ਅਨੀਤਾ ਲੋ ਇੱਕ ਅਮਰੀਕੀ ਸ਼ੈੱਫ ਅਤੇ ਰੈਸਟੋਰੇਅਰ ਹੈ। 2001 ਵਿੱਚ ਉਸਨੂੰ ਫੂਡ ਐਂਡ ਵਾਈਨ ਮੈਗਜ਼ੀਨ ਦੁਆਰਾ "ਅਮਰੀਕਾ ਵਿੱਚ ਸਭ ਤੋਂ ਵਧੀਆ ਨਵੇਂ ਸ਼ੈੱਫ" ਵਿੱਚੋਂ ਇੱਕ ਦਾ ਨਾਮ ਦਿੱਤਾ ਗਿਆ ਸੀ।[1]
ਅਨੀਤਾ ਲੋ, ਦੂਜੀ ਪੀੜ੍ਹੀ ਦੀ ਮਲੇਸ਼ੀਅਨ ਅਮਰੀਕੀ, ਬਰਮਿੰਘਮ, ਮਿਸ਼ੀਗਨ ਵਿੱਚ ਵੱਡੀ ਹੋਈ।[2]
ਉਸਨੇ ਕਨਕੋਰਡ ਅਕੈਡਮੀ ਅਤੇ ਫਿਰ ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ, ਜਿੱਥੇ ਉਸਨੇ ਫ੍ਰੈਂਚ ਸਾਹਿਤ ਵਿੱਚ ਡਿਗਰੀ ਪ੍ਰਾਪਤ ਕੀਤੀ।[3] ਕੋਲੰਬੀਆ ਵਿੱਚ ਇੱਕ ਵਿਦਿਆਰਥੀ ਹੋਣ ਦੌਰਾਨ, ਲੋ ਨੇ ਪੈਰਿਸ ਵਿੱਚ ਇਸਦੇ ਫ੍ਰੈਂਚ ਭਾਸ਼ਾ ਸੰਸਥਾਨ ਵਿੱਚ ਸਮਾਂ ਬਿਤਾਇਆ। ਇਹ ਉੱਥੇ ਸੀ, ਜਿਥੇ ਉਸਨੇ ਫ੍ਰੈਂਚ ਪਕਵਾਨਾਂ ਲਈ ਪਿਆਰ ਪੈਦਾ ਕੀਤਾ। ਕਾਲਜ ਤੋਂ ਗ੍ਰੈਜੂਏਟ ਹੋਣ ਤੋਂ ਇੱਕ ਸਾਲ ਬਾਅਦ ਉਹ ਰਸੋਈ ਸਕੂਲ ਲ'ਈਕੋਲ ਰਿਟਜ਼-ਏਸਕੋਫ਼ੀਅਰ ਵਿੱਚ ਦਾਖਲਾ ਲੈਣ ਲਈ ਵਾਪਸ ਪੈਰਿਸ ਚਲੀ ਗਈ। ਉੱਥੇ ਇੱਕ ਵਿਦਿਆਰਥੀ ਹੋਣ ਵਜੋਂ ਉਸਨੇ ਚੋਟੀ ਦੇ ਫ੍ਰੈਂਚ ਸ਼ੈੱਫ ਗਾਈ ਸੇਵੋਏ ਅਤੇ ਮਿਸ਼ੇਲ ਰੋਸਟਾਂਗ ਨਾਲ ਇੰਟਰਨ ਕੀਤਾ।[1]
ਪੈਰਿਸ ਵਿੱਚ ਕੁਲਨਰੀ ਸਕੂਲ ਨੂੰ ਪੂਰਾ ਕਰਨ ਤੋਂ ਬਾਅਦ, ਲੋ ਨਿਊਯਾਰਕ ਵਾਪਸ ਆ ਗਈ, ਜਿੱਥੇ ਉਸਨੇ ਚੈਨਟੇਰੇਲ, ਕੈਨ, ਇੱਕ ਫ੍ਰੈਂਚ-ਵੀਅਤਨਾਮੀ ਰੈਸਟੋਰੈਂਟ ਅਤੇ ਮੈਕਸਿਮਜ਼ ਸਮੇਤ ਕਈ ਰੈਸਟੋਰੈਂਟਾਂ ਵਿੱਚ ਕੰਮ ਕੀਤਾ। ਫਿਰ ਉਹ ਮਿਰੇਜ਼ੀ ਰੈਸਟੋਰੈਂਟ ਚਲੀ ਗਈ, ਜਿੱਥੇ ਉਸਨੇ ਦ ਨਿਊਯਾਰਕ ਟਾਈਮਜ਼ ਤੋਂ ਰੂਥ ਰੀਚਲ ਸਮੇਤ ਰੈਸਟੋਰੈਂਟ ਆਲੋਚਕਾਂ ਦੀਆਂ ਸੁਰਖੀਆਂ ਅਤੇ ਸਮੀਖਿਆਵਾਂ ਪ੍ਰਾਪਤ ਕੀਤੀਆਂ।[4]
2000 ਵਿੱਚ ਅਨੀਤਾ ਲੋ ਅਤੇ ਉਸਦੀ ਵਪਾਰਕ ਭਾਈਵਾਲ ਜੈਨੀਫਰ ਸਕਿਸਮ ਨੇ ਨਿਊਯਾਰਕ ਦੇ ਗ੍ਰੀਨਵਿਚ ਵਿਲੇਜ ਵਿੱਚ ਅਨੀਸਾ ਨੂੰ ਖੋਲ੍ਹਿਆ। ਅਨੀਸਾ ਨੇ ਦ ਨਿਊਯਾਰਕ ਟਾਈਮਜ਼ ਤੋਂ ਦੋ-ਸਿਤਾਰਾ ਸਮੀਖਿਆ ਪ੍ਰਾਪਤ ਕੀਤੀ, ਲੋ ਨੂੰ ਫੂਡ ਐਂਡ ਵਾਈਨ ਮੈਗਜ਼ੀਨ ਦੀ ਦਸ "ਅਮਰੀਕਾ ਵਿੱਚ ਸਰਬੋਤਮ ਨਵੇਂ ਸ਼ੈੱਫ" ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ, ਅਤੇ ਦ ਵਿਲੇਜ ਵਾਇਸ ਨੇ ਉਸਨੂੰ "ਬੈਸਟ ਨਿਊ ਰੈਸਟੋਰੈਂਟ ਸ਼ੈੱਫ" ਦਾ ਨਾਮ ਦਿੱਤਾ ਸੀ।[4] 2006 ਵਿੱਚ ਅਨੀਸਾ ਨੂੰ ਨਿਊਯਾਰਕ ਸਿਟੀ ਲਈ ਪਹਿਲੀ ਮਿਸ਼ੇਲਿਨ ਗਾਈਡ ਵਿੱਚ ਇੱਕ ਮਿਸ਼ੇਲਿਨ ਸਟਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[5]
2005 ਵਿੱਚ ਅਨੀਤਾ ਲੋ ਨੇ ਰਿਕਸ਼ਾ ਦੀ ਸਹਿ-ਸਥਾਪਨਾ ਕੀਤੀ, ਜੋ ਨਿਊਯਾਰਕ ਸ਼ਹਿਰ ਵਿੱਚ ਕਈ ਸਥਾਨਾਂ ਨਾਲ ਇੱਕ ਡੰਪਲਿੰਗ ਬਾਰ ਹੈ। ਉਸਨੇ 2010 ਵਿੱਚ ਰਿਕਸ਼ਾ ਛੱਡ ਦਿੱਤਾ, ਇਹ ਕਹਿੰਦੇ ਹੋਏ ਕਿ ਉਹ ਹਾਲ ਹੀ ਵਿੱਚ ਦੁਬਾਰਾ ਖੋਲ੍ਹੀ ਗਈ ਅਨੀਸਾ ਅਤੇ ਉਸਦੇ ਹੋਰ ਪੇਸ਼ੇਵਰ ਹਿੱਤਾਂ ਲਈ ਵਧੇਰੇ ਸਮਾਂ ਦੇਣਾ ਚਾਹੁੰਦੀ ਸੀ।[6] 2008 ਵਿੱਚ ਉਸਨੇ ਗ੍ਰੀਨਵਿਚ ਵਿਲੇਜ ਵਿੱਚ ਬਾਰ ਕਿਊ, ਇੱਕ ਬਾਰਬਿਕਯੂ-ਏਸ਼ੀਅਨ ਫਿਊਜ਼ਨ ਰੈਸਟੋਰੈਂਟ ਖੋਲ੍ਹਿਆ। ਬਾਰ ਕਿਊ ਨੂੰ ਭੋਜਨ ਦੀਆਂ ਅਨੁਕੂਲ ਸਮੀਖਿਆਵਾਂ ਪ੍ਰਾਪਤ ਹੋਈਆਂ ਪਰ ਸੇਵਾ ਲਈ ਕੁਝ ਨਾਜ਼ੁਕ ਸਮੀਖਿਆਵਾਂ ਅਤੇ ਆਂਢ-ਗੁਆਂਢ ਦੇ ਨਿਵਾਸੀਆਂ ਵੱਲੋਂ ਚੰਗਾ ਹੁੰਗਾਰਾ ਨਾ ਮਿਲ ਸਕਿਆ। ਦਸ ਮਹੀਨਿਆਂ ਬਾਅਦ ਬੰਦ ਹੋ ਗਿਆ।
4 ਜੁਲਾਈ 2009 ਨੂੰ ਅਨੀਸਾ ਅੱਗ ਨਾਲ ਤਬਾਹ ਹੋ ਗਿਆ। ਰੈਸਟੋਰੈਂਟ ਅਪ੍ਰੈਲ 2010 ਵਿੱਚ ਉਸੇ ਸਥਾਨ 'ਤੇ ਦੁਬਾਰਾ ਖੁੱਲ੍ਹਿਆ।[7] ਦੁਬਾਰਾ ਖੋਲ੍ਹੇ ਗਏ ਰੈਸਟੋਰੈਂਟ ਦੀ ਨਿਊਯਾਰਕ ਟਾਈਮਜ਼ ਦੁਆਰਾ ਦੁਬਾਰਾ ਸਮੀਖਿਆ ਕੀਤੀ ਗਈ ਅਤੇ ਦੁਬਾਰਾ ਦੋ ਸਿਤਾਰੇ ਪ੍ਰਾਪਤ ਹੋਏ।[8] ਸਕਾਈਜ਼ਮ ਨੇ ਵੀ ਅਨੀਸਾ ਨੂੰ ਜੂਨ 2010 ਵਿੱਚ ਛੱਡ ਦਿੱਤਾ, ਲੋ ਨੂੰ ਇਕੱਲਿਆ ਇਸ 'ਤੇ ਕੰਮ ਕਰਨਾ ਪਿਆ। 2011 ਵਿੱਚ ਇਤਿਹਾਸਕ ਸੰਭਾਲ ਲਈ ਗ੍ਰੀਨਵਿਚ ਵਿਲੇਜ ਸੋਸਾਇਟੀ ਨੇ ਵਿਲੇਜ ਅਵਾਰਡ ਨਾਲ ਰੈਸਟੋਰੈਂਟ ਦੀ ਉੱਤਮਤਾ ਨੂੰ ਮਾਨਤਾ ਦਿੱਤੀ।[9] ਅਨੀਸਾ ਨੂੰ 2014 ਵਿੱਚ ਨਿਊਯਾਰਕ ਟਾਈਮਜ਼ ਤੋਂ ਤਿੰਨ ਸਟਾਰ ਮਿਲੇ ਸਨ।[10]
2015 ਵਿੱਚ ਅਨੀਤਾ ਲੋ ਵ੍ਹਾਈਟ ਹਾਊਸ ਵਿੱਚ ਸਟੇਟ ਡਿਨਰ ਲਈ ਖਾਣਾ ਬਣਾਉਣ ਵਾਲੀ ਪਹਿਲੀ ਮਹਿਲਾ ਗੈਸਟ ਸ਼ੈੱਫ ਸੀ। ਉਸਨੇ ਦੌਰੇ 'ਤੇ ਆਏ ਚੀਨੀ ਰਾਸ਼ਟਰਪਤੀ, ਸ਼ੀ ਜਿਨਪਿੰਗ ਅਤੇ ਉਸਦੀ ਪਤਨੀ ਪੇਂਗ ਲਿਯੁਆਨ ਲਈ 4 ਕੋਰਸ ਦਾ ਭੋਜਨ ਤਿਆਰ ਕੀਤਾ। ਮਈ 2017 ਵਿੱਚ 17 ਸਾਲਾਂ ਦੇ ਕਾਰੋਬਾਰ ਤੋਂ ਬਾਅਦ, ਉਸਨੇ ਰੀਅਲ ਅਸਟੇਟ ਟੈਕਸਾਂ ਅਤੇ ਘੱਟੋ-ਘੱਟ ਉਜਰਤਾਂ ਦੇ ਲਗਾਤਾਰ ਵਾਧੇ ਕਾਰਨ ਵਿੱਤੀ ਆਧਾਰ 'ਤੇ ਅਨੀਸਾ ਨੂੰ ਬੰਦ ਕਰ ਦਿੱਤਾ।[11][12]