ਚੰਦਰਕਾਂਤ ਸੇਠ (ਜਨਮ 3 ਫਰਵਰੀ 1938) ਗੁਜਰਾਤ, ਭਾਰਤ ਤੋਂ ਇੱਕ ਗੁਜਰਾਤੀ ਕਵੀ, ਨਿਬੰਧਕਾਰ, ਆਲੋਚਕ, ਅਨੁਵਾਦਕ ਅਤੇ ਕੰਪਾਇਲਰ ਹੈ। ਉਸ ਦੇ ਕਲਮੀ ਨਾਵਾਂ ਵਿੱਚ ਆਰਿਆਪੁੱਤਰ, ਨੰਦ ਸਮਾਵੇਦੀ, ਬਾਲਚਦਰਾ ਅਤੇ ਦਕਸ਼ ਪ੍ਰਜਾਪਤੀ ਸ਼ਾਮਲ ਹਨ। ਉਸਨੇ 1986 ਵਿੱਚ ਆਪਣੀ ਕਿਤਾਬ ਧੂਲਮਨੀ ਪਗਲੀਓ ਲਈ ਗੁਜਰਾਤੀ ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।[1]
ਚੰਦਰਕਾਂਤ ਦਾ ਜਨਮ 3 ਫਰਵਰੀ 1938 ਨੂੰ ਪੰਚਮਹਿਲ ਜ਼ਿਲ੍ਹੇ ਦੇ ਇੱਕ ਪਿੰਡ ਕਲੋਲ ਵਿੱਚ ਹੋਇਆ ਸੀ। ਉਸ ਦਾ ਪਰਿਵਾਰ ਖੇੜਾ ਦੇ ਪਿੰਡ ਠਸਰਾ ਦਾ ਮੂਲ ਵਸਨੀਕ ਹੈ। ਉਸਨੇ 1954 ਵਿੱਚ ਦਸਵੀਂ ਪਾਸ ਕੀਤੀ, 1958 ਵਿੱਚ ਬੀ.ਏ. ਅਤੇ 1961 ਵਿੱਚ ਗੁਜਰਾਤ ਯੂਨੀਵਰਸਿਟੀ ਤੋਂ ਆਪਣੇ ਮੁੱਖ ਵਿਸ਼ਿਆਂ ਵਜੋਂ ਗੁਜਰਾਤੀ ਅਤੇ ਸੰਸਕ੍ਰਿਤ ਨਾਲ ਐਮ.ਏ ਕੀਤੀ। ਉਸਨੇ 1979 ਵਿੱਚ ਉਮਾਸ਼ੰਕਰ ਜੋਸ਼ੀ ਉੱਤੇ ਖੋਜ ਥੀਸਿਸ ਨਾਲ ਗੁਜਰਾਤ ਵਿਦਿਆਪੀਠ ਤੋਂ ਪੀਐਚ.ਡੀ. ਕੀਤੀ।[2]
ਉਸਨੇ 1961–62 ਵਿੱਚ ਸੇਂਟ ਜ਼ੇਵੀਅਰਜ਼ ਕਾਲਜ, ਅਹਿਮਦਾਬਾਦ ਵਿੱਚ ਪਾਰਟ-ਟਾਈਮ ਲੈਕਚਰਾਰ ਵਜੋਂ ਸੇਵਾ ਨਿਭਾਈ। ਉਸਨੇ ਗੁਜਰਾਤ ਦੇ ਵੱਖ-ਵੱਖ ਕਾਲਜਾਂ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾਈ, ਜਿਨ੍ਹਾਂ ਵਿੱਚ ਕਪਡਵੰਜ ਕਾਲਜ (1962–63), ਗੁਜਰਾਤ ਵਿਦਿਆਪੀਠ (1963–1966), ਭਕਤਾ ਵੱਲਭ ਢੋਲਾ ਕਾਲਜ (1966–1972) ਅਤੇ ਫੇਰ ਗੁਜਰਾਤ ਵਿਦਿਆਪੀਠ (1972–1979) ਸ਼ਾਮਲ ਹਨ। 1979 ਤੋਂ 1984 ਤਕ, ਉਸਨੇ ਗੁਜਰਾਤੀ ਸਾਹਿਤ ਪ੍ਰੀਸ਼ਦ ਦੁਆਰਾ ਚਲਾਏ ਜਾਂਦੇ ਕੇ.ਐਲ. ਸਵਾਧਿਆਯ ਮੰਦਰ ਦੇ ਮੈਨੇਜਰ ਵਜੋਂ ਸੇਵਾ ਨਿਭਾਈ ਅਤੇ ਗੁਜਰਾਤੀ ਸਾਹਿਤਕੋਸ਼ ਦੇ ਸਹਿ ਸੰਪਾਦਕ ਵਜੋਂ ਵੀ ਕੰਮ ਕੀਤਾ। ਉਹ ਫਿਰ ਗੁਜਰਾਤ ਵਿਦਿਆਪੀਠ ਵਿੱਚ ਸ਼ਾਮਲ ਹੋ ਗਿਆ ਅਤੇ ਗੁਜਰਾਤੀ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਇਆ। ਉਹ ਗੁਜਰਾਤੀ ਵਿਸ਼ਵਕੋਸ਼ ਟਰੱਸਟ, ਅਹਿਮਦਾਬਾਦ ਵਿੱਚ ਆਨਰੇਰੀ ਵਜੋਂ ਕੰਮ ਕਰਦਾ ਹੈ।[1][2]
ਸ਼ੇਠ ਨੇ ਕਈ ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤੇ ਹਨ, ਪਵਨ ਰੂਪੇਰੀ (1972) ਅਤੇ ਉਘੜਤੀ ਦਿਵਾਲੋ (1974) ਉਸ ਦੇ ਮੁਢਲੇ ਕਾਵਿ ਸੰਗ੍ਰਹਿ ਹਨ। ਪੜਗਾਨੀ ਪੇਲੇ ਪਾਰ (1948) ਅਤੇ ਗਗਨ ਖੋਲਤੀ ਬਾਰੀ (1990) ਉਸ ਦੇ ਗੀਤਾਂ ਦੇ ਸੰਗ੍ਰਹਿ ਹਨ, ਏਕ ਤਾਹੂਕੋ ਪਾਂਡਮਾ (1986) ਗ਼ਜ਼ਲਾਂ ਦਾ ਸੰਗ੍ਰਹਿ ਹੈ ਜਦੋਂਕਿ ਚੰਡਾਲੀਆ ਨੀ ਗੱਦੀ (1980) ਅਤੇ ਹੂ ਤੋ ਚਲੂ ਮਾਰੀ ਜੈਮ! (2001) ਉਸ ਦੇ ਬੱਚਿਆਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਹਨ। ਉਸਦੇ ਹੋਰ ਸੰਗ੍ਰਹਿ ਸ਼ਕਸਾਰਤ ਗੀਤੋ (1990), ਸ਼ੇਗ ਏਕ ਜ਼ੇਲਹਾਲੀ (1999), ਅੰਨਦਮਾਠੀ ਵੇ, ਉਂਚਨਮਾ ਲਾਇ ਜੇ (2004) ਅਤੇ ਜਲ ਵਡੇਲ ਅਨੀ ਵੀਜ (2005) ਹਨ। ਰਮੇਸ਼ ਐਮ. ਤ੍ਰਿਵੇਦੀ ਨੇ ਚੰਦਰਕਾਂਤ ਸ਼ੇਠ ਨਾ ਕਾਵਯੋ (2001) ਦੇ ਤੌਰ ਤੇ ਚੁਣੀਆਂ ਕਵਿਤਾਵਾਂ ਸੰਪਾਦਿਤ ਕੀਤੀਆਂ ਹਨ।[2][3]