ਜਲੰਧਰ ਹਿੰਦੂ ਮਿਥਹਾਸ ਵਿੱਚ ਆਉਂਦਾ ਇੱਕ ਦੈਤ ਹੈ। ਪਦਮਪੁਰਾਣ ਅਨੁਸਾਰ ਜਟਾਧਾਰੀ ਰੂਪ ਵਿੱਚ ਬੈਠੇ ਸ਼ੰਕਰ ਤੋਂ ਇੰਦਰ ਨੇ ਜਦੋਂ ਸ਼ੰਕਰ ਦਾ ਪਤਾ ਪੁੱਛਿਆ ਤਾਂ ਉਸਨੇ ਕੋਈ ਜਵਾਬ ਨਾ ਦਿੱਤਾ। ਇੰਦਰ ਨੇ ਉਸਤੇ ਵਾਰ ਕਰ ਦਿੱਤਾ ਤਾਂ ਸ਼ੰਕਰ ਦੇ ਮੱਥੇ ਵਿੱਚੋਂ ਕ੍ਰੋਧਅਗਨੀ ਨਿਕਲਣ ਲੱਗੀ। ਬ੍ਰਹਿਸਪਤੀ ਨੇ ਸ਼ਿਵ ਨੂੰ ਪਛਾਣ ਲਿਆ ਅਤੇ ਉਸਤਤੀ ਕਰ ਇੰਦਰ ਨੂੰ ਖਿਮਾ ਕਰਨ ਦੀ ਮੰਗ ਕੀਤੀ। ਉਸਨੇ ਬੇਨਤੀ ਮੰਨ ਖਿਮਾ ਕਰ ਦਿੱਤਾ ਅਤੇ ਤੀਜੀ ਅੱਖ ਵਿੱਚੋਂ ਨਿਕਲੇ ਤੇਜ਼ ਨੂੰ ਹਥ ਵਿੱਚ ਸੰਭਾਲ ਖੀਰ ਦੇ ਸਮੁੰਦਰ ਵਿੱਚ ਸੁੱਟ ਦਿੱਤਾ। ਇਸ ਦੇ ਪਰਿਣਾਮ ਵਜੋਂ ਸਮੁੰਦਰ ਵਿੱਚੋਂ ਇੱਕ ਬਾਲਕ ਦਾ ਜਨਮ ਹੋਇਆ ਜਿਸਦਾ ਨਾਮ ਜਲੰਧਰ ਰੱਖਿਆ ਗਿਆ। ਵੱਡਾ ਹੋਣ ਤੇ ਜਲੰਧਰ ਅਸੁਰਾਂ ਦਾ ਸ਼ਕਤੀਸ਼ਾਲੀ ਰਾਜਾ ਬਣਿਆ ਅਤੇ ਉਸਨੇ ਦੇਵਾਂ ਨੂੰ ਜਿੱਤ ਲਿਆ ਸੀ।[1] ਇੱਕ ਕਹਾਣੀ ਵਿੱਚ, ਉਸ ਨੇ ਸ਼ਿਵ ਨੂੰ ਪਖੰਡੀ ਤੱਕ ਕਿਹਾ ਹੈ ਕਿ ਉਹ ਇੱਕ ਜੋਗੀ ਹੋਣ ਦਾ ਦਾਅਵਾ ਕਰਦਾ ਹੈ ਪਰ ਪਾਰਵਤੀ ਨੂੰ ਪਤਨੀ ਬਣਾ ਰੱਖਿਆ ਹੈ। ਜਲੰਧਰ ਸ਼ਿਵ ਨੂੰ ਤਜਵੀਜ਼ ਦਿੰਦਾ ਹੈ ਕਿ ਉਹ ਪਾਰਵਤੀ ਉਸਨੂੰ ਦੇ ਦੇਵੇ:
ਤੁਸੀਂ ਭੀਖ ਤੇ ਪਲਦੇ ਹੋ, ਅਤੇ ਹਾਲੇ ਵੀ ਸੁੰਦਰ ਪਾਰਵਤੀ ਕਿਵੇਂ ਰੱਖ ਸਕਦੇ ਹੋ? ਉਸ ਨੂੰ ਮੈਨੂੰ ਦੇ ਦੇਵੋ, ਅਤੇ ਆਪ ਭੀਖ ਵਾਲਾ ਬਾਟਾ ਲਈ ਦਰ ਦਰ ਭਟਕਦੇ ਫਿਰੋ। ਤੁਸੀਂ ਆਪਣੇ ਇਕਰਾਰ ਤੋਂ ਤੱਕ ਡਿੱਗ ਪਏ ਹੋ। ਤੁਸੀਂ ਇੱਕ ਯੋਗੀ ਹੋ, ਤੁਹਾਨੂੰ ਪਤਨੀ ਜਵਾਹਰ ਦੀ ਲੋੜ ਕੀ ਹੈ? ਤੁਸੀਂ ਜੰਗਲ ਵਿੱਚ ਭੂਤਾਂ ਅਤੇ ਬਦਰੂਹਾਂ ਵਿੱਚ ਘਿਰੇ ਰਹਿੰਦੇ ਹੋ; ਇੱਕ ਨਾਂਗੇ ਯੋਗੀ ਹੋਣ ਨਾਤੇ ਤੁਹਾਨੂੰ ਆਪਣੀ ਪਤਨੀ ਨੂੰ ਕਿਸੇ ਐਸੇ ਜਣੇ ਨੂੰ ਦੇਣਾ ਚਾਹੀਦਾ ਹੈ, ਜੋ ਉਸ ਦੇ ਸੁਹੱਪਣ ਦੀ ਕਦਰ ਬਿਹਤਰ ਜਾਣ ਸਕੇ।