ਕੁੱਲ ਹਿੰਦ ਕਿਸਾਨ ਸਭਾ(ਅਖਿਲ ਭਾਰਤੀ ਕਿਸਾਨ ਸਭਾ) ਦੀ ਸਥਾਪਨਾ 11 ਅਪਰੈਲ 1936 ਨੂੰ ਯੂਪੀ ਦੇ ਸ਼ਹਿਰ ਲਖਨਊ ਵਿੱਚ ਕੀਤੀ ਗਈ ਸੀ। 1929 ਵਿੱਚ ਸਵਾਮੀ ਸਹਜਾਨੰਦ ਸਰਸਵਤੀ ਨੇ ਬਿਹਾਰ ਕਿਸਾਨ ਸਭਾ ਦਾ ਗਠਨ ਕੀਤਾ। ਇਸ ਦਾ ਮੰਤਵ ਮੁਜਾਰਿਆਂ ਦੇ ਹੱਕਾਂ ਲਈ ਉਹਨਾਂ ਨੂੰ ਸੰਘਰਸ਼ ਵਿੱਚ ਲਾਮਬੰਦ ਕਰਨਾ ਸੀ[1][2] 1928 ਵਿੱਚ ਆਂਧਰਾ ਪ੍ਰਾਂਤ ਰਈਅਤ ਸਭਾ ਦੀ ਸਥਾਪਨਾ ਐਨ ਜੀ ਰੰਗਾ ਨੇ ਕੀਤੀ। ਉੜੀਸਾ ਵਿੱਚ ਮਾਲਤੀ ਚੈਧਰੀ ਨੇ ਉੱਤਕਲ ਪ੍ਰਾਂਤ ਦੀ ਕਿਸਾਨ ਸਭਾ ਦੀ ਸਥਾਪਨਾ ਕੀਤੀ। ਬੰਗਾਲ ਵਿੱਚ ਟੇਂਨੇਂਸੀ ਐਕਟ ਨੂੰ ਲੈ ਕੇ ਅਕਰਮ ਖਾਂ, ਅਬਦੁੱਰਹੀਮ, ਫਜਲੁਲਹਕ ਦੀਆਂ ਕੋਸ਼ਸ਼ਾਂ ਨਾਲ 1929 ਵਿੱਚ ਕ੍ਰਿਸ਼ਕ ਪ੍ਰਜਾ ਪਾਰਟੀ ਦੀ ਸਥਾਪਨਾ ਹੋਈ।
ਅਪਰੈਲ 1935 ਵਿੱਚ ਸੰਯੁਕਤ ਪ੍ਰਾਂਤ ਵਿੱਚ ਕਿਸਾਨ ਸੰਘ ਦੀ ਸਥਾਪਨਾ ਹੋਈ। ਇਸ ਸਾਲ ਐਨ ਜੀ ਰੰਗਾ ਅਤੇ ਹੋਰ ਕਿਸਾਨ ਨੇਤਾਵਾਂ ਨੇ ਸਾਰੀਆਂ ਸੂਬਾਈ ਕਿਸਾਨ ਸਭਾਵਾਂ ਨੂੰ ਮਿਲਾਕੇ ਇੱਕ ਕੁੱਲ ਭਾਰਤੀ ਕਿਸਾਨ ਸੰਗਠਨ ਬਣਾਉਣ ਦੀ ਯੋਜਨਾ ਬਣਾਈ। ਆਪਣੇ ਇਸ ਉਦੇਸ਼ ਨੂੰ ਅੱਗੇ ਵਧਾਉਂਦੇ ਹੋਏ ਕਿਸਾਨ ਨੇਤਾਵਾਂ ਨੇ 11 ਅਪਰੈਲ 1936 ਨੂੰ ਲਖਨਊ ਵਿੱਚ ਅਖਿਲ ਭਾਰਤੀ ਕਿਸਾਨ ਸਭਾ ਦੀ ਸਥਾਪਨਾ ਕੀਤੀ। ਸਵਾਮੀ ਸਹਜਾਨੰਦ ਸਰਸਵਤੀ ਇਸ ਦੇ ਪ੍ਰਧਾਨ ਅਤੇ ਪ੍ਰੋ ਐਨ ਜੀ ਰੰਗਾ ਇਸ ਦੇ ਜਨਰਲ ਸਕੱਤਰ ਚੁਣੇ ਗਏ। ਕੁੱਲ ਭਾਰਤੀ ਕਿਸਾਨ ਸਭਾ ਦੇ ਗਠਨ ਸਮਾਰੋਹ ਨੂੰ ਜਵਾਹਰ ਲਾਲ ਨਹਿਰੂ ਨੇ ਵੀ ਸੰਬੋਧਿਤ ਕੀਤਾ ਸੀ। ਇਸ ਇਕੱਠ ਵਿੱਚ 1 ਸਤੰਬਰ 1936 ਨੂੰ ਕਿਸਾਨ ਦਿਹਾੜੇ ਵਜੋਂ ਮਨਾਣ ਦਾ ਫ਼ੈਸਲਾ ਕੀਤਾ ਗਿਆ।