ਉਤਸਾ ਪਟਨਾਇਕ ਇੱਕ ਭਾਰਤੀ ਮਾਰਕਸਵਾਦੀ ਅਰਥਵਿਗਿਆਨੀ ਹੈ। ਉਸ ਨੇ 1973 ਤੋਂ 2010 ਵਿੱਚ ਆਪਣੀ ਸੇਵਾਮੁਕਤੀ ਤੱਕ ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੇ ਸਕੂਲ ਆੱਫ ਸੋਸ਼ਲ ਸ਼ਾਇੰਸਿਜ਼ ਦੇ ਆਰਥਿਕ ਅਧਿਐਨ ਅਤੇ ਯੋਜਨਾਬੰਦੀ ਕੇਂਦਰ ਵਿੱਚ ਪੜ੍ਹਾਇਆ।[1] ਉਤਸਾ ਪਟਨਾਇਕ ਨੇ ਆਪਣੀ ਪੀਐਚਡੀ ਦੀ ਡਿਗਰੀ ਯੂਨੀਵਰਸਿਟੀ ਆੱਫ ਆਕਸਫੋਰਡ ਤੋਂ ਪ੍ਰਾਪਤ ਕੀਤੀ। ਉਸ ਦੀ ਖੋਜ ਦੇ ਮੁੱਖ ਵਿਸ਼ੇ ਭਾਰਤ ਵਿੱਚ ਕਿਰਸਾਨੀ ਦੀਆਂ ਸਮੱਸਿਆਵਾਂ, ਖੇਤੀ ਨੀਤੀਆਂ ਦੀ ਰਾਜਨੀਤਿਕ ਆਰਥਿਕਤਾ, ਖਾਧ ਸੁਰੱਖਿਆ ਅਤੇ ਗਰੀਬੀ ਹਨ।
ਆਪਣੀ ਕਿਤਾਬ ਭੁੱਖ ਦਾ ਗਣਤੰਤਰ ਵਿੱਚ ਉਤਸਾ ਨੇ ਚਾਰ ਵਿਕਾਸਸ਼ੀਲ ਦੇਸ਼ ਭਾਰਤ, ਫਿਲਪੀਨਜ਼, ਮੈਕਸਿਕੋ ਅਤੇ ਸਬ-ਸਹਾਰਨ ਅਫਰੀਕਾ ਦੇ ਸੰਦਰਭ ਵਿੱਚ ਮੌਜ਼ੂਦਾ ਵਿਸ਼ਵ ਆਰਥਿਕ ਨੀਤੀਆਂ ਦੀ ਪੜਚੋਲ ਕਰਦੀ ਹੈ। ਇਸ ਕਿਤਾਬ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਮੌਜੂਦਾ ਆਰਥਿਕ ਨੀਤੀਆਂ ਵਿਕਾਸਸ਼ੀਲ ਖੇਤਰਾਂ ਵਿੱਚ ਖੇਤੀ ਅਰਥਵਿਵਸਥਾ ਦੇ ਵਿਰੋਧ ਵਿੱਚ ਜਾਂਦੀਆਂ ਹਨ ਅਤੇ ਖੇਤੀ ਸੰਕਟ, ਭੁਖਮਰੀ ਆਦਿ ਦਾ ਕਾਰਨ ਬਣਦੀਆਂ ਹਨ।
ਉੱਪਰੋਕਤ ਕਿਤਾਬਾਂ ਤੋਂ ਇਲਾਵਾ ਉਤਸਾ ਪਟਨਾਇਕ ਨੇ ਬਹੁਤ ਸਾਰੀਆਂ ਕਿਤਾਬਾਂ ਦਾ ਸੰਪਾਦਨ ਕੀਤਾ ਹੈ ਅਤੇ 100 ਤੋਂ ਵੀ ਵਧੇਰੇ ਖੋਜ ਪੱਤਰਾਂ ਵਿੱਚ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਖੇਤੀ ਵਿੱਚ ਪੂੰਜੀ ਦੇ ਮੁਢਲੇ ਇਕੱਤਰੀਕਰਣ ਅਤੇ ਅਰਧ-ਸਾਮੰਤੀ ਉਤਪਾਦਨ ਸੰਬੰਧਾਂ ਦੀ ਚਰਚਾ ਕੀਤੀ ਹੈ।