦੀ ਕੀਮਤ ਤੇ ਮੁਸਲਮਾਨਾਂ ਪ੍ਰਤ ਜ਼ਿਆਦਾ ਹੇਜ ਜਤਾਉਣ ਦੇ ਖ਼ਿਲਾਫ਼ ਚੇਤਾਵਨੀ ਦਿੱਤੀ। ਉਹ ਕਿਸੇ ਵੀ ਕੀਮਤ ਤੇ ਬਣਾਈ ਏਕਤਾ ਨੂੰ ਛਲਾਵਾ ਅਤੇ ਖ਼ਤਰਨਾਕ ਮੰਨਦਾ ਸੀ, ਕਿਉਂਕਿ ਘੱਟਗਿਣਤੀਆਂ ਲਈ ਸਰਬੋਤਮ ਰਾਖੀ ਬਹੁਗਿਣਤੀ ਦੀ ਸਦਭਾਵਨਾ ਸੀ। ਉਸਨੇ ਆਪਣੀਆਂ ਆਲੋਚਨਾਤਮਕ ਪ੍ਰਵਿਰਤੀਆਂ ਨੂੰ ਭਾਵਨਾ ਦੁਆਰਾ ਕੜੇ ਧੁੰਦਲਾ ਨਹੀਂ ਹੋਣ ਦਿੱਤਾ। ਮਹਾਤਮਾ ਗਾਂਧੀ ਉਸਦੇ ਸ਼ਾਂਤ ਤਰਕ ਦੀ ਪ੍ਰਸ਼ੰਸਾ ਕਰਦਾ ਸੀ, ਉਸ ਨਾਲ ਭੇਤਾਂ ਦੀ ਸਾਂਝ ਪਾਉਂਦਾ ਸੀ ਅਤੇ ਅਕਸਰ ਉਸ ਦੀ ਸਲਾਹ ਲੈਂਦਾ ਸੀ। ਉਸਨੂੰ ਸੁਭਾਸ਼ ਚੰਦਰ ਬੋਸ ਅਤੇ ਜਤਿੰਦਰ ਮੋਹਨ ਸੇਨਗੁਪਤਾ ਦਰਮਿਆਨ ਵਿਵਾਦਾਂ ਨੂੰ ਹੱਲ ਕਰਨ ਲਈ ਸਾਲਸ ਚੁਣਿਆ ਗਿਆ ਸੀ। ਉਹ ਕਦੇ ਵੀ ਤੋੜਣ ਵਾਲਾ ਜਾਂ ਵਿਨਾਸ਼ਕਾਰੀ ਨਹੀਂ ਸੀ ਬਲਕਿ ਹਮੇਸ਼ਾ ਜੋੜਨ ਵਾਲਾ ਕਾਰਕ ਸੀ ਜੋ ਸੰਸਲੇਸ਼ਣ ਵਿੱਚ ਵਿਸ਼ਵਾਸ ਕਰਦਾ ਸੀ ਨਾ ਕਿ ਅਲੱਗ-ਥਲੱਗ ਕਰਨ ਵਿੱਚ। [3]
ਬਾਪੂ ਜੀ ਅਣੇ ਦਾ ਜਨਮ 20 ਅਗਸਤ 1880 ਨੂੰ ਮਹਾਰਾਸ਼ਟਰ ਦੇ ਵਿਦਰਭ ਦੇ ਯਵਤਮਲ ਜ਼ਿਲੇ ਦੇ ਵਾਨੀ ਵਿਖੇ ਸੰਸਕ੍ਰਿਤ ਪੰਡਤਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਸ੍ਰੀਹਰੀ ਅਣੇ ਇੱਕ ਵਿਦਵਾਨ ਪੰਡਿਤ ਸਨ ਅਤੇ ਮਾਤਾ ਰੱਖਮਾ ਬਾਈ ਅਣੇ, ਇੱਕ ਘਰੇਲੂ ਔਰਤ। ਬਾਪੂ ਜੀ ਅਣੇ ਉਨ੍ਹਾਂ ਦੇ ਚਾਰ ਪੁੱਤਰਾਂ ਵਿਚੋਂ ਦੂਜੇ ਨੰਬਰ ‘ਤੇ ਸੀ। [4] ਉਹ ਇੱਕ ਦੇਸ਼ਸਥਾ ਬ੍ਰਾਹਮਣ ਪਰਿਵਾਰ ਵਿੱਚੋਂ ਆਇਆ ਸੀ।[5] ਕਿਹਾ ਜਾਂਦਾ ਹੈ ਕਿ ਉਸਦੇ ਪੂਰਵਜ ਤੇਲਗੂ-ਭਾਸ਼ੀ ਖੇਤਰ ਦੇ "ਅੰਨਮਰਾਜੁ" ਉਪਨਾਮ ਨਾਲ ਸਬੰਧਿਤ ਸਨ ਜੋ ਬਾਅਦ ਵਿੱਚ ਬਦਲਦਾ ਬਦਲਦਾ "ਅਣੇ" ਬਣ ਗਿਆ। ਇਸਦੀ ਜੀਵਨ ਦੇ ਸ਼ੁਰੂ ਵਿੱਚ ਵੈਦਿਕ ਅਧਿਐਨ ਦੀ ਸ਼ੁਰੂਆਤ ਹੋ ਗਈ ਸੀ ਅਤੇ ਜਲਦੀ ਹੀ ਸੰਸਕ੍ਰਿਤ ਦਾ ਗੂੜ੍ਹ ਵਿਦਵਾਨ ਬਣ ਗਿਆ। ਉਸਨੇ 1902 ਵਿੱਚ ਨਾਗਪੁਰ ਦੇ ਮੌਰਿਸ ਕਾਲਜ ਤੋਂ ਬੀ.ਏ. ਪੂਰੀ ਕੀਤੀ ਅਤੇ ਕੁਝ ਸਮੇਂ ਲਈ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਰਿਹਾ। 1907 ਵਿੱਚ ਕਲਕੱਤਾ ਯੂਨੀਵਰਸਿਟੀ ਤੋਂ ਆਪਣੀ ਲਾਅ ਦੀ ਡਿਗਰੀ ਲੈਣ ਤੋਂ ਬਾਅਦ, ਉਹ ਵਧੀਆ ਵਕਾਲਤ ਚਲਾਉਣ ਲਈ ਬਾਰ ਵਿੱਚ ਸ਼ਾਮਲ ਹੋ ਗਿਆ। ਉਹ ਮਹੀਨੇ ਵਿੱਚ ਦੋ ਹਫ਼ਤਿਆਂ ਲਈ ਅਦਾਲਤਾਂ ਵਿੱਚ ਜਾਂਦਾ ਹੁੰਦਾ ਸੀ ਅਤੇ ਬਾਕੀ ਸਮਾਂ ਜਨਤਕ ਬਚਨ-ਬਿਲਾਸ ਲਈ ਅਰਪਿਤ ਕਰਦਾ ਸੀ। [3]