ਜੀਵਨ ਗੁਣਵੱਤਾ ਸੂਚਕ ਗੈਰ-ਆਰਥਿਕ ਤੱਤਾਂ ਦੇ ਆਧਾਰ ਤੇ ਵੱਖ-ਵੱਖ ਦੇਸ਼ਾਂ ਵਿੱਚ ਜੀਵਨ ਦੀ ਗੁਣਵੱਤਾ ਨੂੰ ਮਾਪਣ ਦਾ ਮੁੱਢਲਾ ਯਤਨ ਸਮਝਿਆ ਜਾਂਦਾ ਹੈ। 1979 ਵਿੱਚ ਮੌਰਿਸ ਡੀ ਮੌਰਿਸ ਨੇ ਤਿੰਨ ਗੈਰ ਆਰਥਿਕ ਸੂਚਕਾਂ ਦੇ ਆਧਾਰ ਤੇ ਜੀਵਨ ਗੁਣਵੱਤਾ ਸੂਚਕ ਦਾ ਨਿਰਮਾਣ ਕੀਤਾ।[1] ਉਸ ਦੇ ਅਨੁਸਾਰ ਇਹ ਸੂਚਕ ਹੇਠਾਂ ਦਿੱਤੇ ਤਿੰਨ ਸੂਚਕਾਂ ਦੀ ਔਸਤ ਦੇ ਰੂਪ ਵਿੱਚ ਮਾਪਿਆ ਜਾਂਦਾ ਹੈ:
ਇਹਨਾਂ ਸੂਚਕਾਂ ਵਿੱਚ ਸ਼ਿਸ਼ੂ ਮੌਤ ਦਰ ਦੇ ਵਧਣ ਨਾਲ ਲੋਕਾਂ ਦੇ ਜੀਵਨ ਦੀ ਗੁਣਵੱਤਾ ਘਟਦੀ ਹੈ ਜਦ ਕਿ ਜੀਵਨ ਆਸ਼ਾ ਅਤੇ ਮੁਢਲੀ ਸਾਖਰਤਾ ਦੀ ਦਰ ਵਧਣ ਨਾਲ ਜੀਵਨ ਬੇਹਤਰ ਹੁੰਦਾ ਹੈ। ਇਸ ਲਈ ਇਹਨਾਂ ਸੂਚਕਾਂ ਦੇ ਵੱਖਰੇ ਪ੍ਰਭਾਵ ਕਾਰਨ, ਇਹਨਾਂ ਦੀ ਗਣਨਾ ਵਿੱਚ ਅੰਤਰ ਕੀਤਾ ਗਿਆ ਹੈ। ਜੀਵਨ ਗੁਣਵੱਤਾ ਉੱਪਰ ਧਨਾਤਮਕ ਪ੍ਰਭਾਵ ਪਾਉਣ ਵਾਲੇ ਸੂਚਕਾਂ ਮੁਢਲੀ ਸਾਖਰਤਾ ਅਤੇ ਜੀਵਨ ਆਸ਼ਾ ਦੀ ਗਣਨਾ ਹੇਠਾਂ ਦਿੱਤੇ ਫਾਰਮੂਲੇ ਰਾਹੀਂ ਕੀਤੀ ਜਾਂਦੀ ਹੈ:
ਪ੍ਰਾਪਤੀ ਦਾ ਪੱਧਰ=(ਅਸਲ ਮੁੱਲ-ਨਿਊਨਤਮ ਮੁੱਲ)/(ਅਧਿਕਤਮ ਮੁੱਲ-ਨਿਊਨਤਮ ਮੁੱਲ)
ਦੂਜੇ ਪਾਸੇ ਰਿਣਾਤਮਕ ਪ੍ਰਭਾਵ ਵਾਲੇ ਸੂਚਕ ਸ਼ਿਸ਼ੂ ਮੌਤ ਦਰ ਦੀ ਗਣਨਾ ਲਈ ਹੇਠ ਲਿਖਿਆ ਫਾਰਮੂਲਾ ਵਰਤਿਆ ਜਾਂਦਾ ਹੈ:
ਪ੍ਰਾਪਤੀ ਦਾ ਪੱਧਰ=(ਨਿਊਨਤਮ ਮੁੱਲ-ਅਸਲ ਮੁੱਲ)/(ਅਧਿਕਤਮ ਮੁੱਲ-ਨਿਊਨਤਮ ਮੁੱਲ)
ਉੱਪਰੋਕਤ ਸੂਚਕਾਂ ਦੇ ਮੁੱਲ ਦੇ ਆਧਾਰ ਤੇ ਜੀਵਨ ਗੁਣਵੱਤਾ ਦਾ ਸੂਚਕ ਹੇਠ ਦਿੱਤੇ ਅਨੁਸਾਰ ਮਾਪਿਆ ਜਾਂਦਾ ਹੈ:
ਜੀਵਨ ਗੁਣਵੱਤਾ ਦਾ ਸੂਚਕ= 1/3(ਸ਼ਿਸ਼ੂ ਮੌਤ ਦਰ ਦਾ ਸੂਚਕ + ਜੀਵਨ ਆਸ਼ਾ ਦਰ ਦਾ ਸੂਚਕ + ਮੁਢਲੀ ਸਾਖਰਤਾ ਦਾ ਸੂਚਕ)
ਇਸ ਤਰ੍ਹਾਂ ਜੀਵਨ ਗੁਣਵੱਤਾ ਦੇ ਸੂਚਕ ਦਾ ਮੁੱਲ 0-100 ਵਿਚਕਾਰ ਹੋ ਸਕਦਾ ਹੈ। ਇੱਥੇ 0 ਨਿਊਨਤਮ ਅਤੇ 100 ਅਧਿਕਤਮ ਮੁੱਲ ਨੂੰ ਦਰਸਾਉਂਦਾ ਹੈ। ਇਸ ਸੂਚਕ ਦੇ ਮੁੱਲ ਦੇ ਆਧਾਰ ਤੇ ਵੱਖ ਵੱਖ ਦੇਸ਼ਾਂ ਦੇ ਜੀਵਨ ਪੱਧਰ ਦੀ ਦਰਜਾਬੰਦੀ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਵਸ਼ਿੰਦਿਆਂ ਦੇ ਜੀਵਨ ਦੀ ਗੁਣਵੱਤਾ ਦਾ ਤੁਲਨਾਤਮਕ ਅਧਿਐਨ ਕੀਤਾ ਜਾ ਸਕਦਾ ਹੈ। ਪਰ ਹੁਣ ਇਹ ਸੂਚਕ ਬਹੁਤਾ ਵਰਤੋਂ ਵਿੱਚ ਨਹੀਂ ਆਉਂਦਾ ਅਤੇ ਇਸ ਦੀ ਥਾਂ ਸੰਯੁਕਤ ਰਾਸ਼ਟਰ ਸੰਘ ਦੁਆਰਾ ਬਣਾਏ ਗਏ ਮਨੁੱਖੀ ਵਿਕਾਸ ਸੂਚਕ ਨੇ ਲੈ ਲਈ ਹੈ।