ਨਗੀਨਦਾਸ ਨਾਰਣਦਾਸ ਪਾਰੇਖ (8 ਅਗਸਤ 1903 - 19 ਜਨਵਰੀ 1993) ਭਾਰਤ ਤੋਂ ਇੱਕ ਗੁਜਰਾਤੀ ਭਾਸ਼ਾ ਦਾ ਆਲੋਚਕ, ਸੰਪਾਦਕ ਅਤੇ ਅਨੁਵਾਦਕ ਸੀ। ਉਸਨੂੰ ਉਸਦੇ ਕਲਮੀ ਨਾਮ, ਗਰੰਥਕੀਟ (ਸ਼ਾਬਦਿਕ, ਕਿਤਾਬੀ ਕੀੜਾ) ਦੁਆਰਾ ਵੀ ਜਾਣਿਆ ਜਾਂਦਾ ਹੈ।
ਨਗੀਨਦਾਸ ਪਾਰੇਖ ਦਾ ਜਨਮ 8 ਅਗਸਤ 1903 ਨੂੰ ਭਾਰਤ ਦੇ ਗੁਜਰਾਤ ਰਾਜ ਦੇ ਅੰਦਰ ਬੁੱਲਸਰ (ਹੁਣ ਵਲਸਾਡ) ਸ਼ਹਿਰ ਵਿੱਚ ਹੋਇਆ ਸੀ।[1] ਉਸਨੇ ਆਪਣੀ ਮੁੱਢਲੀ ਅਤੇ ਸੈਕੰਡਰੀ ਸਿੱਖਿਆ ਵਲਸਾਡ ਵਿੱਚ ਪੂਰੀ ਕੀਤੀ ਅਤੇ 1921 ਵਿੱਚ ਗੁਜਰਾਤ ਵਿਦਿਆਪੀਠ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। 1921 ਤੋਂ 1925 ਤੱਕ, ਉਹ ਗੁਜਰਾਤ ਵਿਦਿਆਪੀਠ ਦੁਆਰਾ ਚਲਾਏ ਜਾਂਦੇ ਗੁਜਰਾਤ ਕਾਲਜ ਵਿੱਚ ਪੜ੍ਹਿਆ, ਜਿੱਥੇ ਉਸਨੇ ਰਾਮਨਾਰਾਇਣ ਵੀ ਪਾਠਕ ਦੇ ਅਧੀਨ ਗੁਜਰਾਤੀ ਅਤੇ ਇੰਦਰਭੂਸ਼ਣ ਮਜਮੂਦਰ ਅਧੀਨ ਬੰਗਾਲੀ ਵਿੱਚ ਡਿਗਰੀ ਪ੍ਰਾਪਤ ਕੀਤੀ। ਬਾਅਦ ਵਿਚ, 1925-26 ਵਿੱਚ ਉਹ ਬੰਗਾਲੀ ਵਿੱਚ ਉਚੇਰੀ ਸਿੱਖਿਆ ਲਈ ਵਿਸ਼ਵ-ਭਾਰਤੀ ਸ਼ਾਂਤੀ ਨਿਕੇਤਨ ਵਿੱਚ ਦਾਖ਼ਲ ਹੋ ਗਿਆ। ਉਸਨੇ ਕਸ਼ਤੀਮੋਹਨ ਸੇਨ ਦੇ ਅਧੀਨ ਬੰਗਾਲੀ ਅਤੇ ਰਬਿੰਦਰਨਾਥ ਟੈਗੋਰ ਦੇ ਸਾਹਿਤ ਦੀ ਪੜ੍ਹਾਈ ਕੀਤੀ ਅਤੇ ਫਿਰ ਉਸਨੇ ਸੰਨ 1926 ਵਿੱਚ ਗੁਜਰਾਤ ਵਿਦਿਆਪੀਠ ਵਿਖੇ ਥੋੜੇ ਸਮੇਂ ਲਈ ਪੜ੍ਹਾਇਆ। ਉਸਨੇ 1944 ਤੋਂ 1947 ਤੱਕ ਨਵਜੀਵਨ ਟਰੱਸਟ ਨਾਲ ਕੰਮ ਕੀਤਾ, ਅਤੇ ਬਾਅਦ ਵਿੱਚ, ਉਸਨੇ ਗੁਜਰਾਤ ਵਿਧਾਨ ਸਭਾ ਦੁਆਰਾ ਸੰਚਾਲਿਤ ਬੀ.ਜੇ. ਵਿਦਿਆਭਵਨ ਵਿੱਚ ਪੜ੍ਹਾਇਆ। ਉਸਨੇ 1955 ਤੋਂ 1969 ਤੱਕ ਅਹਿਮਦਾਬਾਦ ਦੇ ਐਚ ਕੇ ਆਰਟਸ ਕਾਲਜ ਵਿੱਚ ਪ੍ਰੋਫੈਸਰ ਵਜੋਂ ਕੰਮ ਕੀਤਾ। 19 ਜਨਵਰੀ 1993 ਨੂੰ ਉਸਦੀ ਮੌਤ ਹੋ ਗਈ।[2][3]
ਉਸਨੇ ਆਲੋਚਨਾ, ਜੀਵਨੀ, ਸੰਪਾਦਨ ਅਤੇ ਅਨੁਵਾਦ ਦੇ ਖੇਤਰਾਂ ਵਿੱਚ ਮੁੱਖ ਯੋਗਦਾਨ ਪਾਇਆ।[2]
ਅਭਿਨਾਵਨਾ ਰਸਵਿਚਾਰ ਅਨੇ ਬੀਜਾ ਲੇਖੋ (1969) ਉਸ ਦੇ ਲੇਖਾਂ ਦਾ ਸੰਗ੍ਰਹਿ ਹੈ। ਉਸ ਦੀ ਆਲੋਚਨਾਤਮਕ ਰਚਨਾ, ਵਿਕਸ਼ਾ ਅਨੇ ਨਿਰਿਕਸ਼ਾ (1981) ਵਿੱਚ ਪੂਰਬੀ ਅਤੇ ਪੱਛਮੀ ਕਵਿਤਾ, ਬਾਹਰਮੁਖੀ ਸਹਿ-ਸੰਬੰਧਕ ਅਤੇ ਬੇਨੇਦਿਤੋ ਕਰੋਚੇ ਦੇ ਦਰਸ਼ਨ ਦੀ ਆਲੋਚਨਾ ਸ਼ਾਮਲ ਹੈ। ਉਸ ਦੇ ਹੋਰ ਅਹਿਮ ਕੰਮ ਪਰਿਚੈ ਅਨੇ ਪ੍ਰੀਕਸ਼ਾ (1968), ਸਵਾਧਿਆਏ ਅਨੇ ਸਮੀਕਸ਼ਾ (1969), ਕਰੋਚੇਨੂ ਅਸਥੈਟਿਕ ਅਨੇ ਬੀਜਾ ਲੇਖੋ (ਕਰੋਚੇ ਦੀ ਅਸਥੈਟਿਕ, 1972) ਹਨ।[2]
ਉਸਨੇ ਨਵਲਰਾਮ (1961), ਮਹਾਦੇਵ ਦੇਸਾਈ (1962), ਪ੍ਰੇਮਾਨੰਦ (1963), ਅਤੇ ਗਾਂਧੀ ਜੀ (1964) ਦੀਆਂ ਜੀਵਨੀਆਂ ਲਿਖੀਆਂ। ਸਾਤ ਚਰਿਤ੍ਰੋ (ਸੱਤ ਜੀਵਨੀਆਂ, 1947) ਇੱਕ ਛੋਟੀਆਂ ਜੀਵਨੀਆਂ ਦਾ ਸੰਗ੍ਰਹਿ ਹੈ ਜਿਸ ਵਿੱਚ
ਕਨਫ਼ਿਊਸ਼ੀਅਸ, ਤਾਨਸੇਨ ਅਤੇ ਦਾਦਾਭਾਈ ਨੌਰੋਜੀ ਸ਼ਾਮਲ ਹਨ। ਸੱਤਾਵਨ (ਸਤਵੰਜਾ, 1938) 1857 ਦੇ ਇੰਡੀਅਨ ਬਗਾਵਤ ਬਾਰੇ ਰਚਨਾ ਹੈ।[2]