"ਗੁਪਤ ਚਮਤਕਾਰ" ਇੱਕ ਨਿੱਕੀ ਕਹਾਣੀ ਹੈ ਜੋ ਅਰਜਨਟੀਨਾ ਦੇ ਲੇਖਕ ਅਤੇ ਕਵੀ ਹੋਰਹੇ ਲੂਈਸ ਬੋਰਹੇਸ. ਦੀ ਲਿਖੀ ਹੈ। ਇਸ ਨੂੰ ਪਹਿਲੇ ਰਸਾਲੇ Sur ਵਿੱਚ ਫਰਵਰੀ 1943 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।
ਕਹਾਣੀ ਦਾ ਮੁੱਖ ਪਾਤਰ ਇੱਕ ਨਾਟਕਕਾਰ ਹੈ ਜਿਸਦਾ ਨਾਮ ਜਾਰੋਮਿਰ ਹਿਲੈਡਿਕ ਹੈ,[1] ਅਤੇ ਜੋ ਪ੍ਰਾਗ ਵਿੱਚ ਰਹਿ ਰਿਹਾ ਹੈ। ਉਦੋਂ ਦੂਜੇ ਵਿਸ਼ਵ ਯੁੱਧ ਦੌਰਾਨ ਪ੍ਰਾਗ ਤੇ ਨਾਜ਼ੀ ਕਬਜ਼ਾ ਸੀ। ਹਲਾਦਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸਤੇ ਯਹੂਦੀ ਹੋਣ ਦੇ ਨਾਲ਼ ਨਾਲ਼ ਐਨਸ਼ੂਲਸ ਦਾ ਵਿਰੋਧ ਕਰਨ ਦਾ ਦੋਸ਼ ਹੈ ਅਤੇ ਫਾਇਰਿੰਗ ਦਸਤੇ ਦੁਆਰਾ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਸਜ਼ਾ ਦਿੱਤੀ ਗਈ ਹੈ।
ਭਾਵੇਂ ਕਿ ਉਹ ਇੱਕ ਵਾਰ ਤਾਂ ਮੌਤ ਦਾ ਡਰ ਅਤੇ ਮਹਿਜ਼ ਦਹਿਸ਼ਤ ਦਾ ਅਨੁਭਵ ਕਰਦਾ ਹੈ, ਪਰ ਛੇਤੀ ਹੀ ਹਿਲੈਡਿਕ ਦੀ ਮੁੱਖ ਚਿੰਤਾ ਉਸ ਦੇ ਅਧੂਰੇ ਨਾਟਕ ਵੱਲ ਮੁੜ ਜਾਂਦੀ ਹੈ, ਜਿਸ ਦਾ ਸਿਰਲੇਖ ਦੁਸ਼ਮਣ ਹੈ। ਉਹ ਆਪਣੀ ਪੁਰਾਣੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਹੈ, ਅਤੇ ਇਸ ਨਾਟਕ ਨੂੰ ਪੂਰਾ ਕਰਨਾ ਚਾਹੁੰਦਾ ਹੈ, ਜਿਸ ਬਾਰੇ ਉਹ ਮਹਿਸੂਸ ਕਰਦਾ ਹੈ ਇਸ ਦੁਆਰਾ ਇਤਿਹਾਸ ਉਸਦਾ ਨਿਰਣਾ ਕਰੇਗਾ ਅਤੇ ਉਸਨੂੰ ਸਿੱਧ ਕਰੇਗਾ। ਉਸ ਦੇ ਦੋ ਐਕਟ ਲਿਖਣ ਤੋਂ ਰਹਿੰਦੇ ਹਨ ਅਤੇ ਉਸ ਦੀ ਮੌਤ ਦੀ ਸਜ਼ਾ ਦਿਨਾਂ ਦਾ ਮਾਮਲਾ ਹੈ, ਇਸ ਲਈ ਇਹ ਅਸੰਭਵ ਲਗਦਾ ਹੈ ਕਿ ਉਹ ਸਮੇਂ ਸਿਰ ਇਸ ਨੂੰ ਪੂਰਾ ਕਰ ਸਕਦਾ ਹੈ।
ਆਪਣੀ ਮੌਤ ਤੋਂ ਇੱਕ ਰਾਤ ਪਹਿਲਾਂ, ਹਿਲੈਡਿਕ ਨੇ ਪ੍ਰਮੇਸ਼ਰ ਨੂੰ ਪ੍ਰਾਰਥਨਾ ਕੀਤੀ ਅਤੇ ਬੇਨਤੀ ਕੀਤੀ ਕਿ ਉਹ ਇਸ ਨਾਟਕ ਨੂੰ ਪੂਰਾ ਕਰਨ ਲਈ ਇੱਕ ਸਾਲ ਦੇ ਦੇਵੇ। ਉਸ ਰਾਤ, ਉਹ ਕਲੇਮਨਟੀਨਮ ਲਾਇਬਰੇਰੀ ਜਾਣ ਦਾ ਸੁਪਨਾ ਦੇਖਦਾ ਹੈ, ਜਿੱਥੇ ਇੱਕ ਪੁਸਤਕ ਵਿੱਚ ਰੱਬ ਕਿਸੇ ਇੱਕ ਪੰਨੇ ਤੇ ਇੱਕ ਅੱਖਰ ਵਿੱਚ ਸ਼ਾਮਲ ਹੁੰਦਾ ਹੈ, ਜਿਥੇ ਆਪਣਾ ਜ਼ਿਆਦਾਤਰ ਜੀਵਨ ਲੱਭਣ ਵਿੱਚ ਦੇ ਖਰਚ ਕਰਨ ਦੇ ਬਾਵਜੂਦ ਬੁਢਾ, ਕਠੋਰ ਲਾਇਬਰੇਰੀਅਨ ਲੱਭਣ ਵਿੱਚ ਅਸਮਰਥ ਰਹਿੰਦਾ ਹੈ। ਕਿਸੇ ਨੇ ਲਾਇਬਰੇਰੀ ਨੂੰ ਐਟਲਸ ਵਾਪਸ ਕੀਤੀ ਹੈ; ਹਲਾਦੀਕ ਨੇ ਭਾਰਤ ਦੇ ਨਕਸ਼ੇ ਤੇ ਇੱਕ ਅੱਖਰ ਨੂੰ ਛੋਹ ਲਿਆ ਹੈ ਅਤੇ ਇੱਕ ਆਵਾਜ਼ ਸੁਣੀ ਹੈ ਜਿਸ ਨੇ ਉਸਨੂੰ ਕਿਹਾ ਹੈ, "ਤੁਹਾਡੇ ਕੰਮ ਲਈ ਸਮਾਂ ਦੇ ਦਿੱਤਾ ਗਿਆ ਹੈ"।
ਅਗਲੇ ਦਿਨ ਨਿਯਤ ਸਮੇਂ ਤੇ, ਦੋ ਸਿਪਾਹੀ ਹਿਲੈਡਿਕ ਨੂੰ ਫੜਨ ਲਈ ਆਉਂਦੇ ਹਨ ਅਤੇ ਉਸ ਨੂੰ ਬਾਹਰ ਲਿਜਾਇਆ ਜਾਂਦਾ ਹੈ ਅਤੇ ਫਾਇਰਿੰਗ ਟੀਮ ਉਸ ਦੇ ਸਾਹਮਣੇ ਖੜ੍ਹੀ ਹੁੰਦੀ ਹੈ। ਸਾਰਜੈਂਟ ਗੋਲੀ ਦਾਗਣ ਦਾ ਆਦੇਸ਼ ਦਿੰਦਾ ਹੈ, ਅਤੇ ਸਮਾਂ ਰੁਕ ਜਾਂਦਾ ਹੈ। ਸਮੁੱਚਾ ਸੰਸਾਰ ਅਚਾਨਕ ਸੁੰਨ ਹੋ ਜਾਂਦਾ ਹੈ, ਜਿਸ ਵਿੱਚ ਹਿਲੈਡਿਕ ਵੀ ਸ਼ਾਮਲ ਹੈ, ਜੋ ਫਾਇਰਿੰਗ ਦਸਤੇ ਦੇ ਮੂਹਰੇ ਖੜਾ ਹੈ; ਹਾਲਾਂਕਿ ਉਹ ਪੂਰੀ ਤਰ੍ਹਾਂ ਸਕਤੇ ਵਿੱਚ ਹੈ, ਫਿਰ ਵੀ ਉਹ ਸਚੇਤ ਰਹਿੰਦਾ ਹੈ ਕੁਝ ਸਮੇਂ ਬਾਅਦ ਉਸ ਨੂੰ ਸਮਝ ਪੈਂਦਾ ਹੈ: ਰੱਬ ਨੇ ਉਸ ਨੂੰ ਉਹ ਸਮਾਂ ਦੇ ਦਿੱਤਾ ਹੈ ਜਿਸ ਲਈ ਉਸ ਨੇ ਬੇਨਤੀ ਕੀਤੀ ਸੀ। ਉਸ ਲਈ, ਸਰਜੇਂਟ ਦੇ ਆਦੇਸ਼ ਅਤੇ ਸੈਨਿਕਾਂ ਨੂੰ ਆਪਣੀਆਂ ਰਾਈਫਲਾਂ ਤੋਂ ਗੋਲੀਆਂ ਦਾਗਣ ਦੇ ਵਿਚਕਾਰ ਅੰਤਰਮੁਖੀ ਸਮੇਂ ਦਾ ਇੱਕ ਸਾਲ ਲੰਘੇਗਾ, ਹਾਲਾਂਕਿ ਹੋਰ ਕਿਸੇ ਨੂੰ ਭਿਣਕ ਤੱਕ ਨਹੀਂ ਹੋਵੇਗੀ ਕਿ ਕੁਝ ਅਸਾਧਾਰਨ ਹੋਇਆ ਹੈ - ਇਸ ਲਈ, ਕਹਾਣੀ ਦਾ ਸਿਰਲੇਖ ਹੈ: "ਗੁਪਤ ਚਮਤਕਾਰ"।
ਯਾਦ ਤੋਂ ਕੰਮ ਲੈਂਦੇ ਹੋਏ, ਹਿਲੈਡਿਕ ਆਪਣਾ ਨਾਟਕ ਲਿਖਦਾ, ਵਿਸਤਾਰਦਾ ਅਤੇ ਸੰਪਾਦਿਤ ਕਰਦਾ ਹੈ, ਆਪਣੀ ਸੰਤੁਸ਼ਟੀ ਲਈ ਹਰ ਵੇਰਵੇ ਅਤੇ ਬਾਰੀਕੀ ਨੂੰ ਘੋਖਦਾ ਤੇ ਸੋਧਦਾ ਹੈ। ਅੰਤ ਵਿੱਚ, ਇੱਕ ਸਾਲ ਦੀ ਮਿਹਨਤ ਦੇ ਬਾਅਦ, ਉਹ ਇਸ ਨੂੰ ਪੂਰਾ ਕਰਦਾ ਹੈ; ਕੇਵਲ ਇੱਕ ਲਕਬ ਨੂੰ ਲਿਖਣ ਤੋਂ ਛੱਡ ਦਿੱਤਾ ਗਿਆ ਹੈ, ਜਿਸ ਨੂੰ ਅੰਤ ਉਹ ਚੁਣ ਲੈਂਦਾ ਹੈ, ਅਤੇ ਸਮਾਂ ਫਿਰ ਸ਼ੁਰੂ ਹੋ ਜਾਂਦਾ ਹੈ ਅਤੇ ਸੈਨਿਕਾਂ ਦੀਆਂ ਰਾਈਫ਼ਲਾਂ ਦੀ ਬੁਛਾੜ ਉਸ ਨੂੰ ਮਾਰ ਦਿੰਦੀ ਹੈ।