ਤੀਆਂ

ਤੀਆਂ ਪੰਜਾਬ ਦੀਆਂ
ਤੀਆਂ (ਪੰਜਾਬ/ਹਰਿਆਣਾ)
ਵੀ ਕਹਿੰਦੇ ਹਨਤੀਜ
ਮਨਾਉਣ ਵਾਲੇਸਿੱਖ ਤੇ ਹਿੰਦੂ
ਕਿਸਮਤੀਜ ਦਾ ਤਿਉਹਾਰ
ਸ਼ੁਰੂਆਤਸਾਓੁਣ ਚਾਨਣੀ
ਅੰਤਸਾਓੁਣ ਪੁੰਨਿਆ
ਮਿਤੀਜੁਲਾਈ/ਅਗਸਤ

ਤੀਆਂ ਦਾ ਤਿਓਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾਂ ਕੁੜੀਆਂ ਦਾ ਤਿਓਹਾਰ ਹੈ।

ਇਸਤਰੀਆਂ ਦੇ ਸਾਉਣ ਮਹੀਨੇ ਦੀ ਤੀਜ ਨੂੰ ਸ਼ੁਰੂ ਹੋਣ ਵਾਲੇ ਇਕ ਮੁੱਖ ਤਿਉਹਾਰ ਨੂੰ ਤੀਆਂ ਕਹਿੰਦੇ ਹਨ। ਇਹ ਤਿਉਹਾਰ ਪੰਦਰਾਂ ਦਿਨ ਚੱਲਦਾ ਹੈ | ਪੂਰਨਮਾਸ਼ੀ ਵਾਲੇ ਦਿਨ ਤੱਕ ਮਨਾਇਆ ਜਾਂਦਾ ਹੈ। ਪੂਰਨਮਾਸ਼ੀ ਦੀ ਸ਼ਾਮ ਨੂੰ ਤੀਆਂ ਖ਼ਤਮ ਹੁੰਦੀਆਂ ਹਨ। ਤੀਆਂ ਸਮਾਪਤ ਹੋਣ ਦੀ ਰਸਮ ਨੂੰ ਤੀਆਂ ਦਾ ਭੋਗ ਪਾਉਣਾ ਕਿਹਾ ਜਾਂਦਾ ਹੈ। ਬਲੋ ਪਾਉਣੀ ਕਿਹਾ ਜਾਂਦਾ ਹੈ। ਬਲੋ ਅਸਲ ਵਿਚ ਤੀਆਂ ਦੇ ਅਖੀਰਲੇ ਦਿਨ ਪਾਉਣ ਵਾਲੇ ਗਿੱਧੇ ਨੂੰ ਕਿਹਾ ਜਾਂਦਾ ਹੈ। ਤੀਆਂ ਤੋਂ ਇਕ ਦਿਨ ਪਹਿਲਾਂ ਦੂਜ ਨੂੰ ਇਸਤਰੀਆਂ, ਮੁਟਿਆਰਾਂ, ਕੁੜੀਆਂ, ਬੱਚੇ ਸਾਰੇ ਮਹਿੰਦੀ ਲਾਉਂਦੇ ਸਨ। ਮੁਟਿਆਰਾਂ ਵੰਗਾਂ ਚੜ੍ਹਾਉਂਦੀਆਂ ਸਨ। ਜਿਹੜੀਆਂ ਨਵੀਆਂ ਵਿਆਹੀਆਂ ਮੁਟਿਆਰਾਂ ਆਪਣੇ ਸਹੁਰੀਂ ਗਈਆਂ ਹੁੰਦੀਆਂ ਸਨ, ਤੀਆਂ ਵੇਲੇ ਉਨ੍ਹਾਂ ਦੇ ਵੀਰ ਉਨ੍ਹਾਂ ਨੂੰ ਲੈ ਕੇ ਆਉਂਦੇ ਹੁੰਦੇ ਸਨ। ਇਕ ਧਾਰਨਾ ਇਹ ਵੀ ਸੀ ਕਿ ਨਵੀਆਂ ਵਿਆਹੀਆਂ ਨੂੰਹਾਂ ਤੇ ਸੱਸਾਂ ਦਾ ਸਾਉਣ ਮਹੀਨੇ ਵਿਚ ਇਕੱਠਾ ਰਹਿਣਾ ਕਰੋਪੀ ਮੰਨਿਆ ਜਾਂਦਾ ਸੀ। ਮਾੜਾ ਮੰਨਿਆ ਜਾਂਦਾ ਸੀ। ਇਸ ਲਈ ਨਵੀਆਂ ਵਿਆਹੀਆਂ ਮੁਟਿਆਰਾਂ ਪਹਿਲਾਂ ਸਾਉਣ ਮਹੀਨਾ ਆਪਣੇ ਪੇਕੇ ਘਰ ਕੱਟਦੀਆਂ ਹੁੰਦੀਆਂ ਸਨ। ਤੀਆਂ ਅਸਲ ਵਿਚ ਕੁੜੀਆਂ ਦਾ ਮੇਲ-ਮਿਲਾਪ ਦਾ ਤਿਉਹਾਰ ਹੁੰਦਾ ਸੀ। ਤੀਆਂ ਵਿਚ ਖੀਰ, ਕੜਾਹ, ਪੂੜੇ, ਗੁਲਗੁਲੇ ਆਦਿ ਪਕਾਏ ਜਾਂਦੇ ਸਨ। ਤੀਆਂ ਵਿਚ ਪਿੱਪਲ, ਬਰੋਟੇ, ਨਿੰਮਾਂ ਆਦਿ ਦੇ ਰੁੱਖਾਂ ਤੇ ਪੀਂਘਾਂ ਪਾ ਕੇ ਬੂਟਿਆ ਜਾਂਦਾ ਸੀ। ਮੁਟਿਆਰਾਂ ਗਿੱਧਾ ਪਾਉਂਦੀਆਂ ਸਨ। ਨੱਚਦੀਆਂ ਸਨ। ਬੋਲੀਆਂ ਪਾਉਂਦੀਆਂ ਸਨ। ਹੁਣ ਮੁਟਿਆਰਾਂ ਦਾ ਇਹ ਰੰਗਲਾ ਤਿਉਹਾਰ ਕੋਈ ਨਹੀਂ ਮਨਾਉਂਦਾ। ਖ਼ਤਮ ਹੋ ਗਿਆ ਹੈ। ਤੀਆਂ ਹੁਣ ਸਾਡੇ ਅਤੀਤ ਦਾ ਹਿੱਸਾ ਬਣ ਗਈਆਂ ਹਨ।ਹੁਣ ਕੁੜੀਆਂ, ਇਸਤਰੀਆਂ ਕਾਲਜਾਂ, ਕੱਲਬਾਂ ਵਿਚ ਕੱਠੀਆਂ ਹੋ ਕੇ ਪੀਂਘਾਂ ਝੂਟ ਕੇ, ਗਿੱਧਾ ਤੇ ਬੋਲੀਆਂ ਪਾ ਕੇ ਇਕ ਸ਼ਾਮ ਦਾ ਤੀਆਂ ਮਨਾਉਣ ਦਾ ਡਰਾਮਾ ਜਿਹਾ ਜ਼ਰੂਰ ਕਰਦੀਆਂ ਹਨ।[1]

ਤੀਆਂ ਦਾ ਤਿਓਹਾਰ ਮਨਾਉਣ ਸੰਬੰਧੀ

[ਸੋਧੋ]

ਪੰਜਾਬ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ ਪਰ ਅਮੀਰ ਪੰਜਾਬੀ ਸੱÎਭਿਆਚਾਰ ‘ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ‘ਚੋਂ ਤੀਆਂ ਦੇ ਪਿੜ ਲੋਪ ਕਰ ਦਿੱਤੇ ਹਨ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਾਹੌਲ ਦੇਖਿਆ ਹੈ, ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ‘ਤੇ ਜਾਣ ਦਾ ਚਾਅ ਪੈਦਾ ਹੁੰਦਾ ਹੈ।

ਪਿੰਡਾਂ ਦੀਆਂ ਬਜ਼ੁਰਗ ਔਰਤਾਂ ਦਾ ਦੱਸਣਾ ਹੈ ਕਿ ਪਹਿਲੇ ਸਮੇਂ ਵਿੱਚ ਔਰਤਾਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ ਪਰ ਹੁਣ ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟਣ ਕਰ ਕੇ ਤੀਆਂ ਦਾ ਰੰਗ ਫਿੱਕਾ ਪੈ ਗਿਆ ਹੈ। ਪਿੰਡਾਂ ਦੇ ਪਿੜਾਂ ਵਿੱਚ ਤੀਆਂ ਦੇ ਖੜਾਕ ਪੈਣ ਦੀ ਥਾਂ ਹੁਣ ਇਹ ਤੀਆਂ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਦਾ ਕੁਝ ਘੰਟੇ ਦਾ ਮਹਿਮਾਨ ਬਣ ਕੇ ਰਹਿ ਗਈਆਂ ਹਨ। ਭਾਵੇਂ ਪੰਜਾਬੀ ਸੱਭਿਆਚਾਰ ਦੇ ਹਮਦਰਦ ਇਸ ਤਿਉਹਾਰ ਨੂੰ ਜਿਉਂਦਾ ਰੱਖਣ ਲਈ ਵਿਸ਼ੇਸ਼ ਉੱਪਰਾਲੇ ਕਰਦੇ ਹੋਏ ਪੰਜਾਬ ਦੀਆਂ ਇੱਕਾ-ਦੁੱਕਾ ਥਾਵਾਂ ‘ਤੇ ਤੀਆਂ ਲਵਾ ਰਹੇ ਹਨ ਪਰ ਟੀ ਵੀ ਚੈਨਲਾਂ ਦੇ ਪ੍ਰਭਾਵ ਕਾਰਨ ਜਿਹੜੀਆਂ ਕੁੜੀਆਂ ਇਨ੍ਹਾਂ ਤੀਆਂ ਦੇ ਵਿਹੜਿਆਂ ਵਿੱਚ ਆਉਂਦੀਆਂ ਵੀ ਹਨ, ਉਨ੍ਹਾਂ ਦੇ ਕੱਪੜੇ ਅਤੇ ਰਹਿਣ-ਸਹਿਣ ਦਾ ਢੰਗ ਪੱਛਮੀ ਸੱਭਿਆਚਾਰ ਵਾਲੇ ਹੋਣ ਕਰ ਕੇ ਤੀਆਂ ਵਿੱਚ ਪਹਿਲਾਂ ਵਾਲੀ ਧਮਾਲ ਨਹੀਂ ਪੈਂਦੀ। ਬਜ਼ੁਰਗ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਪੰਜਾਬ ਅੱਤਵਾਦ ਦੀ ਭੱਠੀ ਵਿੱਚ ਝੁਲਸ ਰਿਹਾ ਸੀ, ਉਸ ਸਮੇਂ ਪੰਜਾਬ ਵਿੱਚ ਤੀਆਂ ਦੀ ਧਮਾਲ ਪੈਂਦੀ ਸੀ ਪਰ ਪੰਜਾਬ ਵਿੱਚ ਚੱਲੀ ਪੱਛਮੀ ਸੱਭਿਆਚਾਰ ਦੀ ਹਨੇਰੀ ਅੱਤਵਾਦ ਤੋਂ ਵੀ ਘਾਤਕ ਸਾਬਤ ਹੋ ਰਹੀ ਹੈ। ਵਰਤਮਾਨ ਸਮੇਂ ਇਹ ਤੀਆਂ ਨਿੱਜੀ ਸਮਾਜ ਸੇਵੀ ਸੰਸਥਾਵਾਂ ਜਾਂ ਸਕੂਲਾਂ-ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਲਗਾਈਆਂ ਜਾਂਦੀਆਂ ਹਨ ਪਰ ਇਨ੍ਹਾਂ ਤੀਆਂ ਦੀਆਂ ਸਟੇਜਾਂ ‘ਤੇ ਕੁੜੀਆਂ ਬਿਊਟੀ ਪਾਰਲਰਾਂ ਤੋਂ ਤਿਆਰ ਹੋ ਕੇ ਬਨਾਉਟੀ ਗਹਿਣੇ ਪਾ ਕੇ ਗਿੱਧਾ ਪਾਉਂਦੀਆਂ ਹਨ, ਜਿਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਨਹੀਂ ਪੈਂਦੀ। ਆਉ! ਫਿਰ ਪੰਜਾਬੀ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਜਿਉਂਦਾ ਰੱਖਣ ਲਈ ਪੁਰਾਤਨ ਤੀਆਂ ਦੇ ਪਿੜਾਂ ਦੀ ਪਿੰਡ-ਪਿੰਡ ਸਥਾਪਤੀ ਕਰਨ ਲਈ ਆਪਣਾ ਯੋਗਦਾਨ ਪਾਈਏ ਤਾਂ ਜੋ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਦੀ ਪੁਰਾਤਨ ਧਾਂਕ ਕਾਇਮ ਰੱਖੀ ਜਾ ਸਕੇ।[2]

ਤੀਆਂ ਸਾਉਣ ਦੇ ਮਹੀਨੇ ਦੀ ਤੀਜ ਨੂੰ ਸ਼ੁਰੂ ਹੁੰਦੀਆਂ ਹਨ ਤੇ ਪੁੰਨਿਆਂ ਨੂੰ ਖ਼ਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਤੇ ਨਾਲੇ ਰੰਗ ਬਰੰਗੀਆਂ ਚੂੜੀਆਂ ਵੀ ਚੜਾਉਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ 'ਤੇ ਜਾਂਦੀਆਂ ਹਨ, ਪਿੱਪਲਾਂ, ਟਾਹਲੀਆਂ ਤੇ ਪੀਘਾਂ ਪਾਉਦੀਆਂ ਹਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਦੀਆਂ ਹਨ, ਇੱਕ ਕੁੜੀ ਬੋਲੀ ਪਾਉਂਦੀ ਹੈ ਤੇ ਬਾਕੀ ਸਾਰੀਆਂ ਆਖਰੀ ਟੱਪੇ ਨੂੰ ਬਾਰ ਬਾਰ ਦੁਹਰਾ ਕੇ ਬੋਲਦੀਆਂ ਹਨ ਤੇ ਦੋ ਜਾਂ ਵੱਧ ਘੇਰੇ ਅੰਦਰ ਨੱਚਦੀਆਂ ਹਨ, ਪੁੰਨਿਆਂ ਵਾਲੇ ਦਿਨ ਵੱਅਲੋ ਪਾਈ ਜਾਂਦੀ ਹੈ, ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਜਾਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਦੀਆਂ ਹਨ।ਤੀਆਂ ਤੋਂ ਬਾਅਦ ਜਦੋਂ ਕੁੜੀਆਂ ਆਪਣੇ ਸੌਹਰੇ ਵਾਪਸ ਜਾਂਦੀਆਂ ਹਨ ਤਾਂ ਪੇਕੇ ਕੁੜੀਆਂ ਨੂੰ ਕੱਪੜੇ ਤੇ ਬਿਸਕੁਟ ਦੇ ਕੇ ਤੋਰਦੇ ਹਨ।

ਪੰਜਾਬੀ ਸਭਿਆਚਾਰ ਬਾਹਰਲੇ ਦੇਸਾਂ ਵਿੱਚ ਵੀ ਪ੍ਰਚੱਲਤ ਹੈ। ਇੰਗਲੈਂਡ ਦੇ ਸਾਉਥਲ ਵਿੱਚ ਵੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ, ਸਾਉਣ ਮਹੀਨੇ ਦੇ ਚਾਰ ਸ਼ਨੀਵਾਰ ਨੂੰ ਖਾਲਸਾ ਪ੍ਰਾਇਮਰੀ ਸਕੂਲ ਵਿੱਚ ਲੱਗਦੀਆਂ ਹਨ।

ਸ਼ਗਣ

[ਸੋਧੋ]

ਤੀਆਂ ਦੇ ਤਿਓਹਾਰ ਸਮੇਂ ਵਿਆਹੀ ਕੁੜੀ ਨੂੰ ਉਸਦੇ ਮਾਪੇ ਘਰੋਂ ਸੂਟ, ਲੱਡੂ, ਮੇਹੰਦੀ ਸ਼ਗਣ ਵਜੋਂ ਦਿੱਤੇ ਜਾਂਦੇ ਹਨ।[3]

ਗਿੱਧਾ

[ਸੋਧੋ]

ਤੀਆਂ ਮਨਾਉਣ ਲਈ ਕੁੜੀਆਂ ਪਿੰਡ ਦੇ ਖੁਲ੍ਹੇ ਮੈਦਾਨ ਵਿੱਚ ਇਕੱਠੀਆਂ ਹੋ ਕੇ ਗੀਤ ਗਾ ਕੇ, ਗਿੱਧਾ ਪਾ ਕੇ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ। ਇਸ ਮੇਲੇ ਵਿੱਚ ਪੀਂਘਾਂ ਦਾ ਖ਼ਾਸ ਪ੍ਰਬੰਧ ਕੀਤਾ ਜਾਂਦਾ ਹੈ।

ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ ਸੌਹਰੇ ...........

ਸਾਉਣ ਵੀਰ ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਵੇ,
ਸਾਉਣ ਵੀਰ .......

ਸਾਉਣ ਮਹੀਨਾ ਦਿਨ ਤੀਆਂ ਦੇ,
ਸਭੇ ਸਹੇਲੀਆਂ ਆਈਆਂ,
ਨੀ ਸੰਤੋਂ ਸ਼ਾਮੋ ਹੋਈਆਂ ਕੱਠੀਆਂ,
ਵੱਡੇ ਘਰਾਂ ਦੀਆਂ ਜਾਂਈਆਂ,
ਨੀ ਕਾਲੀਆਂ ਦੀ ਫਿੰਨੋ ਦਾ ਤਾਂ,
ਚਾਅ ਚੁੱਕਿਆਂ ਨਾ ਜਾਵੇ,
ਝੂਟਾ ਦੇ ਦਿਓ ਨੀ,ਦੇ ਦਿਓ ਨੀ,
ਮੇਰਾ ਲੱਕ ਹੁਲਾਰੇ ਖਾਵੇ,
ਝੂਟਾ ਦੇ ........

ਆਉਂਦੀ ਕੁੜੀਏ,ਜਾਂਦੀ ਕੁੜੀਏ,
ਤੁਰਦੀ ਪਿੱਛੇ ਨੂੰ ਜਾਵੇਂ,
ਨੀ ਕਾਹਲੀ ਕਾਹਲੀ ਪੈਰ ਪੱਟ ਲੈ,
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ,
ਨੀ ਕਾਹਲੀ .......

ਤੀਆਂ ਤੀਜ ਦੀਆਂ,ਵਰ੍ਹੇ ਦਿਨਾਂ ਨੂੰ ਫੇਰ,
ਤੀਆਂ ਤੀਜ ਦੀਆਂ ........

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. "ਤੀਆਂ ਤੀਜ ਦੀਆਂ". Archived from the original on 2022-08-03. Retrieved 21 ਜੁਲਾਈ 2016.
  3. Alop Ho Raha Punjabi Virsa: Harkesh Singh KehalUnistar Books PVT Ltd ISBN 81-7142-869-X