ਓ. ਪੀ. ਨਈਅਰ

ਓ. ਪੀ. ਨਈਅਰ

ਓ. ਪੀ. ਨਈਅਰ ਭਾਰਤੀ ਫ਼ਿਲਮਾਂ ਦਾ ਮਸ਼ਹੂਰ ਸੰਗੀਤਕਾਰ ਹੈ। ਆਪ ਦਾ ਪੂਰਾ ਨਾਂਅ ਓਂਕਾਰ ਪ੍ਰਸਾਦ ਨਈਅਰ ਸੀ। ਉਹਨਾਂ ਦਾ ਜਨਮ 16 ਜਨਵਰੀ, 1926 ਨੂੰ ਲਾਹੌਰ ਵਿਖੇ ਹੋਇਆ।

ਸੰਗੀਤ ਦਾ ਸਫ਼ਰ

[ਸੋਧੋ]

ਸੰਗੀਤ ਉਨ੍ਹਾਂ ਦੀ ਰਗ-ਰਗ ਵਿੱਚ ਸਮਾਇਆ ਹੋਇਆ ਸੀ। ਪਹਿਲਾਂ ਆਲ ਇੰਡੀਆ ਰੇਡੀਓ ਲਾਹੌਰ ਤੋਂ ਗਾਣੇ ਗਾਉਣ ਦਾ ਮੌਕਾ ਮਿਲਿਆ। ਉਸ ਸਮੇਂ ਸ਼ਾਮ ਨਾਮੀ ਹੀਰੋ ਦੀ ਚੜ੍ਹਤ ਸੀ ਤੇ ਉਸ ਨੇ ਨਈਅਰ ਨੂੰ ਮਸ਼ਹੂਰ ਫ਼ਿਲਮ ਡਾਇਰੈਕਟਰ ਸ਼ਸ਼ਾਧਰ ਮੁਖਰਜੀ ਨਾਲ ਮਿਲਾਇਆ ਕਿ ਇਹ ਬੜੇ ਚੰਗੇ ਸੰਗੀਤਕਾਰ ਹਨ।[1]

ਪਹਿਲਾ ਗੀਤ

[ਸੋਧੋ]

ਨਈਅਰ ਹੀਰੋ ਬਣਨਾ ਚਾਹੁੰਦਾ ਹਾਂ ਪਰ ਬਣ ਗਏ ਸੰਗੀਤਕਾਰ। ਸ਼ਸ਼ਾਧਰ ਮੁਖਰਜੀ ਨੇ ਉਨ੍ਹਾਂ ਦਾ ਸਕ੍ਰੀਨ ਟੈਸਟ ਲਿਆ, ਜਿਸ ਵਿੱਚ ਉਹ ਮੁਖਰਜੀ ਸਾਹਿਬ ਦੀ ਨਜ਼ਰ ਵਿੱਚ ਕਾਮਯਾਬ ਨਾ ਹੋਏ। ਫਿਰ ਮੁਖਰਜੀ ਨੇ ਉਨ੍ਹਾਂ ਨੂੰ ਇੱਕ ਗਾਣਾ ਦਿੱਤਾ ਕਿ ਇਸ ਦੀ ਧੁਨ ਬਣਾਓ। ਉਹ ਧੁਨ ਵੀ ਮੁਖਰਜੀ ਦੇ ਪਸੰਦ ਨਾ ਆਈ। ਇਸ ਰਿਜੈਕਟ ਹੋਈ ਧੁੰਨ ਉੱਤੇ ਫ਼ਿਲਮ ਆਰ-ਪਾਰ ਦਾ ਗਾਣਾ 'ਸੁਨ ਸੁਨ ਜ਼ਾਲਮਾਂ, ਪਿਆਰ ਹਮ ਕੋ ਤੁਮ ਸੇ ਹੋ ਗਿਆ' ਉਨ੍ਹਾਂ ਬਣਾਇਆ ਸੀ। ਓ. ਪੀ. ਨਈਅਰ ਗੀਤਾਂ ਦੀਆਂ ਤਰਜ਼ਾਂ ਬਣਾਉਣ ਲਈ ਦਿਨ-ਰਾਤ ਮਿਹਨਤ ਕਰਦੇ ਸਨ ਤੇ ਫਿਰ ਗਾਇਕਾਂ ਤੋਂ ਰੀਹਰਸਲ ਕਰਵਾਉਣ ਵਿੱਚ ਕਈ-ਕਈ ਦਿਨ ਲੱਗ ਜਾਂਦੇ ਤਾਂ ਜਾ ਕੇ ਕਿਸੇ ਇੱਕ ਗਾਣੇ ਦੀ ਫਾਈਨਲ ਰਿਕਾਰਡਿੰਗ ਹੁੰਦੀ ਸੀ। ਓ. ਪੀ. ਨਈਅਰ ਦਾ ਸੰਗੀਤ ਸਦਾਬਹਾਰ ਹੈ, ਜਿਸ ਕਰ ਕੇ ਅੱਜਕਲ੍ਹ ਦੇ ਫ਼ਿਲਮੀ ਗਾਣਿਆਂ ਨਾਲੋਂ ਪੰਜਾਹ-ਸੱਠ ਸਾਲ ਪੁਰਾਣੇ ਉਨ੍ਹਾਂ ਦੇ ਗੀਤ ਅਜੇ ਵੀ ਲੋਕਾਂ ਨੂੰ ਚੰਗੇ ਲਗਦੇ ਹਨ।

ਸੰਗੀਤ ਜੀਵਨ

[ਸੋਧੋ]

ਲਾਹੌਰ ਉਨ੍ਹਾਂ ਨੇ ਇੱਕ ਲੜਕੀਆਂ ਦੇ ਕਾਲਜ ਵਿੱਚ ਮਿਊਜ਼ਿਕ ਟੀਚਰ ਦੀ ਨੌਕਰੀ ਕਰ ਲਈ। ਦੇਸ਼ ਦੀ ਸੰਨ 1947 ਵਿੱਚ ਵੰਡ ਤੋਂ ਬਾਅਦ ਲਾਹੌਰ ਦੀ ਫ਼ਿਲਮ ਇੰਡਸਟਰੀ ਬੰਬਈ ਸ਼ਿਫਟ ਹੋ ਗਈ। ਨਈਅਰ ਸਾਹਿਬ ਵੀ ਮੁੰਬਈ ਚਲੇ ਗਏ। ਪੰਚੌਲੀ ਸਾਹਿਬ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ 'ਛਮ ਛਮਾ ਛਮ' ਵਿੱਚ ਬਤੌਰ ਸੰਗੀਤਕਾਰ ਲਿਆ। ਇਸ ਫ਼ਿਲਮ ਦੇ ਸੰਗੀਤ ਲਈ ਉਨ੍ਹਾਂ ਨੂੰ ਕੇਵਲ ਇੱਕ ਹਜ਼ਾਰ ਰੁਪਿਆ ਮਿਲਿਆ ਜੋ ਉਸ ਸਮੇਂ ਕਾਫੀ ਵੱਡੀ ਰਕਮ ਸੀ। ਇਹ ਫ਼ਿਲਮ ਛਮ ਛਮਾ ਛਮ ਬਾਕਸ ਆਫਿਸ ਉੱਤੇ ਫੇਲ੍ਹ ਹੋ ਗਈ। ਫਿਰ ਗੁਰੂਦੱਤ ਨੇ ਆਪਣੀ ਫ਼ਿਲਮ ਆਰ ਪਾਰ ਲਈ ਇਨ੍ਹਾਂ ਨੂੰ ਕੰਮ ਦਿੱਤਾ। ਆਰ ਪਾਰ ਦੇ ਗਾਣੇ ਬੜੇ ਮਸ਼ਹੂਰ ਹੋਏ ਤੇ ਗਾਣਿਆਂ ਦੇ ਸਿਰ ਉੱਤੇ ਫ਼ਿਲਮ ਖੂਬ ਚੱਲੀ। ਇਹ ਫ਼ਿਲਮ ਸੰਨ 1953 ਵਿੱਚ ਰਿਲੀਜ਼ ਹੋਈ ਸੀ। ਉਸ ਤੋਂ ਬਾਅਦ ਗੁਰੂਦੱਤ ਨੇ ਇਨ੍ਹਾਂ ਨੂੰ ਫ਼ਿਲਮ 'ਮਿਸਟਰ ਐਂਡ ਮਿਸਿਜ਼ 1955' ਅਤੇ 'ਸੀ.ਆਈ.ਡੀ.' ਲਈ ਸਾਈਨ ਕੀਤਾ। ਇਹ ਦੋਵੇਂ ਫ਼ਿਲਮਾਂ ਚੰਗੀਆਂ ਕਾਮਯਾਬ ਹੋਈਆਂ ਤੇ ਨਈਅਰ ਸਾਹਿਬ ਚੋਟੀ ਦੇ ਸੰਗੀਤਕਾਰਾਂ ਵਿੱਚ ਗਿਣੇ ਜਾਣ ਲੱਗੇ। ਪਹਿਲਾਂ ਤਾਂ ਨੌਸ਼ਾਦ, ਸ਼ੰਕਰ ਜੈਕਿਸ਼ਨ ਅਤੇ ਜੀ. ਰਾਮਚੰਦਰ ਦਾ ਹੀ ਨਾਂਅ ਚਲਦਾ ਸੀ। ਸੰਨ 1957 ਵਿੱਚ ਬੀ. ਆਰ. ਚੋਪੜਾ ਦੀ ਫ਼ਿਲਮ 'ਨਯਾ ਦੌਰ' ਦੇ ਗਾਣੇ ਵੀ ਪਬਲਿਕ ਨੇ ਬਹੁਤ ਪਸੰਦ ਕੀਤੇ। ਉਸ ਤੋਂ ਬਾਅਦ ਤਾਂ ਪ੍ਰੋਡਿਊਸਰ ਨਈਅਰ ਸਾਹਿਬ ਦੇ ਦਰ ਉੱਤੇ ਲਾਈਨ ਲਾ ਕੇ ਖੜ੍ਹੇ ਰਹਿੰਦੇ ਕਿ ਸਾਡੀ ਫ਼ਿਲਮ ਲਈ ਸੰਗੀਤ ਤਿਆਰ ਕਰੋ। ਪੰਚੋਲੀ ਸਾਹਿਬ ਜਿਹਨਾਂ ਨੇ ਨਈਅਰ ਸਾਹਿਬ ਨੂੰ ਸਭ ਤੋਂ ਪਹਿਲਾਂ ਚਾਂਸ ਦਿੱਤਾ ਸੀ, ਆਪਣੀ ਅਗਲੀ ਫ਼ਿਲਮ ਸਾਈਨ ਕਰਨ ਲਈ ਆਏ ਤੇ ਪੁੱਛਿਆ ਕਿ ਤੁਸੀਂ ਹੁਣ ਕਿੰਨਾ ਪੈਸਾ ਲਵੋਗੇ। ਨਈਅਰ ਸਾਹਿਬ ਨੇ ਹੱਸ ਕੇ ਕਿਹਾ, 'ਉਹੀ ਇੱਕ ਹਜ਼ਾਰ ਜੋ ਪਹਿਲਾਂ ਤੁਸੀਂ ਦਿੱਤਾ ਸੀ।' ਸੱਚਮੁੱਚ ਉਨ੍ਹਾਂ ਤੋਂ ਇੱਕ ਹਜ਼ਾਰ ਰੁਪਿਆ ਹੀ ਲਿਆ ਹਾਲਾਂ ਕਿ ਉਦੋਂ ਉਹ ਕਈ ਲੱਖ ਲੈ ਸਕਦੇ ਸੀ। ਕਿਸੇ ਵੀ ਫ਼ਿਲਮ ਦੇ ਗਾਣਿਆਂ ਦੀ ਤਰਜ਼ ਬਣਾਉਂਦਿਆਂ ਜੇ ਕੋਈ ਸ਼ਬਦ ਠੀਕ ਨਾ ਬੈਠਦਾ ਤਾਂ ਉਹ ਗੀਤਕਾਰ ਨੂੰ ਆਪਣੀ ਮੁਸ਼ਕਿਲ ਦੱਸ ਕੇ ਗੀਤ ਦੇ ਬੋਲਾਂ ਵਿੱਚ ਗੀਤਕਾਰ ਤੋਂ ਤਬਦੀਲੀ ਕਰਵਾ ਲੈਂਦੇ। ਉਨ੍ਹਾਂ ਨੇ ਬਹੁਤ ਸਾਰੇ ਗੀਤਕਾਰਾਂ ਦੇ ਗੀਤਾਂ ਉੱਤੇ ਸੰਗੀਤ ਦਿੱਤਾ। ਸਾਹਿਰ ਲੁਧਿਆਣਵੀ, ਐਸ.ਐਚ. ਬਿਹਾਰੀ, ਕਮਰ ਜਲਾਲਾਬਾਦੀ, ਮਜਰੂਹ ਸੁਲਤਾਨਪੁਰੀ ਅਤੇ ਜਾਂ ਨਿਸਾਰ ਅਖ਼ਤਰ ਦੇ ਨਾਂਅ ਖ਼ਾਸ ਤੌਰ ਉੱਤੇ ਵਰਨਣਯੋਗ ਹਨ।

ਪੰਜਾਬੀ ਸੰਗੀਤ

[ਸੋਧੋ]

ਓ. ਪੀ. ਨਈਅਰ ਹੀ ਪੰਜਾਬੀ ਤਰਜ਼ਾਂ ਨੂੰ ਹਿੰਦੀ ਫ਼ਿਲਮਾਂ ਵਿੱਚ ਲਿਆਉਣ ਵਾਲੇ ਪਹਿਲੇ ਸੰਗੀਤਕਾਰ ਸਨ। ਨਈਅਰ ਸਾਹਿਬ ਨੇ ਕਿਸੇ ਵੀ ਫ਼ਿਲਮ ਵਿੱਚ ਲਤਾ ਮੰਗੇਸ਼ਕਰ ਤੋਂ ਕੋਈ ਗੀਤ ਨਹੀਂ ਗਵਾਇਆ। ਉਨ੍ਹਾਂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਲਤਾ ਦੀ ਆਵਾਜ਼ ਰੂਹਾਨੀ ਆਵਾਜ਼ ਹੈ ਜੋ ਮੇਰੇ ਸੰਗੀਤ ਵਿੱਚ ਫਿੱਟ ਨਹੀਂ ਬੈਠਦੀ।

ਕਾਮੇਡੀਅਨ ਗੀਤ

[ਸੋਧੋ]

ਨਈਅਰ ਸਾਹਿਬ ਤੋਂ ਪਹਿਲਾਂ ਫ਼ਿਲਮਾਂ ਵਿੱਚ ਕਾਮੇਡੀਅਨ ਤੇ ਤਿੰਨ ਮਿੰਟ ਦਾ ਪੂਰਾ ਗਾਣਾ ਫ਼ਿਲਮਾਉਣ ਦਾ ਰਿਵਾਜ ਨਹੀਂ ਸੀ। ਨਈਅਰ ਸਾਹਿਬ ਨੇ ਫ਼ਿਲਮ ਸੀ.ਆਈ.ਡੀ. ਦਾ ਗਾਣਾ 'ਜ਼ਰਾ ਹਟ ਕੇ ਜ਼ਰਾ ਬਚ ਕੇ ਯਿਹ ਹੈ ਬੰਬੇ ਮੇਰੀ ਜਾਂ' ਜਾਨੀ ਵਾਕਰ ਨੂੰ ਮੁੱਖ ਰੱਖ ਕੇ ਬਣਾਇਆ। ਇਸ ਤੋਂ ਬਾਅਦ ਚੋਪੜਾ ਸਾਹਿਬ ਦੀ 'ਨਯਾ ਦੌਰ' ਵਿੱਚ ਵੀ ਜਾਨੀ ਵਾਕਰ ਕਾਮੇਡੀਅਨ ਉੱਤੇ 'ਮੈਂ ਬੰਬਈ ਕਾ ਬੂਬਾ ਨਾਮ ਮੇਰਾ ਅੰਜਾਨਾ' ਵੀ ਨਈਅਰ ਦੀ ਦੇਣ ਸੀ। ਫਿਰ 'ਛੂ ਮੰਤਰ' ਫ਼ਿਲਮ ਵਿੱਚ ਜਾਨੀ ਵਾਕਰ ਹੀਰੋ ਬਣ ਗਿਆ ਤੇ ਇਸ ਫ਼ਿਲਮ ਦਾ ਸੰਗੀਤ ਨਈਅਰ ਸਾਹਿਬ ਦਾ ਸੀ। ਸੰਨ 1950-60 ਦੇ ਦਹਾਕੇ ਵਿੱਚ ਸੰਗੀਤ ਦੇ ਸਿਰ ਉੱਤੇ ਹੀ ਫ਼ਿਲਮਾਂ ਚੱਲ ਜਾਂਦੀਆਂ ਸਨ। ਕਿਸੇ ਫ਼ਿਲਮ ਦਾ ਇੱਕ ਗਾਣਾ ਵੀ ਹਿੱਟ ਹੋ ਜਾਵੇ ਤਾਂ ਉਸੇ ਗਾਣੇ ਕਰ ਕੇ ਫ਼ਿਲਮ ਚੱਲ ਜਾਂਦੀ ਸੀ। ਫ਼ਿਲਮ ਰਿਲੀਜ਼ ਹੋਣ ਤੋਂ ਕਈ ਮਹੀਨੇ ਪਹਿਲਾਂ ਹੀ ਗਾਣੇ ਰਿਲੀਜ਼ ਕਰ ਦਿੱਤੇ ਜਾਂਦੇ ਸਨ।

ਟਾਂਗੇ ਵਾਲਾ ਗੀਤ

[ਸੋਧੋ]

ਨਈਅਰ ਸਾਹਿਬ ਨੇ ਫ਼ਿਲਮ 'ਤੁਮ ਸਾ ਨਹੀਂ ਦੇਖਾ' ਵਿੱਚ ਟਾਂਗੇ ਦਾ ਸੰਗੀਤ ਇਸ ਤਰ੍ਹਾਂ ਦਿੱਤਾ ਕਿ ਸੱਚਮੁੱਚ ਘੋੜੇ ਦੀਆਂ ਟਾਪਾਂ ਮਲੂਮ ਹੁੰਦੀਆਂ। ਉਸ ਤੋਂ ਬਾਅਦ ਪ੍ਰੋਡਿਊਸਰ ਅਤੇ ਡਾਇਰੈਕਟਰ ਉਨ੍ਹਾਂ ਨੂੰ ਟਾਂਗੇ ਵਾਲਾ ਗਾਣਾ ਬਣਾਉਣ ਲਈ ਆਖਦੇ। ਫ਼ਿਲਮ 'ਫਿਰ ਵੁਹੀ ਦਿਲ ਲਾਇਆ ਹੂੰ' ਦਾ ਗਾਣਾ 'ਬੰਦਾ ਪਰਵਰ ਥਾਮ ਲੋ ਜਿਗਰ' ਵੀ ਟਾਂਗੇ ਵਾਲਾ ਸੀ। ਫਿਰ 'ਕਸ਼ਮੀਰ ਕੀ ਕਲੀ ਦਾ' 'ਪੀਆ ਪੀਆ' 1957 ਵਿੱਚ ਬਣੀ 'ਨਯਾ ਦੌਰ' ਦਾ 'ਉੜੇਂ ਜਬ ਜਬ ਜ਼ੁਲਫੇਂ ਤੇਰੀ' ਵੀ ਟਾਂਗੇ ਵਾਲਾ ਗੀਤ ਸੀ ਜੋ ਦਲੀਪ ਕੁਮਾਰ ਅਤੇ ਵਿਜੈਂਤੀ ਮਾਲਾ ਉੱਤੇ ਫ਼ਿਲਮਾਇਆ ਗਿਆ ਸੀ।

ਮਸ਼ਹੂਰ ਗੀਤ

[ਸੋਧੋ]
  • 'ਕਭੀ ਆਰ ਕਭੀ ਪਾਰ ਲਾਗਾ ਤੀਰੇ ਨਜ਼ਰ' (ਫ਼ਿਲਮ ਆਰ ਪਾਰ),
  • 'ਆਂਖੋਂ ਹੀ ਆਂਖੋਂ ਮੇਂ ਇਸ਼ਾਰਾ ਹੋ ਗਿਆ' (ਫ਼ਿਲਮ ਸੀ. ਆਈ. ਡੀ.),
  • 'ਨੀਲੇ ਆਸਮਾਨੀ ਬੂਝੋ ਤੋਂ ਯਹ ਬਾਬੂ' (ਫ਼ਿਲਮ ਮਿਸਟਰ ਐਂਡ ਮਿਸਟਰ 1955),
  • 'ਯਹ ਦੇਸ਼ ਹੈ ਵੀਰ ਜਵਾਨੋ ਕਾ' (ਫ਼ਿਲਮ ਨਯਾ ਦੌਰ),
  • 'ਗਰੀਬ ਜਾਨ ਕੋ ਹਮ ਕੋ ਨਾ ਤੁਮ ਭੁਲਾ ਦੇਨਾ' (ਫ਼ਿਲਮ ਛੂ ਮੰਤਰ),
  • 'ਸਰ ਪਰ ਟੋਪੀ ਲਾਲ ਹਾਥ ਮੇਂ ਰੇਸ਼ਮ ਕਾ ਰੁਮਾਲ (ਫ਼ਿਲਮ ਤੁਮ ਸਾ ਨਹੀਂ ਦੇਖਾ),
  • 'ਬਹੁਤ ਸ਼ੁਕਰੀਆ ਬੜੀ ਮਿਹਰਬਾਨੀ' (ਫ਼ਿਲਮ ਏਕ ਮੁਸਾਫਿਰ ਏਕ ਹਸੀਨਾ),
  • 'ਜਾਈਏ ਆਪ ਕਹਾਂ ਜਾਏਂਗੇ' (ਫ਼ਿਲਮ ਮੇਰੇ ਸਨਮ)
  • 'ਆਈਏ ਮਿਹਰਬਾਂ ਬੈਠੀਏ ਜਾਨੇਜਾਂ' (ਫ਼ਿਲਮ ਹਾਵੜਾ ਬ੍ਰਿਜ)
  • 'ਪਿਆਰ ਪਰ ਬਸ ਤੋਂ ਨਹੀਂ ਹੈ' (ਫ਼ਿਲਮ ਸੋਨੇ ਕੀ ਚਿੜੀਆ)
  • 'ਇਕ ਪਰਦੇਸੀ ਮੇਰਾ ਦਿਲ ਲੇ ਗਿਆ' (ਫ਼ਿਲਮ ਫਾਗਨ)
  • 'ਚਲ ਅਕੇਲਾ ਤੇਰਾ ਮੇਲਾ ਪੀਛੇ ਛੂਟਾ' (ਫ਼ਿਲਮ ਸਬੰਧ)
  • 'ਐ ਸ਼ਾਇਦ ਤੁਮਹਾਰੇ ਲੀਏ ਅਜਨਬੀ ਹੂੰ' (ਫ਼ਿਲਮ 'ਯਹ ਰਾਤ ਫਿਰ ਨਾ ਆਏਗੀ')
  • 'ਅਜੀ ਕਿਸਲਾ, ਮੁਹਤਰਮਾ ਕਭੀ ਸ਼ੋਅਲਾ' (ਫ਼ਿਲਮ ਫਿਰ ਵੁਹੀ ਦਿਲ ਲਾਇਆ ਹੂੰ)।
ਓ. ਪੀ. ਨਈਅਰ ਨੇ ਆਪਣੀ ਉਮਰ ਦੇ ਆਖਰੀ ਕੁਝ ਸਾਲ ਫ਼ਿਲਮਾਂ ਲਈ ਸੰਗੀਤ ਨਾ ਦਿੱਤਾ। 28 ਜਨਵਰੀ ਸੰਨ 2007 ਨੂੰ ਉਹ ਹਾਰਟ ਫੇਲ੍ਹ ਹੋਣ ਕਾਰਨ ਸੁਰਗਵਾਸ ਹੋ ਗਏ।

ਸਨਮਾਨ

[ਸੋਧੋ]

ਹੋਰ ਦੇਖੋ

[ਸੋਧੋ]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]