ਹਜ਼ਰਤ ਮੌਲਾਨਾ ਪੀਰ ਫ਼ਜ਼ਲ ਅਲੀ ਸ਼ਾਹ ਕੁਰੈਸ਼ੀ (Urdu: پیر فضل علی قریشی) ਇੱਕ ਇਸਲਾਮੀ ਵਿਦਵਾਨ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਬਸਤੀਵਾਦੀ ਭਾਰਤ ਦਾ ਪ੍ਰਮੁੱਖ ਨਕਸ਼ਬੰਦੀ ਸ਼ੇਖ ਸੀ। ਉਹ ਮੁਰਾਦ ਅਲੀ ਸ਼ਾਹ ਦੇ ਘਰ 1270 ਏ.ਐਚ. (1853 ਜਾਂ 1854) ਵਿੱਚ ਦਾਊਦ ਖੇਲ, ਪੰਜਾਬ ਵਿੱਚ ਪੈਦਾ ਹੋਇਆ ਸੀ ਅਤੇ ਰਮਜ਼ਾਨ 1354 ਹਿਜਰੀ (28 ਨਵੰਬਰ 1935) ਦੀ ਪਹਿਲੀ ਰਾਤ ਨੂੰ 84 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ ਸੀ ਅਤੇ ਉਸਨੂੰ ਮਿਸਕੀਨਪੁਰ ਸ਼ਰੀਫ਼, ਜ਼ਿਲ੍ਹਾ ਮੁਜ਼ੱਫ਼ਰਗੜ੍ਹ, ਪੰਜਾਬ ਵਿੱਚ ਦਫ਼ਨਾਇਆ ਗਿਆ ਸੀ। [1]
ਉਹ ਨਕਸ਼ਬੰਦੀ ਸੂਫੀ ਸੰਪਰਦਾ ਦਾ ਸ਼ੇਖ ਸੀ। ਉਹ ਪਹਿਲਾਂ ਬਯਾਹ ਲਈ ਖਵਾਜਾ ਮੁਹੰਮਦ ਉਸਮਾਨ ਦਾਮਾਨੀ ਕੋਲ ਗਿਆ, ਪਰ ਉਹ ਬਹੁਤ ਬੁੱਢਾ ਹੋ ਚੁੱਕਾ ਸੀ ਅਤੇ ਨਵੇਂ ਪੈਰੋਕਾਰ ਨਹੀਂ ਸੀ ਬਣਾ ਸਕਦਾ। ਇਸ ਲਈ ਉਸਨੇ ਸੱਯਦ ਲਾਲ ਸ਼ਾਹ ਹਮਦਾਨੀ ਨਾਲ ਵਫ਼ਾਦਾਰੀ ਦੀ ਸਹੁੰ ਚੁੱਕੀ, ਜੋ ਕਿ ਖਵਾਜਾ ਉਸਮਾਨ ਦਾ ਖਲੀਫਾ ਸੀ। ਆਪਣੇ ਸ਼ੇਖ ਦੀ ਮੌਤ ਤੋਂ ਬਾਅਦ, ਉਸਨੇ ਫਿਰ ਖ਼ਵਾਜਾ ਉਸਮਾਨ ਦੇ ਪੁੱਤਰ ਅਤੇ ਉੱਤਰਾਧਿਕਾਰੀ, ਖਵਾਜਾ ਸਿਰਾਜੁਦੀਨ ਨਕਸ਼ਬੰਦੀ ਨਾਲ ਵਫ਼ਾਦਾਰੀ ਦੀ ਦੂਜੀ ਸਹੁੰ ਚੁੱਕੀ ਅਤੇ ਉਸ ਤੋਂ ਇਜਾਜ਼ਾ ਅਤੇ ਖਿਲਾਫਤ ਪ੍ਰਾਪਤ ਕੀਤੀ।
ਉਸਨੇ 1892 ਹਿਜਰੀ ਵਿੱਚ ਫਕੀਰਪੁਰ ਸ਼ਰੀਫ ਨਾਮ ਦਾ ਪਹਿਲਾ ਅਧਿਆਤਮਿਕ ਕੇਂਦਰ (ਦਰਗਾਹ/ਖਾਨਕਾਹ) ਜ਼ਿਲ੍ਹਾ ਮੁਜ਼ੱਫਰਗੜ੍ਹ, ਪੰਜਾਬ ਵਿੱਚ ਸਥਾਪਿਤ ਕੀਤਾ। ਫਕੀਰਪੁਰ ਦੇ ਪਹੁੰਚ ਲਈ ਔਖੇ ਸਥਾਨ ਦੇ ਕਾਰਨ, ਉਸਨੇ ਸ਼ਹਿਰ ਸੁਲਤਾਨ ਦੇ ਨੇੜੇ, ਉਸੇ ਜ਼ਿਲ੍ਹੇ ਵਿੱਚ ਮਿਸਕੀਨਪੁਰ ਸ਼ਰੀਫ ਨਾਮ ਦਾ ਇੱਕ ਹੋਰ ਅਧਿਆਤਮਿਕ ਕੇਂਦਰ ਸਥਾਪਿਤ ਕੀਤਾ। ਉਹ ਸਾਰੀ ਉਮਰ ਉੱਥੇ ਹੀ ਰਿਹਾ ਅਤੇ ਉੱਥੇ ਹੀ ਦਫ਼ਨਾਇਆ ਗਿਆ।
ਉਸ ਦੇ ਜੀਵਨੀਕਾਰਾਂ ਨੇ ਲਿਖਿਆ ਹੈ ਕਿ ਜਿੰਨੇ ਦਿਨ ਉਸ ਨੇ ਪ੍ਰਚਾਰ ਲਈ ਯਾਤਰਾ ਵਿਚ ਬਿਤਾਏ, ਉਨ੍ਹਾਂ ਦੀ ਗਿਣਤੀ ਉਸ ਦੇ ਘਰ ਵਿਚ ਬਿਤਾਏ ਦਿਨਾਂ ਨਾਲੋਂ ਵੱਧ ਸੀ। ਉਸਨੇ ਸਿੰਧ ਅਤੇ ਪੰਜਾਬ ਦੇ ਕਈ ਸਥਾਨਾਂ ਦੀ ਯਾਤਰਾ ਕੀਤੀ, ਅਤੇ ਕਈ ਵਾਰ (ਅੱਜ ਵਾਲ਼ੇ) ਭਾਰਤ ਦੀ ਯਾਤਰਾ ਵੀ ਕੀਤੀ। ਉਸਨੇ ਕਾਨੂੰਨ ਦੇ ਹਨਫ਼ੀ ਮੱਤ ਦਾ ਪਾਲਣ ਕੀਤਾ, ਅਤੇ ਭਾਰਤ ਦੇ ਸਥਾਨਕ ਸਕੂਲਾਂ ਅਰਥਾਤ ਦੇਵਬੰਦੀ ਬਰੇਲਵੀ ਤੋਂ ਪਾਸੇ ਰਿਹਾ, ਸਗੋਂ ਸਾਰੇ ਮਾਮਲਿਆਂ ਵਿੱਚ ਨਕਸ਼ਬੰਦੀ ਮੱਤ ਦਾ ਪਾਲਣ ਕੀਤਾ। [2]
ਸ਼ੇਖ ਦੀ ਜੀਵਨੀ ਤੋਂ ਉਸ ਦੇ ਹਨਫ਼ੀ ਮੱਤ ਦੀ ਦੇਵਬੰਦੀ ਸ਼ਾਖਾ ਦੇ ਅਨੁਯਾਈ ਹੋਣ ਬਾਰੇ ਵਿਰੋਧੀ ਬਿਰਤਾਂਤ ਹਨ। ਉਸਦੇ ਬਹੁਤ ਸਾਰੇ ਅਨੁਯਾਈ ਇਸ ਸਕੂਲ ਦਾ ਪਾਲਣ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਸ਼ੇਖ ਨੇ ਖ਼ੁਦ ਇਸਦਾ ਪਾਲਣ ਕੀਤਾ ਸੀ। ਪਰ ਕੁਝ ਹੋਰ ਵੀ ਹਨ ਜੋ ਦਾਅਵਾ ਕਰਦੇ ਹਨ ਕਿ ਸ਼ੇਖ ਨੇ ਕਦੇ ਵੀ ਦੇਵਬੰਦੀ ਸਕੂਲ ਦਾ ਪਾਲਣ ਨਹੀਂ ਕੀਤਾ, ਸਗੋਂ ਸਿਰਫ਼ ਇਸਲਾਮ ਅਤੇ ਨਕਸ਼ਬੰਦੀ ਤਰੀਕਾ ਦਾ ਪ੍ਰਚਾਰ ਕਰਨ ਲਈ ਦੇਵਬੰਦ ਇਸਲਾਮੀ ਸਕੂਲ ਦਾ ਦੌਰਾ ਕੀਤਾ। ਵਿਚਾਰਾਂ ਦਾ ਇਹ ਮਤਭੇਦ ਪੀਰ ਕੁਰੈਸ਼ੀ ਦੇ ਨਜ਼ਦੀਕੀ ਪਰਿਵਾਰ ਵਿੱਚ ਵੀ ਸਪੱਸ਼ਟ ਹੈ, ਜਿੱਥੇ ਉਸਦੇ ਕੁਝ ਪੋਤੇ ਦੇਵਬੰਦੀ ਸਕੂਲ ਦੀ ਪਾਲਣਾ ਕਰਦੇ ਹਨ ਜਦੋਂ ਕਿ ਦੂਸਰੇ ਖ਼ੁਦ ਸ਼ੇਖ ਦੀ ਪਾਲਣਾ ਕਰਦੇ ਹਨ ਅਤੇ ਦੇਵਬੰਦ ਨਾਲ ਸੰਬੰਧਤ ਨਹੀਂ ਹਨ।