ਪ੍ਰੇਮੇਂਦਰ ਮਿੱਤਰਾ (1904–1988)[1][2] ਇੱਕ ਬੰਗਾਲੀ ਭਾਸ਼ਾ ਵਿੱਚ ਇੱਕ ਭਾਰਤੀ ਕਵੀ, ਨਾਵਲਕਾਰ, ਲਘੂ ਕਹਾਣੀ ਅਤੇ ਥਰਿੱਲਰ ਲੇਖਕ ਅਤੇ ਫਿਲਮ ਨਿਰਦੇਸ਼ਕ ਸੀ। ਉਹ ਬੰਗਾਲੀ ਵਿਗਿਆਨ ਗਲਪਕਾਰ ਵੀ ਸੀ। ਮਨੁੱਖਤਾ ਦੀ ਉਸਦੀ ਆਲੋਚਨਾ ਨੇ ਉਸਨੂੰ ਇਸ ਨਤੀਜੇ ਤੇ ਪਹੁੰਚਾ ਦਿੱਤਾ ਕਿ ਜ਼ਿੰਦਾ ਰਹਿਣ ਦੇ ਲਈ ਮਨੁੱਖਾਂ ਨੂੰ "ਆਪਣੇ ਮਤਭੇਦ ਭੁਲਾ ਕੇ ਏਕਤਾਬੱਧ ਹੋਣਾ ਹੋਵੇਗਾ"।
ਪ੍ਰੇਮੇਂਦਰ ਮਿੱਤਰਾ ਦਾ ਜਨਮ ਭਾਰਤ ਦੇ ਵਾਰਾਣਸੀ ਵਿੱਚ ਹੋਇਆ ਸੀ ਜਿੱਥੇ ਉਸਦੇ ਪਿਤਾ ਗਿਆਨੇਂਦਰ ਨਾਥ ਮਿੱਤਰਾ ਭਾਰਤੀ ਰੇਲਵੇ ਦੇ ਇੱਕ ਕਰਮਚਾਰੀ ਸਨ ਅਤੇ ਇਸ ਕਰਕੇ ਉਸਨੂੰ ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ ਸੀ। ਆਪਣੀ ਮਾਂ ਦੇ ਚਲੇ ਜਾਣ ਤੋਂ ਬਾਅਦ, ਜਿਸਦੀ ਉਸਦੇ ਬਚਪਨ ਦੌਰਾਨ ਮੌਤ ਹੋ ਗਈ ਸੀ, ਉਸਦਾ ਪਾਲਣ ਪੋਸ਼ਣ ਉੱਤਰ ਪ੍ਰਦੇਸ਼ ਵਿੱਚ ਉਸਦੇ ਦਾਦਾ-ਦਾਦੀ ਦੁਆਰਾ ਕੀਤਾ ਗਿਆ ਸੀ ਅਤੇ ਆਪਣੀ ਬਾਅਦ ਦੀ ਜ਼ਿੰਦਗੀ ਕਲਕੱਤਾ (ਹੁਣ ਕੋਲਕਾਤਾ) ਅਤੇ ਢਾਕਾ ਵਿੱਚ ਬਿਤਾਈ। ਉਹ ਦੱਖਣੀ ਸਬਅਰਬਨ ਸਕੂਲ (ਮੇਨ) ਦਾ ਵਿਦਿਆਰਥੀ ਸੀ ਅਤੇ ਕਲਕੱਤਾ ਦੇ ਸਕਾਟਿਸ਼ ਚਰਚ ਕਾਲਜ[3] ਵਿਖੇ ਬੀ.ਏ. ਲਈ ਦਾਖਲਾ ਲੈ ਲਿਆ ਸੀ ਪਰ ਉਸਨੇ ਸਮੇਂ ਤੋਂ ਪਹਿਲਾਂ ਸ਼ਾਂਤੀਨੀਕੇਤਨ ਵਿੱਚ ਰਵੀਂਦਰਨਾਥ ਟੈਗੋਰ ਦੇ ਇੱਕ ਦੋਸਤ, ਲਿਓਨਾਰਡ ਐਲਮਹਰਸਟ ਦੇ ਨਾਲ ਖੇਤੀਬਾੜੀ ਦੀ ਪੜ੍ਹਾਈ ਕਰਨ ਲਈ ਛੱਡ ਦਿੱਤਾ ਸੀ। ਕਿਉਂਕਿ ਇਸ ਵਿੱਚ ਉਸਦੀ ਦਿਲਚਸਪੀ ਕਾਇਮ ਨਹੀਂ ਸੀ ਰਹੀ, ਉਹ ਪਹਿਲਾਂ ਉਸ ਨੇ ਢਾਕਾ ਵਿੱਚ ਇੱਕ ਅੰਡਰਗ੍ਰੈਜੁਏਟ ਕੋਰਸ ਵਿੱਚ ਦਾਖਲਾ ਲੈ ਲਿਆ ਅਤੇ 1925 ਵਿੱਚ ਕਲਕੱਤਾ ਦੇ ਆਸੂਤੋਸ਼ ਕਾਲਜ ਵਿੱਚ ਉਸਨੇ ਦਿਨੇਸ਼ ਚੰਦਰ ਸੇਨ ਦੀ ਖੋਜ ਵਿੱਚ ਸਹਾਇਤਾ ਕੀਤੀ।[4]
ਆਪਣੇ ਸ਼ੁਰੂਆਤੀ ਸਾਲਾਂ ਦੌਰਾਨ, ਉਸਨੇ ਵੈਦ ਬਣਨ ਦੀ ਇੱਛਾ ਪਾਲ ਰੱਖੀ ਸੀ ਅਤੇ ਕੁਦਰਤੀ ਵਿਗਿਆਨ ਦਾ ਅਧਿਐਨ ਕੀਤਾ। ਬਾਅਦ ਵਿੱਚ ਉਸਨੇ ਸਕੂਲ ਦੇ ਅਧਿਆਪਕ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਇੱਕ ਕਾਰੋਬਾਰੀ ਵਜੋਂ ਆਪਣਾ ਕੈਰੀਅਰ ਬਣਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਵੀ ਉਸ ਉੱਦਮ ਵਿੱਚ ਅਸਫਲ ਰਿਹਾ। ਇੱਕ ਸਮੇਂ, ਉਹ ਇੱਕ ਦਵਾਈਆਂ ਬਣਾਉਣ ਵਾਲੀ ਕੰਪਨੀ ਦੇ ਮਾਰਕੀਟਿੰਗ ਵਿਭਾਗ ਵਿੱਚ ਕੰਮ ਕਰ ਰਿਹਾ ਸੀ। ਹੋਰ ਕਿੱਤਿਆਂ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਜਿਸ ਵਿੱਚ ਉਸਨੂੰ ਮਾਮੂਲੀ ਜਾਂ ਦਰਮਿਆਨੀ ਸਫਲਤਾ ਮਿਲੀ, ਉਸਨੇ ਲਿਖਤ ਵਿੱਚ ਸਿਰਜਣਾਤਮਕਤਾ ਲਈ ਆਪਣੀਆਂ ਪ੍ਰਤਿਭਾਵਾਂ ਦੀ ਖੋਜ ਕੀਤੀ ਅਤੇ ਅੰਤ ਵਿੱਚ ਬੰਗਾਲੀ ਲੇਖਕ ਅਤੇ ਕਵੀ ਬਣ ਗਿਆ।
1930 ਵਿੱਚ ਉਸ ਨੇ ਬੀਨਾ ਮਿੱਤਰਾ ਨਾਲ ਵਿਆਹ ਕਰਵਾ ਲਿਆ। ਬੀਨਾ ਪੇਸ਼ੇ ਤੋਂ ਉੱਤਰੀ ਕਲਕੱਤਾ ਦੇ ਸਿਟੀ ਕਾਲਜ ਵਿੱਚ ਬੰਗਾਲੀ ਦੀ ਪ੍ਰੋਫੈਸਰ ਸੀ। ਉਸਨੇ ਆਪਣਾ ਪੂਰਾ ਜੀਵਨ ਕਲਕੱਤਾ ਦੇ ਕਾਲੀਘਾਟ ਵਿਖੇ ਇੱਕ ਘਰ ਵਿੱਚ ਬਿਤਾਇਆ।