ਡੈਨ ਬੈਨ-ਐਮਸ (ਜਨਮ 3 ਸਤੰਬਰ, 1934) ਇੱਕ ਲੋਕਧਾਰਾ-ਸ਼ਾਸਤਰੀ ਅਤੇ ਯੂਨੀਵਰਸਿਟੀ ਆੱਫ਼ ਪੈਨਸਿਲਵੇਨੀਆ, ਫ਼ਿਲਾਡੈਲਫ਼ੀਆ ਵਿੱਚ ਪ੍ਰੋਫ਼ੈਸਰ ਹੈ, ਜਿੱਥੇ ਉਹ ਲੋਕਧਾਰਾ ਅਤੇ ਲੋਕ-ਜੀਵਨ ਵਿਭਾਗ ਲਈ ਗ੍ਰੈਜੂਏਟ ਪ੍ਰੋਗਰਾਮ ਦੀ ਚੇਅਰ ਸੰਭਾਲੀ ਹੋਈ ਹੈ।[1]
ਡੈਨ ਬੈਨ-ਐਮਸ ਦਾ ਜਨਮ ਤੇਲ ਅਵੀਵ (ਉਦੋਂ ਫ਼ਲਸਤੀਨ) ਵਿੱਚ ਹੋਇਆ ਸੀ ਅਤੇ ਉਹ ਪੇਟਾਹ-ਟਿਕਵਾਹ ਵਿੱਚ ਵੱਡਾ ਹੋਇਆ ਸੀ।[2]
ਜੇਰੂਸਲੱਮ ਦੀ ਹਿਬਰੂ ਯੂਨੀਵਰਸਿਟੀ ਵਿੱਚ ਆਪਣੀ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ, ਉਸਨੇ ‘ਇਜ਼ਰਾਈਲ ਸੁਰੱਖਿਆ ਬਲਾਂ’ ਦੀ ‘ਨਾਹਲ ਬ੍ਰਿਗੇਡ’ ਵਿੱਚ ਸੇਵਾ ਕੀਤੀ, ਅਤੇ ਆਪਣੇ ਸੇਵਾ-ਕਾਲ ਦੌਰਾਨ ਉਹ ਉਸ ਯੂਨਿਟ ਵਿੱਚ ਸੀ ਜੋ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਡੇਵਿਡ ਬੈਨ-ਗੁਰਿਅਨ ਦੀ ਰੱਖਿਆ ਕਰਦੀ ਸੀ।[3] ਸੇਵਾ-ਮੁਕਤ ਹੋਣ ਵੇਲੇ ਉਹ ‘ਕਿਬੁਟਜ਼ ਯਿਫ਼ਤਾਹ’ ਦਾ ਮੈਂਬਰ ਸੀ ਜਿੱਥੇ ਉਹ ਇੱਕ ਸ਼ੈਫ਼ਰਡ ਸੀ।[2]
ਹਿਬਰੂ ਯੂਨੀਵਰਸਿਟੀ, ਜੇਰੂਸਲੱਮ ਵਿੱਚ, ਉਸਨੇ ਸ਼ੁਰੂ ਵਿੱਚ ਬਾਈਬਲ ਦੇ ਅਧਿਐਨ ਅਤੇ ਅੰਗਰੇਜ਼ੀ ਸਾਹਿਤ ਵਿੱਚ ਮੁਹਾਰਤ ਹਾਸਲ ਕੀਤੀ। ਆਪਣੇ ਸੋਫ਼ੋਮੋਰ ਸਾਲ ਦੇ ਦੌਰਾਨ, ਆਪਣੀ ਅਕਾਦਮਿਕ ਮੁਹਾਰਤ ਤੋਂ ਅਸੰਤੁਸ਼ਟ ਹੋਣ ਕਰਕੇ, ਉਸਨੇ ਡੋਵ-ਨੋਏ ਨਾਲ਼ ਪੜ੍ਹਦਿਆਂ, ਲੋਕਧਾਰਾ ਵਿੱਚ ਦਿਲਚਸਪੀ ਲੈਂਦਿਆਂ ਹਿਬਰੂ ਸਾਹਿਤ ਵਿੱਚ ਇੱਕ ਡਿਗਰੀ ਸ਼ੁਰੂ ਕਰ ਲਈ। ਉਸਨੇ 1961 ਵਿੱਚ ਹਿਬਰੂ ਯੂਨੀਵਰਸਿਟੀ, ਜੇਰੂਸਲੱਮ ਤੋਂ ਬੈਚਲਰ ਆੱਫ਼ ਆਰਟਸ ਦੀ ਡਿਗਰੀ ਪ੍ਰਾਪਤ ਕੀਤੀ।
ਹਿਬਰੂ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਡੋਵ-ਨੋਏ ਦੀ ਸਲਾਹ ਦੇ ਨਾਲ਼, ਬੈਨ-ਐਮਸ ਨੇ ਅਮਰੀਕਾ ਦੀ ਇੰਡੀਆਨਾ ਯੂਨੀਵਰਸਿਟੀ, ਬਲੂਮਿੰਗਟਨ, ਜੋ ਉਸ ਵੇਲੇ ਅਮਰੀਕਾ ਵਿੱਚ ਇੱਕਲੌਤੀ ਲੋਕਧਾਰਾ ਵਿੱਚ ਡਾਕਟਰ ਆੱਫ਼ ਫ਼ਿਲਾਸਫ਼ੀ ਦੀ ਡਿਗਰੀ ਦੇਣ ਵਾਲੀ ਸੰਸਥਾ ਸੀ, ਵਿੱਚ ਆਪਣੀ ਸਿੱਖਿਆ ਸ਼ੁਰੂ ਕੀਤੀ। ਜਦੋਂ ਉਹ ਬਲੂਮਿੰਗਟਨ, ਇੰਡੀਆਨਾ ਪਹੁੰਚਿਆ, ਅਤੇ ਕੈਂਪਸ ਵੱਲ ਤੁਰ ਪਿਆ, ਤਾਂ ਉਹ ਮੱਕੀ ਦੇ ਪਾਈਪ ਦੇ ਸਿਗਰਟ ਪੀਣ ਵਾਲੇ ਹੂਜ਼ੀਅਰਾਂ (ਇੰਡੀਆਨਾ ਦੇ ਮੂਲ ਨਿਵਾਸੀ) ਨੂੰ ਦੇਖ ਕੇ ਹੈਰਾਨ ਹੋ ਗਿਆ ਜੋ ਆਪਣੇ ਦਲਾਨਾਂ ਵਿੱਚ ਝੂਲ ਰਹੇ ਸਨ ਅਤੇ ਹੈਰਾਨ ਹੋਇਆ ਕਿ ਕੀ ਇਹ ਉਸ ਦੇ ਭਵਿੱਖ ਦੇ ਪ੍ਰੋਫ਼ੈਸਰ ਹਨ, ਪਰ ਜਦੋਂ ਉਹ ਕੈਂਪਸ ਪਹੁੰਚਿਆ ਤਾਂ ਉਸਨੂੰ ਅਹਿਸਾਸ ਹੋਇਆ ਕਿ ਬਲੂਮਿੰਗਟਨ ਇੱਕ ਯੂਨੀਵਰਸਿਟੀ ਸ਼ਹਿਰ ਸੀ, ਅਤੇ (ਅਸਲ ਵਿੱਚ ਬਲੂਮਿੰਗਟਨ ਸ਼ਹਿਰ ਵਿੱਚੋਂ ਹੀ ਨਿਕਲੀ ਸੀ) ਉਸਨੇ ਟਿਕਣ ਦਾ ਫ਼ੈਸਲਾ ਕੀਤਾ, ਅਤੇ 1964 ਵਿੱਚ ਆਪਣੀ ਮਾਸਟਰ ਆੱਫ਼ ਆਰਟਸ ਅਤੇ 1967 ਲੋਕਧਾਰਾ ਵਿੱਚ ਡਾਕਟਰ ਆੱਫ਼ ਫ਼ਿਲਾਸਫ਼ੀ ਦੀ ਡਿਗਰੀ ਪ੍ਰਾਪਤ ਕੀਤੀ। ਹਿਬਰੂ ਯੂਨੀਵਰਸਿਟੀ ਤੇ ਬਲੂਮਿੰਗਟਨ ਵਿਖੇ, ਬੈਨ-ਐਮਸ ਨੂੰ ਤੁਲਨਾਤਮਕ ਪਰੰਪਰਾ ਵਿੱਚ ਸਿਖਲਾਈ ਦਿੱਤੀ ਗਈ ਸੀ।
ਆਪਣੀ ਸਿੱਖਿਆ ਦੇ ਅੰਤ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ, ਬੈਨ-ਐਮਸ, ਹੋਰ ਨੌਜਵਾਨ ਲੋਕਧਾਰਾ-ਸ਼ਾਸਤਰੀਆਂ, ਰੋਜਰ ਅਬ੍ਰਾਹਮਜ਼, ਐਲਨ ਡੰਡੀਜ਼, ਰਾਬਰਟ ਜਾਰਜਸ, ਅਤੇ ਕੇਨੇਥ ਗੋਲਡਸਟਾਈਨ ਦੇ ਨਾਲ਼, "ਦ ਯੰਗ ਟਰਕਸ" ਵਿੱਚ ਸ਼ਾਮਿਲ ਹੋ ਗਿਆ। "ਦ ਯੰਗ ਟਰਕਸ" ਨਾਮ ਬੈਨ-ਐਮਸ ਦੇ ਅਧਿਆਪਕ ਅਤੇ ਪ੍ਰਸਿੱਧ ਲੋਕਧਾਰਾ-ਸ਼ਾਸਤਰੀ ਰਿਚਰਡ ਡੋਰਸਨ ਦੁਆਰਾ ਪਿਆਰ ਨਾਲ਼ ਆਪਣੇ ਵਿਦਿਆਰਥੀਆਂ ਦੇ ਗਰੁੱਪ ਨੂੰ ਦਿੱਤਾ ਗਿਆ ਸੀ।[4] ਹਾਲਾਂਕਿ ਰਿਚਰਡ ਬੌਮਨ ਅਸਲ ਵਿੱਚ ਇਸ ਸਮੂਹ ਵਿੱਚ ਸ਼ਾਮਲ ਨਹੀਂ ਸੀ, ਪਰ ਉਸਦਾ ਕੰਮ ‘ਯੰਗ ਟਰਕਸ’ ਨਾਲ਼ ਜੁੜਿਆ ਹੋਇਆ ਹੈ; ਇਹਨਾਂ ਨੌਜਵਾਨ ਲੋਕਧਾਰਾ-ਸ਼ਾਸਤਰੀਆਂ ਨੇ ਲੋਕਧਾਰਾ-ਸ਼ਾਸਤਰ ਦੇ ਪਰੰਪਰਾਗਤ ਦ੍ਰਿਸ਼ਟੀਕੋਣਾਂ ਨੂੰ ਤੋੜ ਦਿੱਤਾ, ਜੋ ਕਿ ਪਾਠ ਅਤੇ ਇਸਦੀ ਸਮੱਗਰੀ 'ਤੇ ਕੇਂਦਰਿਤ ਸਨ। ਸਮੂਹਿਕ ਤੌਰ 'ਤੇ, ਉਨ੍ਹਾਂ ਨੇ ਲੋਕਧਾਰਾ ਨੂੰ ਬਿਹਤਰ ਢੰਗ ਨਾਲ਼ ਸਮਝਣ ਦੀ ਕੋਸ਼ਿਸ਼ ਵਿੱਚ ਪ੍ਰਸੰਗ ਅਤੇ ਲੋਕਾਂ ਦੇ ਲੋਕਧਾਰਾ ਨੂੰ ਵਰਤਣ ਦੇ ਢੰਗ ਉੱਤੇ ਧਿਆਨ ਕੇਂਦਰਿਤ ਕੀਤਾ।
ਆਪਣੇ ਪ੍ਰਸਿੱਧ ਲੇਖ, “Toward a Definition of Folklore in Context” ਵਿੱਚ ਬੈਨ-ਐਮਸ ਨੇ ਲੋਕਧਾਰਾ ਨੂੰ ਇਸਦੇ ਸੰਦਰਭ ਦੇ ਅਧਾਰ ’ਤੇ ਪਰਿਭਾਸ਼ਿਤ ਕਰਨ ਦੇ ਇੱਕ ਨਵੇਂ ਤਰੀਕੇ ਨੂੰ ਪ੍ਰਚਾਰਿਆ। ਸੰਦਰਭ ’ਤੇ ਧਿਆਨ ਕੇਂਦਰਿਤ ਕਰਦਿਆਂ, ਬੈਨ-ਐਮਸ ਦੇ ਕੰਮ ਨੇ ਲੋਕਧਾਰਾ-ਸ਼ਾਸਤਰ ਦੇ ਖੇਤਰ ਵਿੱਚ ਇੱਕ ਨਵਾਂ ਪੇਸ਼ਕਾਰੀ ਅਧਾਰਤ ਦ੍ਰਿਸ਼ਟੀਕੋਣ ਲਿਆਂਦਾ।
ਕੈਲੀਫ਼ੋਰਨੀਆ ਯੂਨੀਵਰਸਿਟੀ, ਲਾੱਸ ਏਂਜਲਸ ਵਿੱਚ ਮਾਨਵ-ਵਿਗਿਆਨ ਵਿੱਚ ਇੱਕ ਸਹਾਇਕ ਪ੍ਰੋਫ਼ੈਸਰ ਵਜੋਂ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ, ਬੈਨ-ਐਮਸ ਨੇ ਨਾਈਜੀਰੀਆ ਵਿੱਚ ਬੇਨਿਨ ਸ਼ਹਿਰ ਅਤੇ ਇਸਦੇ ਪੇਂਡੂ ਆਲੇ-ਦੁਆਲੇ ਵਿੱਚ ਈਡੋ ਲੋਕਾਂ ਦੀ ਮੌਖਿਕ ਪਰੰਪਰਾ 'ਤੇ ਲੋਕਧਰਾਈ ਖੋਜ ਕੀਤੀ। 1967 ਵਿੱਚ, ਉਸਨੇ ਪੈਨਸਿਲਵੇਨੀਆ ਯੂਨੀਵਰਸਿਟੀ, ਫ਼ਿਲਾਡੇਲਫ਼ੀਆ ਵਿੱਚ ਤਿੰਨ ਸਾਲਾਂ ਲਈ ਸਹਾਇਕ ਪ੍ਰੋਫ਼ੈਸਰ ਅਤੇ ਸੱਤ ਸਾਲਾਂ ਲਈ ਐਸੋਸੀਏਟ ਪ੍ਰੋਫ਼ੈਸਰ ਵਜੋਂ ਸੇਵਾ ਕੀਤੀ। ਉਹ 1977 ਵਿੱਚ ਲੋਕਧਾਰਾ ਅਤੇ ਲੋਕ-ਜੀਵਨ ਦਾ ਪ੍ਰੋਫ਼ੈਸਰ ਬਣਿਆ ਅਤੇ 22 ਸਾਲਾਂ ਤੱਕ ਇਹ ਅਹੁਦਾ ਸੰਭਾਲਿਆ। ਪੈਨਸਿਲਵੇਨੀਆ ਯੂਨੀਵਰਸਿਟੀ ਵਿੱਚ ਉਸਦਾ ਮੌਜੂਦਾ ਅਹੁਦਾ ਨਜ਼ਦੀਕੀ ਪੂਰਬੀ ਭਾਸ਼ਾਵਾਂ ਅਤੇ ਸੱਭਿਅਤਾਵਾਂ ਅਤੇ ਲੋਕਧਾਰਾ ਦੇ ਪ੍ਰੋਫ਼ੈਸਰ ਦਾ ਹੈ, ਅਤੇ ਉਹ ਲੋਕਧਾਰਾ ਅਤੇ ਲੋਕ-ਜੀਵਨ ਵਿੱਚ ਗ੍ਰੈਜੂਏਟ ਪ੍ਰੋਗਰਾਮ ਦੇ ਚੇਅਰਮੈਨ ਵਜੋਂ ਕੰਮ ਕਰਦਾ ਹੈ।
ਬੈਨ-ਐਮਸ ਦੀਆਂ ਅਕਾਦਮਿਕ ਰੁਚੀਆਂ ਵਿੱਚ ਯਹੂਦੀ ਲੋਕਧਾਰਾ, ਅਫਰੀਕੀ ਲੋਕਧਾਰਾ, ਹਾਸਰਸ, ਲੋਕਧਾਰਾ ਦਾ ਇਤਿਹਾਸ, ਅਤੇ ਸੰਰਚਨਾਤਮਕ ਵਿਸ਼ਲੇਸ਼ਣ ਸ਼ਾਮਲ ਹੈ।
ਬੈਨ-ਐਮਸ ਨੇ 1977 ਤੋਂ 1980 ਤੱਕ ਅਮਰੀਕਨ ਫ਼ੋਕਲੋਰ ਸੋਸਾਇਟੀ ਦੇ ਕਾਰਜਕਾਰੀ ਬੋਰਡ ਵਿੱਚ ਸੇਵਾ ਕੀਤੀ। ਉਹ 1981 ਤੋਂ 1984 ਤੱਕ ਇੱਕ ਐਸੋਸੀਏਟ ਸੰਪਾਦਕ ਅਤੇ 1988 ਤੋਂ 1990 ਤੱਕ ਜਰਨਲ ਆੱਫ਼ ਅਮਰੀਕਨ ਫ਼ੋਕਲੋਰ ਦਾ ਕਿਤਾਬ ਸੰਪਾਦਕ ਰਿਹਾ। ਉਹ ਲੋਕਧਾਰਾ ਅਧਿਐਨ ਵਿੱਚ ਇੰਡੀਆਨਾ ਪ੍ਰੈਸ ਲੜੀ ਦੇ ਅਨੁਵਾਦ ਦੇ ਜਨਰਲ ਸੰਪਾਦਕ ਵਜੋਂ ਵੀ ਕੰਮ ਕਰਦਾ ਹੈ, ਅਤੇ 1996 ਤੋਂ ਉਹ ਯਹੂਦੀ ਲੋਕਧਾਰਾ ਅਤੇ ਮਾਨਵ ਵਿਗਿਆਨ (ਵੇਨ ਸਟੇਟ ਯੂਨੀਵਰਸਿਟੀ ਪ੍ਰੈਸ) ਵਿੱਚ ਰਾਫ਼ੇਲ ਪਟਾਈ ਲੜੀ ਦਾ ਸੰਪਾਦਕ ਰਿਹਾ ਹੈ।[5]
ਡੈਨ ਬੈਨ-ਐਮਸ ਦੇ ਲੇਖ ਚੀਨੀ, ਇਸਟੋਨੀਅਨ, ਫ਼ਿਨਿਸ਼, ਫ਼੍ਰੈਂਚ, ਜਰਮਨ, ਹਿਬਰੂ, ਇਤਾਲਵੀ, ਲਿਥੁਆਨੀਅਨ, ਪੁਰਤਗਾਲੀ, ਰੂਸੀ, ਸਪੈਨਿਸ਼, ਥਾਈ ਅਤੇ ਤੁਰਕੀ ਭਾਸ਼ਾਵਾਂ ਵਿੱਚ ਅਨੁਵਾਦ ਹੋਏ ਹਨ।