ਇਸ਼ਕ ਇੱਕ ਅਰਬੀ ਸ਼ਬਦ ਹੈ ਜੋ ਹੋਰ ਅਨੇਕ ਭਾਸ਼ਾਵਾਂ ਵਿੱਚ ਵੀ ਵਰਤਿਆ ਜਾਂਦਾ ਹੈ।[1] (ਫ਼ਾਰਸੀ, ਉਰਦੂ, ਦਰੀ, ਪਸ਼ਤੋ, ਤੁਰਕੀ, ਅਜ਼ਰਬਾਈਜਾਨੀ, ਪੰਜਾਬੀ, ਹਿੰਦੀ ਅਤੇ ਹੋਰ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਉੱਚਾਰਨ ਦੇ ਮਾਮੂਲੀ ਫਰਕ ਨਾਲ ਇਹ ਸ਼ਬਦ ਮੁੱਖ ਤੌਰ 'ਤੇ ਸੂਫ਼ੀ ਭਾਵ ਵਿੱਚ ਪਿਆਰ ਦੇ ਸੰਕਲਪ ਲਈ ਵਰਤਿਆ ਜਾਂਦਾ ਹੈ। ਪ੍ਰੋਫ਼ੈਸਰ ਗੁਲਵੰਤ ਸਿੰਘ ਅਨੁਸਾਰ ਇਹਦਾ ਅਰਥ ਹੈ ਸੰਘਣੀ, ਡੂੰਘੀ ਅਤੇ ਗੰਭੀਰ ਮੁਹੱਬਤ।[2] ਇਹ ਸ਼ਬਦ ਇਸ਼ਕਾ ਤੋਂ ਨਿਕਲਿਆ ਹੈ। ਇਸ਼ਕ ਇੱਕ ਕਿਸਮ ਦੀ ਵੇਲ ਹੁੰਦੀ ਹੈ ਜੋ ਜਿਸ ਰੁੱਖ ਤੇ ਚੜ੍ਹਦੀ ਹੈ ਉਸ ਦੇ ਪੱਤੇ ਝੜ ਜਾਂਦੇ ਹਨ। ਆਮ ਵਿਸ਼ਵਾਸ ਹੈ ਕਿ ਜਦੋਂ ਇਸ਼ਕ ਕਿਸੇ ਪ੍ਰੇਮੀ ਦੇ ਦਿਲ ਵਿੱਚ ਜੜ੍ਹ ਲਾ ਲੈਂਦਾ ਹੈ ਤਾਂ ਸਭ ਕੁਝ ਮਿਟਾ ਦਿੰਦਾ ਹੈ, ਬੱਸ ਇੱਕੋ ਅੱਲ੍ਹਾ ਬਾਕੀ ਰਹਿ ਜਾਂਦਾ ਹੈ।[3]