ਅਬਰਾਹਿਮ ਕਾਵੂਰ |
---|
ਡਾ. ਅਬਰਾਹਿਮ ਕਾਵੂਰ(10 ਅਪਰੈਲ 1889- 18 ਸਤੰਬਰ, 1978)ਦਾ ਜਨਮ ਕੇਰਲਾ ਦੇ ਸ਼ਹਿਰ ਤਿਰੂਵਾਲਾ ਵਿਖੇ ਹੋਇਆ ਸੀ। ਉਸ ਦੇ ਪਿਤਾ ਰੈਵ ਕਾਵੂਰ ਇੱਕ ਗਿਰਜੇ ਦੇ ਪਾਦਰੀ ਸਨ। ਘਰ ਵਿੱਚ ਈਸਾਈ ਧਰਮ ਦਾ ਬੋਲਬਾਲਾ ਸੀ। ਹਰ ਆਉਣ ਵਾਲਾ ਮਹਿਮਾਨ ਭੇਟ ਵਜੋਂ ਬਾਈਬਲ ਦੇ ਕੁਝ ਸਲੋਕ ਲੈ ਕੇ ਹਾਜ਼ਰ ਹੁੰਦਾ ਅਤੇ ਜਾਣ ਸਮੇਂ ਵੀ ਬਾਈਬਲ ਦੀਆਂ ਸਿੱਖਿਆਵਾਂ ਹੀ ਉਸ ਨਾਲ ਹੁੰਦੀਆਂ।
ਹੁਣ ਸੁਆਲ ਇਹ ਖੜ੍ਹਾ ਹੁੰਦਾ ਹੈ ਕਿ ਗਿਰਜੇ ਦੇ ਪਾਦਰੀ ਦਾ ਪੁੱਤਰ ਅਬਰਾਹਿਮ ਕਾਵੂਰ ਜਿਸ ਨੂੰ ਗੁੜ੍ਹਤੀ ਵੀ ਈਸਾਈ ਧਰਮ ਦੀ ਮਿਲੀ ਸੀ, ਉਹ ਤਰਕਸ਼ੀਲ ਲਹਿਰ ਦਾ ਮੋਢੀ ਕਿਵੇਂ ਬਣ ਗਿਆ? ਡਾ. ਕਾਵੂਰ ਦੀਆਂ ਪੁਸਤਕਾਂ ਦੇ ਅਨੁਵਾਦ ਕਰਨ ਲੱਗਿਆਂ ਮੈਂ ਉਸ ਦੇ ਜੀਵਨ ਵਿੱਚ ਵਾਪਰੀਆਂ ਕੁਝ ਵਿਸ਼ੇਸ਼ ਘਟਨਾਵਾਂ ਦਾ ਅਧਿਐਨ ਕੀਤਾ ਅਤੇ ਇਸ ਨਤੀਜੇ ‘ਤੇ ਪੁੱਜਿਆ ਕਿ ਹੇਠ ਲਿਖੀਆਂ ਘਟਨਾਵਾਂ ਨੇ ਕਾਵੂਰ ਨੂੰ ਤਰਕ ਨਾਲ ਜ਼ਿੰਦਗੀ ਜਿਉਣਾ ਸਿਖਾਇਆ ਸੀ।
ਡਾ. ਅਬਰਾਹਿਮ ਕਾਵੂਰ ਅਤੇ ਉਸ ਦੇ ਭਰਾ ਬਹਿਨਾਨ ਕਾਵੂਰ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਤਿਰੂਵਾਲਾ ਛੱਡ ਕੇ 1921 ਤੋਂ 1924 ਤਕ ਕੋਲਕਾਤਾ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨੀ ਪਈ। ਕੋਲਕਾਤਾ ਗੰਗਾ ਕਿਨਾਰੇ ਵਸਿਆ ਸ਼ਹਿਰ ਹੈ। ਇਸ ਲਈ ਕੇਰਲਾ ਦੇ ਵਸਨੀਕ ਇਨ੍ਹਾਂ ਵਿਦਿਆਰਥੀਆਂ ਨੂੰ ਸ਼ਰਧਾ ਦੀ ਨਜ਼ਰ ਨਾਲ ਵੇਖਦੇ ਸਨ ਕਿ ਇਹ ਕਿੰਨੇ ਭਾਗਾਂ ਵਾਲੇ ਹਨ ਜਿਹਨਾਂ ਨੂੰ ਗੰਗਾ ਵਿੱਚ ਇਸ਼ਨਾਨ ਕਰਨ ਦਾ ਮੌਕਾ ਮਿਲਦਾ ਹੈ ਪਰ ਜਦੋਂ ਕਾਵੂਰ ਗੰਗਾ ਵਿੱਚ ਇਸ਼ਨਾਨ ਕਰਦਾ ਹੈ ਤਾਂ ਇੱਕ ਮਨੁੱਖੀ ਮ੍ਰਿਤਕ ਦੇਹ ਦਾ ਜੁਦਾ ਹੋਇਆ ਹੱਥ ਉਸ ਦੇ ਸਿਰ ਨਾਲ ਆ ਛੂੰਹਦਾ ਹੈ। ਦਰਅਸਲ, ਬਹੁਤ ਸਾਰੇ ਹਿੰਦੂ ਆਪਣੇ ਮ੍ਰਿਤਕ ਮੈਂਬਰਾਂ ਦਾ ਕ੍ਰਿਆ ਕਰਮ ਕਰਨ ਲਈ ਉਸ ਦੇ ਮ੍ਰਿਤਕ ਸਰੀਰ ਨੂੰ ਗੰਗਾ ਵਿੱਚ ਰੋੜ੍ਹ ਦਿੰਦੇ ਸਨ। ਡਾ. ਅਬਰਾਹਿਮ ਕਾਵੂਰ ਵੇਖਦਾ ਹੈ ਕਿ ਕਿਵੇਂ ਗੰਗਾ ਵਿੱਚ ਮ੍ਰਿਤਕਾਂ ਦੀਆਂ ਦੇਹਾਂ ਆ ਕੇ ਪਾਣੀ ਨੂੰ ਗੰਦਾ ਕਰਦੀਆਂ ਹਨ। ਇਸ ਲਈ ਉਹ ਫ਼ੈਸਲਾ ਕਰਦਾ ਹੈ ਕਿ ਉਹ ਆਪਣੇ ਸ਼ਹਿਰ ਵਾਸੀਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਲਈ ਇਸ ਪਾਣੀ ਦੀਆਂ ਬੋਤਲਾਂ ਨਹੀਂ ਲੈ ਕੇ ਜਾਵੇਗਾ। ਗੰਗਾ ਦੇ ਪਾਣੀ ਦੀ ਬਜਾਏ ਉਹ ਆਪਣੇ ਸ਼ਹਿਰ ਦੇ ਨਜ਼ਦੀਕੀ ਰੇਲਵੇ ਸਟੇਸ਼ਨ ਤੋਂ ਭਰੀਆਂ ਬੋਤਲਾਂ ਦਾ ਪਾਣੀ ਹੀ ਉਹਨਾਂ ਨੂੰ ਦੇ ਦਿੰਦਾ ਹੈ। ਅਗਲੇ ਸਾਲ ਉਹ ਇਸ ਪਾਣੀ ਨਾਲ ਠੀਕ ਹੋਏ ਵਿਅਕਤੀਆਂ ਦੇ ਚਮਤਕਾਰਾਂ ਦੇ ਕਿੱਸੇ ਸੁਣਦਾ ਹੈ। ਇਸ ਤਰ੍ਹਾਂ ਦਰਸਾਈਆਂ ਕਰਾਮਾਤਾਂ ਦੀਆਂ ਕਹਾਣੀਆਂ ਉਸ ਦੇ ਮਨ ਵਿੱਚ ਸੁਆਲ ਖੜ੍ਹੇ ਕਰਦੀਆਂ ਹਨ। ਉਂਜ ਵੀ ਕੇਰਲਾ ਦੀਆਂ ਪਵਿੱਤਰ ਰਸਮਾਂ ਅਤੇ ਬੁਰੇ ਸ਼ਗਨਾਂ ਦਾ ਕਲਕੱਤੇ ਦੇ ਸ਼ੁਭ ਮਹੂਰਤਾਂ ਅਤੇ ਸ਼ੁਭ ਲਗਨਾਂ ਨਾਲੋਂ ਹਜ਼ਾਰਾਂ ਗੁਣਾਂ ਦਾ ਵਖਰੇਵਾਂ ਵੀ ਉਸ ਦੇ ਮਨ ਵਿੱਚ ਸ਼ੰਕੇ ਉਪਜਾਉਂਦਾ। ਜਦੋਂ ਕਿਸੇ ਵੀ ਵਿਅਕਤੀ ਦੇ ਮਨ ਵਿੱਚ ਸੁਆਲ ਖੜ੍ਹੇ ਹੋਣੇ ਸ਼ੁਰੂ ਹੋ ਜਾਣ ਤਾਂ ਉਹ ਆਪਣੀਆਂ ਪੰਜਾਂ ਗਿਆਨ ਇੰਦਰੀਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਹੈ। ਉਹ ਅੱਖਾਂ ਨਾਲ ਵੇਖਦਾ ਹੈ, ਕੰਨਾਂ ਨਾਲ ਸੁਣਦਾ ਹੈ, ਸੁਗੰਧ-ਦੁਰਗੰਧ ਨੂੰ ਨੱਕ ਨਾਲ ਸੁੰਘਦਾ ਹੈ। ਚਮੜੀ ਨਾਲ ਮਹਿਸੂਸ ਕਰਦਾ ਅਤੇ ਜੀਭ ਨਾਲ ਸੁਆਦ ਵੀ ਚੱਖਦਾ ਹੈ। ਇਹ ਸਾਰੇ ਸੰਵੇਦੀ ਅਨੁਭਵ ਕਿਸੇ ਵੀ ਸੰਵੇਦਨਸ਼ੀਲ ਵਿਅਕਤੀ ਦੀ ਸੋਚ ਵਿੱਚ ਤਬਦੀਲੀ ਦਾ ਕਾਰਨ ਬਣਦੇ ਹਨ। ਇਸ ਤਰ੍ਹਾਂ ਲੋਕਾਂ ਵੱਲੋਂ ਸੁਣਾਈਆਂ ਜਾਂਦੀਆਂ ਕਰਾਮਾਤੀ ਗੱਲਾਂ ਪ੍ਰਤੀ ਉਸ ਦੀ ਪਹੁੰਚ ਵਿਗਿਆਨਕ ਬਣਦੀ ਗਈ। ਸੋਚਾਂ ਵਿੱਚ ਡੁੱਬੇ ਕਾਵੂਰ ਨੇ ਤਿਰੂਵਾਲਾ ਦੀਆਂ ਸੜਕਾਂ ਉੱਤੇ ਹਾਏ-ਹੱਲਾ ਕਰਦੇ ਨਬੰੂਦਰੀ ਬ੍ਰਾਹਮਣਾਂ ਨੂੰ ਜਦੋਂ ਵੇਖਿਆ ਤਾਂ ਉਸ ਦੀਆਂ ਕਲਪਨਾਵਾਂ ਦੀ ਲੜੀ ਟੁੱਟ ਗਈ। ਇਹ ਬ੍ਰਾਹਮਣ ਇਹ ਰੌਲਾ ਇਸ ਲਈ ਪਾਉਂਦੇ ਸਨ ਤਾਂ ਜੋ ਕੋਈ ਨੀਵੀਂ ਜਾਤੀ ਦਾ ਆਦਮੀ ਉਹਨਾਂ ਨੂੰ ਛੂਹ ਨਾ ਜਾਵੇ ਜਿਸ ਕਾਰਨ ਉਹ ਭਿੱਟੇ ਜਾ ਸਕਦੇ ਸਨ। ਅਜਿਹੀ ਘਟਨਾ ਦਾ ਵਰਨਣ ਕਰਦਿਆਂ ਡਾ. ਕਾਵੂਰ ਨੇ ਆਪਣੀ ਕਿਤਾਬ ‘ਦੇਵ ਦੈਂਤ ਤੇ ਰੂਹਾਂ’ ਵਿੱਚ ਲਿਖਿਆ ਹੈ ਕਿ ਇੱਕ ਵਾਰ ਉਹ ਨਦੀ ਪਾਰ ਕਰਨ ਲਈ ਕਿਸ਼ਤੀ ਵਿੱਚ ਜਾਣ ਦੀ ਸੋਚ ਰਿਹਾ ਸੀ ਤਾਂ ਇੱਕ ਵੱਡਾ ਨਬੂੰਦਰੀ ਬ੍ਰਾਹਮਣ ਕਿਸ਼ਤੀ ਵਿੱਚ ਸਵਾਰ ਹੋ ਗਿਆ ਅਤੇ ਉਸ ਨੂੰ ਕਿਸ਼ਤੀ ਚਲਾਉਣ ਲਈ ਕਹਿਣ ਲੱਗਿਆ ਪਰ ਕਾਵੂਰ ਨੇ ਆਪਣੇ ਸਹਿਯੋਗੀ ਕੁਨਹੀਰਾਮਨ ਨੂੰ ਧੱਕੇ ਨਾਲ ਬਿਠਾ ਕੇ ਕਿਸ਼ਤੀ ਰੇੜ੍ਹਨ ਲਈ ਕਹਿ ਦਿੱਤਾ। ਇੱਕ ਅਛੂਤ ਨੂੰ ਕਿਸ਼ਤੀ ਚਲਾਉਂਦਿਆਂ ਵੇਖ ਕੇ ਨਬੂੰਦਰੀ ਨੇ ਕਿਸ਼ਤੀ ਵਿੱਚੋਂ ਛਾਲ ਮਾਰ ਦਿੱਤੀ। ਉਹ ਤੈਰਨਾ ਨਹੀਂ ਸੀ ਜਾਣਦਾ ਜਿਸ ਕਰ ਕੇ ਉਹ ਡੁੱਬਣ ਲੱਗਿਆ। ਜਦੋਂ ਕੁਨਹੀਰਾਮਨ ਨੇ ਉਸ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਤਾਂ ਉਸ ਨੇ ਬਹੁਤ ਸ਼ਰਮਿੰਦਗੀ ਮਹਿਸੂਸ ਕੀਤੀ। ਬਚਪਨ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਨੇ ਕਾਵੂਰ ਦੀ ਸੋਚ ਨੂੰ ਜਾਤ-ਪਾਤ ਰਹਿਤ ਕਰ ਦਿੱਤਾ ਸੀ।
1928 ਵਿੱਚ ਡਾ. ਅਬਰਾਹਿਮ ਕਾਵੂਰ ਨੇ ਸੈਂਟਰਲ ਕਾਲਜ ਜਾਫਨਾ ਵਿੱਚ ਬਤੌਰ ਲੈਕਚਰਾਰ ਨੌਕਰੀ ਸ਼ੁਰੂ ਕੀਤੀ। ਪਹਿਲੇ ਹੀ ਦਿਨ ਕਾਲਜ ਵਿੱਚ ਮੀਂਹ ਪਵਾਉਣ ਲਈ ਪ੍ਰਾਰਥਨਾ ਕੀਤੀ ਗਈ ਜਿਸ ਵਿੱਚ ਸਾਰੇ ਪ੍ਰੋਫੈਸਰ ਅਤੇ ਵਿਦਿਆਰਥੀ ਇਕੱਠੇ ਹੋਏ ਸਨ। ਭੋਜਨ ਕਰਨ ਸਮੇਂ ਜਦੋਂ ਕਾਵੂਰ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਪੁੱਛਿਆ ਕਿ ਬਰਸਾਤ ਕਿਵੇਂ ਹੁੰਦੀ ਹੈ, ਤਾਂ ਉਹ ਕਹਿਣ ਲੱਗਿਆ ਕਿ ਤਾਪਮਾਨ, ਹਵਾ ਦੀ ਦਿਸ਼ਾ, ਹਵਾ ਦੇ ਦਬਾਉ ਅਤੇ ਨਮੀ ਤੇ ਬੱਦਲਾਂ ਦੀ ਉਪਲਬਧੀ ਆਦਿ ਕਾਰਨ ਹੁੰਦੇ ਹਨ ਜੋ ਬਰਸਾਤ ਪਵਾਉਂਦੇ ਹਨ। ਉਹਾਂ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਤੁਸੀਂ ਇਨ੍ਹਾਂ ਕਾਰਨਾਂ ਵਿੱਚ ਪ੍ਰਾਰਥਨਾ ਨੂੰ ਸ਼ਾਮਲ ਨਹੀਂ ਕੀਤਾ। ਕੀ ਇਸ ਦਾ ਵੀ ਕੋਈ ਰੋਲ ਹੁੰਦਾ ਹੈ?” ਪ੍ਰਿੰਸੀਪਲ ਸਾਹਿਬ ਕਹਿਣ ਲੱਗੇ,”ਕਾਵੂਰ ਤੂੰ ਮੈਨੂੰ ਇਸ ਨੁਕਤੇ ‘ਤੇ ਫਸਾ ਲਿਆ ਹੈ। ਛੱਡ ਆਪਾਂ ਭੋਜਨ ਖਾਣ ਵੱਲ ਧਿਆਨ ਦੇਈਏ।” ਇਸ ਤਰ੍ਹਾਂ ਹੀ ਇਸੇ ਕਾਲਜ ਵਿੱਚ ਇੱਕ ਹੋਰ ਘਟਨਾ ਨੇ ਕਾਵੂਰ ਨੂੰ ਜ਼ਿੰਦਗੀ ਪ੍ਰਤੀ ਆਪਣੀ ਸੋਚ ਨੂੰ ਪ੍ਰਸਾਰਨ ਪ੍ਰਤੀ ਚੌਕਸ ਕੀਤਾ। ਹੋਇਆ ਇੰਜ ਕਿ ਬਨਸਪਤੀ ਵਿਗਿਆਨ ਪੜ੍ਹਾਉਣ ਨਾਲ-ਨਾਲ ਉਸ ਨੂੰ ਵੱਡੀਆਂ ਜਮਾਤਾਂ ਨੂੰ ਬਾਈਬਲ ਪੜ੍ਹਾਉਣ ਦਾ ਵਿਸ਼ਾ ਵੀ ਦੇ ਦਿੱਤਾ ਗਿਆ। ਬਾਈਬਲ ਵਿੱਚ ਲਿਖੀਆਂ ਗੱਲਾਂ ਜਦੋਂ ਉਸ ਨੇ ਵਿਦਿਆਰਥੀਆਂ ਨੂੰ ਦੱਸੀਆਂ ਤਾਂ ਉਹ ਸਾਰੇ ਬਾਈਬਲ ਵਿੱਚੋਂ ਬਹੁਤ ਚੰਗੇ ਨੰਬਰ ਪ੍ਰਾਪਤ ਕਰ ਕੇ ਪਾਸ ਹੋ ਗਏ ਪਰ ਅਗਲੇ ਸਾਲ ਉਸ ਨੂੰ ਬਾਈਬਲ ਦਾ ਵਿਸ਼ਾ ਪੜ੍ਹਾਉਣ ਲਈ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਦੋਂ ਉਸ ਨੇ ਇਸ ਸੰਬੰਧੀ ਪੁੱਛਿਆ ਤਾਂ ਪ੍ਰਿੰਸੀਪਲ ਦਾ ਜੁਆਬ ਸੀ,”ਇਹ ਗੱਲ ਠੀਕ ਹੈ ਕਿ ਤੇਰੇ ਸਾਰੇ ਵਿਦਿਆਰਥੀ ਵਧੀਆ ਨੰਬਰ ਲੈ ਕੇ ਬਾਈਬਲ ਵਿੱਚੋਂ ਪਾਸ ਹੋ ਗਏ ਹਨ ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਉਹਨਾਂ ਸਾਰੇ ਵਿਦਿਆਰਥੀਆਂ ਦਾ ਵਿਸ਼ਵਾਸ ਧਰਮ ਵਿੱਚੋਂ ਖ਼ਤਮ ਹੋ ਗਿਆ ਹੈ।” ਕਾਵੂਰ ਨੇ ਵਿਆਹ ਕਰਵਾਉਣ ਸਮੇਂ ਆਪਣੀ ਪਤਨੀ ਅੱਕਾ ਕਾਵੂਰ ਤੋਂ ਇਹ ਵਾਅਦਾ ਲਿਆ ਸੀ ਕਿ ਅਸੀਂ ਆਪਣੀ ਸੰਤਾਨ ਦੀ ਪਾਲਣਾ ਬਗ਼ੈਰ ਕਿਸੇ ਧਾਰਮਿਕ ਵਿਚਾਰ ਤੋਂ ਕਰਾਂਗੇ।
ਡਾ. ਅਬਰਾਹਿਮ ਕਾਵੂਰ ਨੇ ਆਪਣੇ ਪੁੱਤਰ ਦਾ ਨਾਂ ਏਰੀਸ ਇਸ ਲਈ ਰੱਖਿਆ ਸੀ ਕਿਉਂਕਿ ਉਸ ਦਾ ਜਨਮ ਏਰੀਸ ਰਾਸ਼ੀ ਵਿੱਚ ਹੋਇਆ ਸੀ ਅਤੇ ਉਨ੍ਹੀਂ ਦਿਨੀਂ ਉਹ ਜੋਤਿਸ਼ ਦੀ ਸੱਚਾਈ ਜਾਨਣ ਵਿੱਚ ਦਿਲਚਸਪੀ ਲੈਣ ਲੱਗ ਪਿਆ ਸੀ। ਬਾਅਦ ਵਿੱਚ ਉਸ ਨੇ ਜੋਤਿਸ਼ ਬਾਰੇ ਸਿੱਟਾ ਕੱਢਿਆ ਕਿ ਇਹ ਇੱਕ ਤੁੱਕਾ ਹੈ, ਜਿਸ ਦਾ ਠੀਕ ਹੋ ਜਾਂਦਾ ਹੈ, ਉਹ ਕੋਠੇ ‘ਤੇ ਖੜ੍ਹਾ ਹੋ ਕੇ ਜੋਤਿਸ਼ ਦਾ ਪ੍ਰਚਾਰ ਤੇ ਪਸਾਰ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਦਾ ਗਲਤ ਹੋ ਜਾਂਦਾ ਹੈ, ਉਹ ਚੁੱਪ ਕਰ ਕੇ ਘਰ ਬੈਠ ਜਾਂਦਾ ਹੈ। ਡਾ. ਕਾਵੂਰ ਅਤੇ ਉਸ ਦੀ ਪਤਨੀ ਨੇ 1928 ਤੋਂ 1959 ਤਕ ਸੈਂਕੜੇ ਕੇਸਾਂ ਅਤੇ ਘਟਨਾਵਾਂ ਦੀ ਜਾਂਚ-ਪੜਤਾਲ ਕੀਤੀ ਅਤੇ ਇਨ੍ਹਾਂ ਨੂੰ ਹੱਲ ਕੀਤਾ। ਇਨ੍ਹਾਂ ਸਾਰਿਆਂ ਦੇ ਨੋਟ ਡਾਕਟਰ ਕਾਵੂਰ ਨੇ ਸੰਭਾਲ ਲਏ। ਉਸ ਨੇ ਆਪਣੇ ਸਾਰੇ ਕੇਸਾਂ ਦੀ ਖੋਜ-ਪੜਤਾਲ ਉਸ ਸਮੇਂ ਉਪਲਬਧ ਵਿਗਿਆਨਕ ਜਾਣਕਾਰੀ ਅਤੇ ਅਮਲੀ ਪ੍ਰਯੋਗਾਂ ਰਾਹੀਂ ਕੀਤੀ ਸੀ। ਉਸ ਨੇ ਵਿਗਿਆਨ ਨੂੰ ਜ਼ਿੰਦਗੀ ਦੇ ਅਮਲ ਨਾਲ ਜੋੜਿਆ ਸੀ। 1959 ਤਕ ਉਹ ਧਾਰਮਿਕ ਸੰਸਥਾਵਾਂ ਦੁਆਰਾ ਚਲਾਏ ਜਾਂਦੇ ਕਾਲਜਾਂ ਵਿੱਚ ਨੌਕਰੀ ਕਰਦਾ ਰਿਹਾ।
ਰਿਟਾਇਰ ਹੋਣ ਤੋਂ ਬਾਅਦ ਡਾ. ਅਬਰਾਹਿਮ ਕਾਵੂਰ ਨੇ ਆਪਣੀ ਜ਼ਿੰਦਗੀ ਦੇ ਸਾਰੇ ਤਜਰਬੇ ਲੋਕਾਂ ਨਾਲ ਸਾਂਝੇ ਕਰਨੇ ਸ਼ੁਰੂ ਕੀਤੇ। ਵੱਖ-ਵੱਖ ਕਰਾਮਾਤੀ ਸ਼ਕਤੀਆਂ ਦੇ ਅਖੌਤੀ ਦਾਅਵੇਦਾਰਾਂ ਨੂੰ ਭਜਾਉਣ ਲਈ ਉਸ ਨੇ 23 ਸ਼ਰਤਾਂ ਵਾਲੀ ਆਪਣੀ ਚੁਣੌਤੀ 1963 ਵਿੱਚ ਜਾਰੀ ਕੀਤੀ। ਅੱਜ ਅੱਧੀ ਸਦੀ ਬੀਤਣ ਦੇ ਬਾਵਜੂਦ ਪੰਜਾਬ ਦੇ ਤਰਕਸ਼ੀਲਾਂ ਨੇ ਉਸ ਚੁਣੌਤੀ ਨੂੰ ਬਰਕਰਾਰ ਰੱਖਿਆ ਹੋਇਆ ਹੈ। 1974 ਵਿੱਚ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਪਰ ਉਸ ਦੀ ਇੱਛਾ ਅਨੁਸਾਰ ਉਸ ਦੀ ਮ੍ਰਿਤਕ ਦੇਹ ਸ੍ਰੀਲੰਕਾ ਦੇ ਸਰਕਾਰੀ ਹਸਪਤਾਲ ਨੂੰ ਦਾਨ ਕਰ ਦਿੱਤੀ ਗਈ। ਉਸ ਦੀ ਮੌਤ ਉੱਪਰ ਕਿਸੇ ਕਿਸਮ ਦੀ ਕੋਈ ਧਾਰਮਿਕ ਰਸਮ ਅਦਾ ਨਾ ਕੀਤੀ ਗਈ। 1984 ਵਿੱਚ ਪੈਦਾ ਹੋਈ ਪੰਜਾਬ ਦੀ ਤਰਕਸ਼ੀਲ ਲਹਿਰ ਨੇ ਡਾ. ਕਾਵੂਰ ਤੋਂ ਅਗਵਾਈ ਲੈਂਦਿਆਂ ਅੱਜ ਲੱਖਾਂ ਹੀ ਵਿਅਕਤੀਆਂ ਨੂੰ ਤਰਕਸ਼ੀਲਤਾ ਦੇ ਰਸਤੇ ‘ਤੇ ਤੋਰਿਆ ਹੀ ਨਹੀਂ ਸਗੋਂ ਹਜ਼ਾਰਾਂ ਘਰਾਂ ਵਿੱਚ ਹੁੰਦੀਆਂ ਕਸਰਾਂ ਦੇ ਕੇਸਾਂ ਨੂੰ ਠੀਕ ਵੀ ਕੀਤਾ ਹੈ। ਪੰਜਾਬ ਦੇ ਤਰਕਸ਼ੀਲ ਇਸ ਸ਼ਖ਼ਸੀਅਤ ਦੇ ਸਦਾ ਲਈ ਕਰਜ਼ਦਾਰ ਰਹਿਣਗੇ ਕਿਉਂਕਿ ਉਸ ਨੇ ਸਿਰਫ਼ ਕੇਸਾਂ ਨੂੰ ਠੀਕ ਕਰਨ ਦਾ ਢੰਗ ਹੀ ਨਹੀਂ ਸਿਖਾਇਆ ਸਗੋਂ ਇਨ੍ਹਾਂ ਨੂੰ ਲਿਖਣਾ ਅਤੇ ਅਖ਼ਬਾਰਾਂ, ਮੈਗਜ਼ੀਨਾਂ ਤੇ ਕਿਤਾਬਾਂ ਰਾਹੀਂ ਪ੍ਰਚਾਰਣਾ ਵੀ ਸਿਖਾਇਆ ਹੈ। ਇਹ ਇੱਕ ਸੱਚਾਈ ਹੈ ਕਿ ਕੁਝ ਤਾਰਿਆਂ ਦੇ ਲੋਪ ਹੋਣ ਤੋਂ ਬਾਅਦ ਵੀ ਉਹਨਾਂ ਦੀ ਰੋਸ਼ਨੀ ਧਰਤੀ ‘ਤੇ ਪਹੁੰਚਦੀ ਰਹਿੰਦੀ ਹੈ।
ਤਰਕਸ਼ੀਲਤਾ ਦਾ ਇਹ ਝੰਡਾਬਰਦਾਰ ਭਾਵੇਂ ਸਾਨੂੰ 18 ਸਤੰਬਰ, 1978 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ ਪਰ ਉਸ ਦੀਆਂ ਲਿਖਤਾਂ ਆਉਣ ਵਾਲੀ ਇੱਕ ਸਦੀ ਤਕ ਪੰਜਾਬ ਦੇ ਲੋਕਾਂ ਲਈ ਚਾਨਣ ਮੁਨਾਰਾ ਬਣੀਆਂ ਰਹਿਣਗੀਆਂ।