ਕਾਂਗੜਾ ਵੈਲੀ ਪੱਛਮੀ ਹਿਮਾਲਿਆ ਦੀ ਇੱਕ ਨਦੀ ਘਾਟੀ ਹੈ। [1] ਇਹ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਵਿੱਚ ਇੱਕ ਪ੍ਰਸਿੱਧ ਸੈਰ-ਗਾਹ ਹੈ। ਇਥੋਂ ਦੇ ਲੋਕ ਕਾਂਗੜੀ ਬੋਲੀ ਬੋਲਦੇ ਹਨ। ਧਰਮਸ਼ਾਲਾ, ਕਾਂਗੜਾ ਜ਼ਿਲੇ ਦਾ ਹੈੱਡਕੁਆਰਟਰ ਅਤੇ ਘਾਟੀ ਦਾ ਮੁੱਖ ਸ਼ਹਿਰ, ਧੌਲਾਧਰ ਦੇ ਦੱਖਣੀ ਪਾਸੇ ਵਾਲੇ ਰਿਜ 'ਤੇ ਸਥਿਤ ਹੈ। [2]
ਘਾਟੀ ਵਿਚ 4 ਅਪ੍ਰੈਲ 1905 ਨੂੰ ਸਵੇਰੇ 6:19 ਵਜੇ 7.8 ਤੀਬਰਤਾ ਦਾ ਭਿਅੰਕਰ ਭੁਚਾਲ ਆਇਆ ਸੀ, ਜਿਸ ਦੇ ਨਤੀਜੇ ਵਜੋਂ ਕਾਂਗੜਾ ਖੇਤਰ ਵਿਚ ਲਗਭਗ 19,800 ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ ਸਨ। ਕਾਂਗੜਾ, ਮੈਕਲੋਡਗੰਜ ਅਤੇ ਧਰਮਸ਼ਾਲਾ ਦੇ ਕਸਬਿਆਂ ਦੀਆਂ ਜ਼ਿਆਦਾਤਰ ਇਮਾਰਤਾਂ ਤਬਾਹ ਹੋ ਗਈਆਂ ਸਨ। [1] [3] [4] ਜਵਾਲਾਮੁਖੀ ਵਿੱਚ ਟੇਢਾ ਮੰਦਰ ਵੀ 1905 ਦੇ ਭੂਚਾਲ ਨਾਲ਼ ਨੁਕਸਾਨਿਆ ਗਿਆ।
ਘਾਟੀ ਕਈ ਸਾਰਾ ਸਾਲ ਵਗਦੀਆਂ ਰਹਿਣ ਵਾਲ਼ੀਆਂ ਨਦੀਆਂ ਹਨ, ਜੋ ਘਾਟੀ ਨੂੰ ਸਿੰਜਦੀਆਂ ਹਨ, ਅਤੇ ਦਰਿਆ ਬਿਆਸ ਇਸ ਘਾਟੀ ਵਿੱਚੋਂ ਵਗਦਾ ਹੈ। ਸਮੁੰਦਰ ਤਲ ਤੋਂ ਘਾਟੀ ਦੀ ਔਸਤ ਉਚਾਈ 2000 ਫੁੱਟ ਹੈ। ਕਾਂਗੜਾ ਘਾਟੀ ਇੱਕ ਸਟਰਾਈਕ ਵੈਲੀ ਹੈ ਅਤੇ ਇਹ ਧੌਲਾਧਾਰ ਰੇਂਜ ਦੇ ਪੈਰਾਂ ਤੋਂ ਬਿਆਸ ਦਰਿਆ ਦੇ ਦੱਖਣ ਤੱਕ ਫੈਲੀ ਹੋਈ ਹੈ। ਧੌਲਾਧਾਰ ਦੀ ਸਭ ਤੋਂ ਉੱਚੀ ਚੋਟੀ, ਸਫੈਦ ਪਹਾੜ, ਘਾਟੀ ਅਤੇ ਚੰਬਾ ਦੇ ਵਿਚਕਾਰ ਦੀ ਸੀਮਾ ਬਣਦੀ ਹੈ, ਅਤੇ 15,956 ਫੁੱਟ (4,863 ਮੀਟਰ) ਤੱਕ ਉੱਚੀ ਹੈ। ਰੇਂਜ ਦੀਆਂ ਚੋਟੀਆਂ ਘਾਟੀ ਦੇ ਫਰਸ਼ ਤੋਂ ਲਗਭਗ 13,000 ਫੁੱਟ (4,000 ਮੀਟਰ) ਉੱਪਰ ਹਨ, ਇਸਦੇ ਅਧਾਰ ਤੋਂ ਤੇਜ਼ੀ ਨਾਲ ਉਠਦੀਆਂ ਹਨ ਅਤੇ ਵਿਚਕਾਰ ਕੋਈ ਨੀਵੀਆਂ ਪਹਾੜੀਆਂ ਨਹੀਂ । [2]
ਜ਼ਿਆਦਾਤਰ ਘਾਟੀ ਵਿੱਚ ਇੱਕ ਨਮੀ ਵਾਲਾ ਉੱਪ-ਤਪਤਖੰਡੀ ਜਲਵਾਯੂ ਹੈ। ਗਰਮੀ ਅਪ੍ਰੈਲ ਵਿੱਚ ਸ਼ੁਰੂ ਹੁੰਦੀ ਹੈ ਅਤੇ ਮਈ ਵਿੱਚ ਸਿਖਰ 'ਤੇ ਹੁੰਦੀ ਹੈ। ਜੂਨ ਤੋਂ ਅੱਧ ਸਤੰਬਰ ਤੱਕ ਮੌਨਸੂਨ ਦਾ ਮੌਸਮ ਹੁੰਦਾ ਹੈ, ਜਦੋਂ ਘਾਟੀ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ। ਪਤਝੜ ਹਲਕੀ ਹੁੰਦੀ ਹੈ ਅਤੇ ਅਕਤੂਬਰ ਤੋਂ ਨਵੰਬਰ ਦੇ ਅੰਤ ਤੱਕ ਰਹਿੰਦੀ ਹੈ। ਸਰਦੀਆਂ ਠੰਡੀਆਂ ਹੁੰਦੀਆਂ ਹਨ ਅਤੇ ਫਰਵਰੀ ਦੇ ਅਖੀਰ ਤੱਕ ਰਹਿੰਦੀਆਂ ਹਨ। ਇਸ ਸਮੇਂ ਦੌਰਾਨ ਪਹਾੜੀਆਂ ਅਤੇ ਘਾਟੀ ਦੇ ਉੱਚੇ ਖੇਤਰਾਂ ਵਿੱਚ ਬਰਫ਼ਬਾਰੀ ਆਮ ਗੱਲ ਹੈ। ਘਾਟੀ ਦੀਆਂ ਨੀਵੀਆਂ ਉਚਾਈਆਂ ਵਿੱਚ ਬਰਫ਼ ਬਹੁਤ ਘੱਟ ਪੈਂਦੀ ਹੈ, ਪਰ ਕਦੇ-ਕਦਾਈਂ ਰਿਕਾਰਡ ਕੀਤੀ ਜਾਂਦੀ ਹੈ। ਪੱਛਮੀ ਗੜਬੜੀਆਂ ਸਰਦੀਆਂ ਦੀ ਵਰਖਾ ਦਾ ਕਾਰਨ ਬਣਦੀਆਂ ਹਨ। ਸਰਦੀਆਂ ਦੇ ਬਾਅਦ ਛੋਟੀ, ਪਰ ਸੁਹਾਵਣੀ ਬਸੰਤ ਰੁੱਤ ਆਉਂਦੀ ਹੈ।
ਕਾਂਗੜਾ ਘਾਟੀ ਵਿੱਚ ਇੱਕ ਵੱਖਰੀ ਪੰਜਾਬੀ ਵਰਗੀ ਖੇਤਰੀ ਬੋਲੀ, ਕਾਂਗੜੀ ਬੋਲੀ ਜਾਂਦੀ ਹੈ। [5]
154 ਅਤੇ 503 ਰਾਸ਼ਟਰੀ ਰਾਜਮਾਰਗ ਘਾਟੀ ਵਿੱਚੋਂ ਲੰਘਦੇ ਹਨ, ਇਸਨੂੰ ਹਿਮਾਚਲ ਪ੍ਰਦੇਸ਼ ਦੇ ਹੋਰ ਹਿੱਸਿਆਂ ਅਤੇ ਗੁਆਂਢੀ ਰਾਜ ਪੰਜਾਬ ਨਾਲ ਜੋੜਦੇ ਹਨ। ਕਈ ਰਾਜ ਮਾਰਗ ਵੀ ਘਾਟੀ ਨੂੰ ਜੋੜਦੇ ਹਨ।
ਕਾਂਗੜਾ ਵੈਲੀ ਰੇਲਵੇ ਇੱਕ 164 ਕਿਲੋਮੀਟਰ ਲੰਬੀ ਨੈਰੋਗੇਜ ਰੇਲਵੇ ਲਾਈਨ ਹੈ ਜੋ ਘਾਟੀ ਨੂੰ ਪਠਾਨਕੋਟ ਨਾਲ ਜੋੜਦੀ ਹੈ।
ਗੱਗਲ ਹਵਾਈ ਅੱਡਾ, ਜਾਂ ਕਾਂਗੜਾ ਹਵਾਈ ਅੱਡਾ ਜਾਂ ਧਰਮਸ਼ਾਲਾ-ਕਾਂਗੜਾ ਹਵਾਈ ਅੱਡਾ ਵਜੋਂ ਜਾਣਿਆ ਵੀ ਜਾਂਦਾ ਹੈ, ਕਾਂਗੜਾ ਘਾਟੀ ਵਿੱਚ ਗੱਗਲ ਵਿਖੇ ਇੱਕ ਹਵਾਈ ਅੱਡਾ ਹੈ। ਇਹ ਧਰਮਸ਼ਾਲਾ ਦੇ ਦੱਖਣ-ਪੱਛਮ ਵੱਲ 14 ਕਿ.ਮੀ. ਦੂਰੀ ਤੇ ਹੈ।
ਘਾਟੀ ਦਾ ਮੁੱਖ ਸ਼ਹਿਰ ਅਤੇ ਜ਼ਿਲ੍ਹੇ ਦੀ ਰਾਜਧਾਨੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਅਤੇ ਭਾਰਤ ਵਿੱਚ ਸਭ ਤੋਂ ਵੱਧ ਸੈਲਾਨੀਆਂ ਵਾਲ਼ੇ ਪਹਾੜੀ ਸਟੇਸ਼ਨਾਂ ਵਿੱਚੋਂ ਇੱਕ ਹੈ। ਇਹ ਧੌਲਾਧਾਰ ਵਿੱਚ ਅਨੇਕਾਂ ਹਿਮਾਲੀਆ ਟ੍ਰੈਕਾਂ ਲਈ ਇੱਕ ਅਧਾਰ ਦਾ ਵੀ ਕੰਮ ਕਰਦਾ ਹੈ, ਜਿਸ ਵਿੱਚ ਟ੍ਰਿੰਡ ਵੀ ਸ਼ਾਮਲ ਹੈ ਜੋ ਭਾਰਤ ਵਿੱਚ ਸਭ ਤੋਂ ਮਸ਼ਹੂਰ ਟ੍ਰੈਕਾਂ ਵਿੱਚੋਂ ਇੱਕ ਹੈ। ਮੈਕਲੀਓਡਗੰਜ ਦਲਾਈ ਲਾਮਾ ਦਾ ਮੌਜੂਦਾ ਨਿਵਾਸ ਹੈ ਅਤੇ ਭਾਰਤ ਵਿੱਚ ਜਲਾਵਤਨ ਤਿੱਬਤੀ ਭਾਈਚਾਰੇ ਦਾ ਕੇਂਦਰ ਹੈ, ਅਤੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਖਿੱਚ ਪਾਉਂਦਾ ਹੈ। ਪਾਲਮਪੁਰ ਅਤੇ ਧਰਮਸ਼ਾਲਾ ਆਪਣੇ ਚਾਹ ਦੇ ਬਾਗਾਂ ਲਈ ਵੀ ਮਸ਼ਹੂਰ ਹਨ ਜਿੱਥੇ ਕਾਂਗੜਾ ਚਾਹ ਉਗਾਈ ਜਾਂਦੀ ਹੈ। ਬੀੜ ਸਾਹਸੀ ਖੇਡਾਂ, ਖਾਸ ਕਰਕੇ ਪੈਰਾਗਲਾਈਡਿੰਗ ਲਈ ਜਾਣਿਆ ਜਾਂਦਾ ਹੈ।