ਜੱਗਾ ਜੱਟ | |
---|---|
ਜਨਮ | ਜਗਤ ਸਿੰਘ ਸਿੱਧੂ 1901/1902[1] |
ਹੋਰ ਨਾਮ | ਜੱਗਾ ਡਾਕੂ |
ਲਈ ਪ੍ਰਸਿੱਧ | ਅਮੀਰਾਂ ਦੇ ਡਾਕੇ ਮਾਰਨਾ ਅਤੇ ਗਰੀਬਾਂ ਨੂੰ ਵੰਡ ਦੇਣਾ |
ਜੀਵਨ ਸਾਥੀ | ਇੰਦਰ ਕੌਰ |
ਬੱਚੇ | ਗੁਲਾਬ ਕੌਰ ਉਰਫ ਗਾਬੋ |
Parent | ਸਰਦਾਰ ਮੱਖਣ ਸਿੰਘ ਅਤੇ ਭਾਗਾਂ |
ਜੱਗਾ ਜੱਟ ਦੇ ਨਾਂ ਨਾਲ ਜਾਣਿਆ ਜਾਂਦਾ ਜਗਤ ਸਿੰਘ ਸਿੱਧੂ ਪੰਜਾਬ ਦਾ ਇੱਕ ਨਾਇਕ ਡਾਕੂ ਸੀ[3][4][5] ਜੋ ਅਮੀਰਾ ਤੋਂ ਲੁੱਟ ਕੇ ਗ਼ਰੀਬਾਂ ਨੂੰ ਦੇਣ ਲਈ ਜਾਣਿਆ ਜਾਂਦਾ ਹੈ। ਉਸਨੂੰ ਪੰਜਾਬ ਦਾ ਰੌਬਿਨਹੁੱਡ ਆਖਿਆ ਜਾਂਦਾ ਹੈ।[6] ਉਸਨੂੰ ਜੱਗਾ ਡਾਕੂ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ ਅਤੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਉਸਦੀ ਜ਼ਿੰਦਗੀ ’ਤੇ ਇਸ ਨਾਮ ਦੀਆਂ ਕਈ ਫ਼ਿਲਮਾਂ ਵੀ ਬਣੀਆਂ।
ਜੱਗੇ ਦਾ ਜਨਮ 1901/02[1] ਵਿੱਚ ਬਤੌਰ ਜਗਤ ਸਿੰਘ, ਇੱਕ ਸਿੱਖ ਪਰਵਾਰ ਵਿਚ, ਪਿਤਾ ਮੱਖਣ ਸਿੰਘ ਦੇ ਘਰ ਮਾਂ ਭਾਗਣ ਦੀ ਕੁੱਖੋਂ ਲਾਹੌਰ ਜ਼ਿਲੇ ਦੇ ਇੱਕ ਪਿੰਡ ਬੁਰਜ ਰਣ ਸਿੰਘ ਵਾਲ਼ਾ ਵਿਖੇ ਹੋਇਆ।[1][2][7] ਇਹ ਪਿੰਡ ਹੁਣ ਕਸੂਰ ਜ਼ਿਲੇ ਵਿੱਚ ਪੈਂਦਾ ਹੈ।
ਉਸਦੇ ਦੋ ਭੈਣਾਂ ਸਨ।[2] ਜੱਗੇ ਤੋਂ ਪਹਿਲਾਂ ਸ. ਮੱਖਣ ਸਿੰਘ ਅਤੇ ਭਾਗਣ ਦੇ ਛੇ ਬੱਚੇ ਹੋਏ ਪਰ ਉਹਨਾਂ ਵਿਚੋਂ ਕੋਈ ਨਾ ਬਚਿਆ।[7] ਇਸ ਕਰਕੇ ਮੱਖਣ ਸਿੰਘ ਨੇੜਲੇ ਪਿੰਡ ਸੋਢੀ ਵਾਲ਼ਾ ਦੇ ਇੱਕ ਸੰਤ ਇੰਦਰ ਸਿੰਘ ਕੋਲ਼ ਗਏ ਜਿਸਨੇ ਉਸਨੂੰ ਇੱਕ ਬੱਕਰਾ ਖ਼ਰੀਦਣ ਲਈ ਕਿਹਾ ਅਤੇ ਕਿਹਾ ਕਿ ਅਗਲਾ ਬੱਚਾ ਇਸਨੂੰ ਛੂਹਵੇ। ਸੰਤ ਨੇ ਇਹ ਵੀ ਆਖਿਆ ਕਿ ਬੱਚੇ ਦਾ ਨਾਮ ਅੱਖਰ ਜ ਤੋਂ ਸ਼ੁਰੂ ਹੁੰਦਾ ਹੋਇਆ ਨਾ ਰੱਖਿਆ ਜਾਵੇ।[2][7]
ਇਸ ਤਰ੍ਹਾਂ ਆਖ਼ਰ ਬੱਚਾ ਬਚ ਗਿਆ ਪਰ ਉਸ ਬੱਕਰੇ ਦੀ ਮੌਤ ਹੋ ਗਈ। ਬੱਚੇ (ਜੱਗਾ) ਦੇ ਇੱਕ ਚਾਚੇ ਨੇ ਉਸਦਾ ਨਾਂ ਜਗਤ ਸਿੰਘ ਰੱਖਣ ਦੀ ਜ਼ਿੱਦ ਕੀਤੀ ਜੋ ਕਿ ਸੰਤ ਦੀਆਂ ਹਦਾਇਤਾਂ ਦੇ ਖ਼ਿਲਾਫ਼ ਸੀ। ਮੱਖਣ ਸਿੰਘ ਦੀ ਜੱਗੇ ਦੇ ਬਚਪਨ ਵਿੱਚ ਹੀ ਮੌਤ ਹੋ ਜਾਣ ਕਾਰਨ ਉਸਨੂੰ ਉਸਦੇ ਚਾਚੇ ਅਤੇ ਮਾਂ ਨੇ ਪਾਲ਼ਿਆ।[1][2]
ਜੱਗਾ ਘੋਲ਼ ਦਾ ਸ਼ੁਕੀਨ ਸੀ ਅਤੇ ਆਪਣੇ ਦੋਸਤ ਸੋਹਣ ਤੇਲੀ ਨਾਲ਼ ਪਿੰਡ ਦੇ ਅਖਾੜੇ ਵਿੱਚ ਘੁਲ਼ਿਆ ਕਰਦਾ ਸੀ।
ਜੱਗੇ ਦਾ ਵਿਆਹ ਨੇੜਲੇ ਪਿੰਡ ਤਲਵੰਡੀ ਦੀ ਇੰਦਰ ਕੌਰ ਨਾਲ਼ ਹੋਇਆ ਅਤੇ ਇਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਸਦਾ ਨਾਮ ਗੁਲਾਬ ਕੌਰ ਉਰਫ਼ ਗਾਬੋ ਹੈ।[1][2]
ਜੱਗੇ ਦਾ ਤਕੜਾ ਜੁੱਸਾ, ਦਰਮਿਆਨਾ ਕੱਦ, ਕਣਕਵੰਨਾ ਰੰਗ, ਕੱਟੀ ਦਾੜੀ, ਕੁੰਢੀਆਂ ਮੁੱਛਾਂ ਅਤੇ ਖੁੱਲ੍ਹਾ ਸੁਭਾਅ ਸੀ।[1][6][7] ਇੱਕ ਵਾਰ ਉਸਨੇ ਆਪਣੇ ਸਹੁਰੇ ਪਿੰਡ ਰਹਿੰਦੇ ਹੰਕਾਰੀ ਨਕੱਈ ਭਰਾਵਾਂ ਅਤੇ ਫਿਰ ਇੱਕ ਪਟਵਾਰੀ, ਜਿਸਨੇ ਰਿਸ਼ਵਤ ਦੀ ਝਾਕ ਵਿੱਚ ਜੱਗੇ ਦਾ ਕੰਮ ਕਰਨੋ ਨਾਂਹ ਕਰ ਦਿੱਤੀ ਸੀ, ਨੂੰ ਕੁੱਟ ਸੁੱਟਿਆ ਸੀ। ਆਪਣੇ ਖੁੱਲ੍ਹੇ ਅਤੇ ਦਲੇਰ ਸੁਭਾਅ ਕਰਕੇ ਜੱਗਾ ਨੇੜੇ ਦੇ ਪਿੰਡਾਂ ਵਿੱਚ ਮਸ਼ਹੂਰ ਸੀ।[2][6][7]
ਨੇੜੇ ਦੇ ਪਿੰਡਾਂ ਵਿੱਚ ਜੱਗੇ ਦੀ ਮਸ਼ਹੂਰੀ ਤੋਂ ਪਿੰਡ ਕਲ ਮੋਕਲ ਦਾ ਜ਼ੈਲਦਾਰ ਸੜਦਾ ਸੀ। ਇਹ ਉਸਨੂੰ ਆਪਣੇ ਲਈ ਵੰਗਾਰ ਲਗਦੀ ਸੀ ਜਿਸ ਕਰਕੇ ਉਸਨੇ ਆਪਣੇ ਥਾਣੇਦਾਰ ਦੋਸਤ ਨਾਲ਼ ਮਿਲ ਕੇ ਜੱਗੇ ਨੂੰ ਝੂਠੇ ਕੇਸ ਵਿੱਚ ਚਾਰ ਸਾਲ ਲਈ ਕੈਦ ਕਰਵਾ ਦਿੱਤੀ। ਫਿਰ ਜਦੋਂ ਜੱਗਾ ਰਿਹਾਅ ਹੋ ਕੇ ਆਇਆ ਤਾਂ ਨੇੜਲੇ ਪਿੰਡ ਭਾਈ ਫੇਰੂ ਵਿਖੇ ਚੋਰੀ ਦੀ ਵਾਰਦਾਤ ਹੋਈ ਸੀ। ਜ਼ੈਲਦਾਰ ਅਤੇ ਉਸਦੇ ਥਾਣੇਦਾਰ ਦੋਸਤ ਅਸਗਰ ਅਲੀ ਨੂੰ ਜੱਗੇ ਨੂੰ ਦੁਬਾਰਾ ਤੰਗ ਕਰਨ ਦਾ ਮੌਕਾ ਮਿਲਿਆ ਅਤੇ ਉਸਨੇ ਜੱਗੇ ਨੂੰ ਥਾਣੇ ਹਾਜ਼ਰੀ ਦੇਣ ਲਈ ਕਿਹਾ।[6][7] ਜੱਗੇ ਦੇ ਦੋਸਤਾਂ ਅਤੇ ਹੋਰ ਸਿਆਣੇ ਬੰਦਿਆਂ ਨੇ ਉਸਨੂੰ ਥਾਣੇ ਹਾਜ਼ਰੀ ਦੇਣ ਲਈ ਮਨਾਉਣਾ ਚਾਹਿਆ ਪਰ ਉਹ ਨਾ ਮੰਨਿਆ ਅਤੇ ਰੂਪੋਸ਼ ਹੋ ਗਿਆ।[2][6]
ਪੁਲਿਸ ਦੇ ਵਤੀਰੇ ਤੋਂ ਅੱਕੇ ਹੋਏ ਉਸਨੇ ਪਿੰਡ ਕੰਗਣਪੁਰ ਵਿਖੇ ਇੱਕ ਸਿਪਾਹੀ ਤੋਂ ਰਾਇਫ਼ਲ ਖੋਹ ਕੇ ਉਸਨੂੰ ਮਾਰ ਦਿੱਤਾ। ਉਸ ਦਿਨ ਤੋਂ ਉਹ ਡਾਕੂ ਹੋ ਗਿਆ ਪਰ ਉਹ ਹਮੇਸ਼ਾ ਅਮੀਰਾਂ ਨੂੰ ਲੁੱਟਦਾ ਅਤੇ ਗਰੀਬਾਂ ਦੀ ਮਦਦ ਕਰਦਾ ਸੀ।[1][2][6][7] ਪਹਿਲਾ ਡਾਕਾ ਉਸਨੇ ਲਾਹੌਰ ਅਤੇ ਕਸੂਰ ਜ਼ਿਲਿਆਂ ਦੀ ਹੱਦ ’ਤੇ ਪੈਂਦੇ ਪਿੰਡ ਘੁਮਿਆਰੀ ਵਿਖੇ[6][7] ਇੱਕ ਸੁਨਿਆਰ ਦੇ ਘਰ ਮਾਰਿਆ ਜਿਸ ਵਿੱਚ ਉਸਦੇ ਦੋਸਤ ਝੰਡਾ ਸਿੰਘ ਨਿਰਮਲਕੇ ਅਤੇ ਠਾਕਰ ਮੰਡਿਆਲ਼ੀ ਵੀ ਨਾਲ਼ ਸਨ। ਉਹਨਾਂ ਨੇ ਸੋਨਾ ਲੁੱਟਿਆ ਅਤੇ ਕਿਸਾਨਾਂ ਦੇ ਕਰਜ਼ਿਆਂ ਦੇ ਖਾਤਿਆਂ ਵਾਲ਼ੀਆਂ ਵਹੀਆਂ ਸਾੜ ਦਿੱਤੀਆਂ।
ਬਾਅਦ ਵਿੱਚ ਉਸਨੇ ਆਪਣੇ ਬਚਪਨ ਦੇ ਦੋਸਤ ਸੋਹਣ ਤੇਲੀ, ਬੰਤਾ ਸਿੰਘ, ਭੋਲਾ, ਬਾਵਾ ਅਤੇ ਲਾਲੂ ਨਾਈ ਨੂੰ ਮਿਲਾ ਕੇ ਆਪਣੀ ਟੋਲੀ ਬਣਾਈ। ਲਾਲੂ ਨਾਈ ਪੂਰੀ ਟੋਲੀ ਲਈ ਖਾਣਾ ਬਣਾਉਂਦਾ ਸੀ।
ਜੱਗੇ ਦੇ ਪਿੰਡ ਨੇੜੇ ਹੀ ਸਿੱਧੂਪੁਰ ਪਿੰਡ ਦਾ ਇੱਕ ਹੋਰ ਡਾਕੂ ਮਲੰਗੀ ਸੀ।[6] ਉਸਦਾ ਇੱਕ ਸਾਥੀ ਹਰਨਾਮ ਸਿੰਘ ਸੀ। ਮਲੰਗੀ ਮੁਸਲਮਾਨ ਪਰਵਾਰ ਦਾ ਮੁੰਡਾ ਸੀ ਤੇ ਹਰਨਾਮ ਸਿੰਘ ਇੱਕ ਗਰੀਬ ਸਿੱਖ ਕਿਸਾਨ ਪਰਿਵਾਰ ਦਾ ਮੁੰਡਾ ਸੀ। ਇੱਕ ਵਾਰ ਕਿਸੇ ਨੇ ਮੁਖਬਰੀ ਕਰ ਦਿੱਤੀ ਅਤੇ ਮਲੰਗੀ ਤੇ ਹਰਨਾਮਾ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ।[6]
ਇਕ ਦਿਨ ਜੱਗੇ ਨੇ ਸਾਥੀਆਂ ਨਾਲ ਮਲੰਗੀ ਦੀ ਮਾਂ ਦੀ ਖ਼ਬਰ-ਸਾਰ ਲੈਣ ਸਿੱਧੂਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਥੇ ਉਹ ਚਾਹੁੰਦਾ ਸੀ ਤੇ ਨਾਲੇ ਮਲੰਗੀ ਨੂੰ ਮਰਵਾਉਣ ਵਾਲੇ ਵੀ ਉਸ ਨੂੰ ਰੜਕ ਰਹੇ ਸਨ। ਮਲੰਗੀ ਦਾ ਡੇਰਾ ਉਜੜਿਆ ਪਿਆ ਸੀ, ਸਿਰਫ਼ ਅੰਨ੍ਹੀ ਮਾਂ ਜ਼ਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ। ਜੱਗੇ ਨੇ ਦੁਪਹਿਰ ਡੇਰੇ 'ਤੇ ਹੀ ਕੱਟਣ ਦਾ ਫੈਸਲਾ ਕਰ ਲਿਆ ਅਤੇ ਲਾਲੂ ਨਾਈ ਨੂੰ ਖਾਣਾ ਤਿਆਰ ਕਰਨ ਲਈ ਕਿਹਾ। ਲਾਲੂ ਨੇ ਜੱਗੇ ਨੂੰ ਮਾਰਨ ਲਈ ਰੱਖੇ ਇਨਾਮ ਦੇ ਲਾਲਚ ਵਿੱਚ ਨੇੜੇ ਪੈਂਦੇ ਆਪਣੇ ਪਿੰਡ 'ਲੱਖੂ ਕੇ' ਤੋਂ ਆਪਣੇ ਭਾਈਆਂ ਨੂੰ ਬੁਲਾ ਲਿਆ।[1][2][7] ਉਸਨੇ ਉਨ੍ਹਾਂ ਨੂੰ ਜੱਗੇ ਹੁਰਾਂ ਨਾਲ ਸਰਾਬ ਪੀਣ ਲਈ ਕਿਹਾ। ਬੰਤਾ ਤੇ ਜੱਗਾ ਸ਼ਰਾਬ ਪੀਣ ਲੱਗ ਪਏ। ਸੋਹਣ ਤੇਲੀ ਨੇ ਪੀਣ ਤੋਂ ਨਾਂਹ ਕਰ ਦਿੱਤੀ ਅਤੇ 'ਲੱਖੂ ਕੇ' ਆਪਣੇ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ। ਸਰਾਬੀ ਹੋ ਗਏ ਜੱਗੇ ਤੇ ਬੰਤੇ ਨੂੰ ਰੋਟੀ ਖਾਣ ਮਗਰੋਂ ਨੀਂਦ ਆਉਣ ਲੱਗੀ ਅਤੇ ਉਹ ਬੋਹੜ ਦੇ ਰੁੱਖ ਥੱਲੇ ਇੱਕ ਮੰਜੇ ਪੈ ਗਏ।[2][6][7] ਸੋਹਣ ਤੇਲੀ ਆਪਣੇ ਦੋਸਤ ਨੂੰ ਮਿਲਣ ਚਲਿਆ ਗਿਆ। ਮੌਕਾ ਦੇਖ ਲਾਲੂ ਤੇ ਉਸਦੇ ਭਾਈਆਂ ਨੇ ਸੁੱਤੇ ਪਏ ਜੱਗੇ ਤੇ ਬੰਤੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।[1][2][6][7] ਸੋਹਣ ਤੇਲੀ ਗੋਲੀਆਂ ਦੀ ਆਵਾਜ਼ ਸੁਣ ਕੇ ਵਾਪਸ ਮੁੜ ਆਇਆ, ਪਰ ਜਦੋਂ ਉਹ ਲਹੂ ਭਿੱਜੀਆਂ ਲਾਸਾਂ ਦੇਖ ਗੁੱਸੇ ਵਿੱਚ ਲਾਲੂ ਨੂੰ ਪੈਣ ਲੱਗਿਆ ਤਾਂ ਉਸਦੇ ਭਰਾ ਨੇ ਉਸਦੀ ਪਿਠ ਵਿੱਚ ਗੋਲੀ ਮਾਰ ਕੇ ਉਸਨੂੰ ਵੀ ਮਾਰ ਮੁਕਾਇਆ।
ਇਸਦਾ ਜ਼ਿਕਰ ਇੱਕ ਗੀਤ ਵਿੱਚ ਮਿਲਦਾ ਹੈ:
ਜੱਗਾ ਵੱਢਿਆ ਬੋਹੜ ਦੀ ਛਾਂਵੇਂ,
ਨੌ ਮਣ ਰੇਤ ਭਿੱਜ ਗਈ, ਪੂਰਨਾ,
ਨਾਈਆਂ ਨੇ ਵੱਢ ਛੱਡਿਆ, ਜੱਗਾ ਸੂਰਮਾ।
{{cite web}}
: Check date values in: |accessdate=
(help); External link in |publisher=
(help)
{{cite web}}
: Check date values in: |accessdate=
(help); External link in |publisher=
(help)[permanent dead link]
{{cite web}}
: Check date values in: |accessdate=
(help); External link in |publisher=
(help); Unknown parameter |dead-url=
ignored (|url-status=
suggested) (help)
{{cite web}}
: Check date values in: |accessdate=
and |date=
(help); External link in |publisher=
(help)
<ref>
tag defined in <references>
has no name attribute.