ਕ੍ਰਿਕਟ ਵਿੱਚ ਬੱਲੇਬਾਜ਼ੀ ਕ੍ਰਮ ਇੱਕ ਤਰਤੀਬ ਹੈ ਜਿਸ ਵਿੱਚ ਬੱਲੇਬਾਜ਼ ਆਪਣੀ ਟੀਮ ਦੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਲਈ ਆਉਂਦੇ ਹਨ। ਚਲਦੇ ਮੈਚ ਵਿੱਚ ਹਮੇਸ਼ਾ ਦੋ ਬੱਲੇਬਾਜ਼ ਨਾਲ ਨਾਲ ਬੱਲੇਬਾਜ਼ੀ ਕਰਦੇ ਹਨ। ਇੱਕ ਟੀਮ ਦੇ ਸਾਰੇ ਗਿਆਰਾਂ ਖਿਡਾਰੀਆਂ ਨੂੰ ਬੱਲੇਬਾਜ਼ੀ ਕਰਨ ਦੀ ਜ਼ਰੂਰਤ ਹੁੰਦੀ ਹੈ ਜਿੰਨਾ ਚਿਰ ਉਹ ਦਿੱਤੇ ਗਏ ਟੀਚੇ ਉੱਪਰ ਨਾ ਪੁੱਜਣ (ਭਾਵ, ਜੇਕਰ ਪਾਰੀ ਦੀ ਘੋਸ਼ਣਾ ਜਾਂ ਹੋਰ ਕਿਸੇ ਵਜ੍ਹਾ ਕਾਰਨ ਪਾਰੀ ਛੇਤੀ ਖ਼ਤਮ ਨਹੀਂ ਹੁੰਦੀ)।
ਬੱਲੇਬਾਜ਼ ਕ੍ਰਮ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:
ਜਿਸ ਕ੍ਰਮ ਵਿੱਚ ਗਿਆਰਾਂ ਖਿਡਾਰੀ ਬੱਲੇਬਾਜ਼ੀ ਕਰਦੇ ਹਨ, ਉਸਨੂੰ ਆਮ ਤੌਰ ਤੇ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਤੈਅ ਕਰ ਲਿਆ ਜਾਂਦਾ ਹੈ, ਪਰ ਇਸਨੂੰ ਖੇਡ ਦੇ ਦੌਰਾਨ ਕਿਤੇ ਵੀ ਬਦਲਿਆ ਜਾ ਸਕਦਾ ਹੈ। ਇਹ ਫੈਸਲਾ ਕੁਝ ਖਾਸ ਕਾਰਨਾਂ ਤੇ ਅਧਾਰਤ ਹੁੰਦਾ ਹੈ ਜਿਵੇਂ ਕਿ ਹਰ ਖਿਡਾਰੀ ਦੇ ਖੇਡਣ ਦਾ ਢੰਗ; ਕਿਸੇ ਖਾਸ ਸਥਿਤੀ ਵਿੱਚ ਖੇਡਣ ਵਾਲਾ ਬੱਲੇਬਾਜ਼; ਇੱਕ ਖਿਡਾਰੀ ਦੇ ਰੂਪ ਵਿੱਚ ਹਰੇਕ ਖਿਡਾਰੀ ਦੇ ਹੁਨਰ ਅਤੇ ਗੁਣ; ਦੂਜੇ ਬੱਲੇਬਾਜ਼ਾਂ ਨਾਲ ਸਹਿਯੋਗ; ਅਤੇ ਮੈਚ ਦੀ ਸਥਿਤੀ ਆਦਿ। ਉਦਾਹਰਣ ਵਜੋਂ ਟੀਮ ਨੂੰ ਪਾਰੀ ਦੇ ਕਿਸੇ ਖਾਸ ਸਮੇਂ ਬਚਾਅਵਾਦੀ ਜਾਂ ਹਮਲਾਵਰ ਖਿਡਾਰੀ ਦੀ ਲੋੜ ਹੋ ਸਕਦੀ ਹੈ। ਇਸ ਤੋਂ ਇਲਾਵਾ ਟੈਸਟ ਮੈਚਾਂ ਵਿੱਚ ਮੱਧ-ਕ੍ਰਮ ਦੇ ਬੱਲੇਬਾਜ਼ ਖੇਡ ਪ੍ਰਤੀ ਉਨ੍ਹਾਂ ਦੀ ਹਮਲਾਵਰ ਪਹੁੰਚ ਕਾਰਨ ਵਨਡੇ ਅਤੇ ਟੀ -20 ਮੈਚਾਂ ਵਿੱਚ ਸਲਾਮੀ ਬੱਲੇਬਾਜ਼ੀ ਵੀ ਹੋ ਸਕਦੇ ਹਨ।
ਟੀਮ ਦਾ ਕਪਤਾਨ ਆਪਣੀ ਮਰਜ਼ੀ ਅਨੁਸਾਰ ਚਲਦੀ ਖੇਡ ਦੌਰਾਨ ਕਿਸੇ ਵੀ ਸਮੇਂ ਬੱਲੇਬਾਜ਼ੀ ਕ੍ਰਮ ਨੂੰ ਬਦਲ ਸਕਦਾ ਹੈ। ਉਹ ਟੂਰਨਾਮੈਂਟ ਜਾਂ ਲੜੀ ਵਿੱਚ ਆਪਣੇ ਬੱਲੇਬਾਜ਼ੀ ਕ੍ਰਮ ਨੂੰ ਬਦਲ ਸਕਦੇ ਹਨ। ਕੀਤੀਆਂ ਗਈਆਂ ਤਬਦੀਲੀਆਂ ਦੇ ਮਾਮਲੇ ਵਿੱਚ ਕੋਈ ਨਿਯਮ ਨਹੀਂ ਹੈ ਅਤੇ, ਜੇ ਇੱਕ ਤੋਂ ਵੱਧ ਪਾਰੀ ਖੇਡੀ ਜਾਂਦੀ ਹੈ, ਤਾਂ ਹਰੇਕ ਪਾਰੀ ਵਿੱਚ ਵਰਤਿਆ ਜਾਣ ਵਾਲਾ ਕ੍ਰਮ ਇੱਕੋ ਜਿਹਾ ਹੋਣਾ ਜ਼ਰੂਰੀ ਨਹੀਂ ਹੁੰਦਾ ਹੈ। ਇੱਥੋਂ ਤੱਕ ਕਿ ਕਪਤਾਨ ਆਪਣੇ ਬੱਲੇਬਾਜ਼ੀ ਕ੍ਰਮ ਨੂੰ ਫ਼ਾਲੋਵਿੰਗ ਆਨ ਤੋਂ ਬਾਅਦ ਪੂਰੀ ਤ੍ਹਾਂ ਹੇਠੋਂ ਉੱਪਰ ਕਰ ਸਕਦਾ ਹੈ, ਜਿਸ ਕਰਕੇ ਕੋਈ ਗੇਂਦਬਾਜ਼ ਆਪਣੀ ਹੈਟ੍ਰਿਕ ਵਿੱਚ ਲਗਾਤਾਰ ਦੋ ਵਾਰ ਇੱਕੋ ਬੱਲੇਬਾਜ਼ ਨੂੰ ਆਊਟ ਕਰ ਸਕਦਾ ਹੈ।[1]
ਕ੍ਰਿਕਟ ਦੀ ਖੇਡ ਵਿੱਚ ਬਹੁਤ ਸਾਰੇ ਕਾਰਨ ਹਨ, ਜਿਸ ਕਰਕੇ ਕਿਸੇ ਸਥਾਪਤ ਹੋਏ ਬੱਲੇਬਾਜ਼ੀ ਕ੍ਰਮ ਨੂੰ ਬਦਲਣ ਦੀ ਲੋੜ ਹੁੰਦੀ ਹੈ। ਪਰ ਕਪਤਾਨ ਜਾਂ ਕੋਚ ਕਿਸੇ ਬਹੁਤ ਜ਼ਰੂਰੀ ਕਾਰਨ ਤੋਂ ਬਿਨ੍ਹਾਂ ਸਥਾਪਿਤ ਹੋਏ ਬੱਲੇਬਾਜ਼ੀ ਕ੍ਰਮ ਨੂੰ ਨਹੀਂ ਬਦਲਦੇ, ਉਦਾਹਰਨ ਲਈ ਜਦੋਂ ਦੱਖਣੀ ਅਫ਼ਰੀਕਾ ਨੇ ਭਾਰਤ ਵਿਰੁੱਧ ਇੱਕ ਮੈਚ ਵਿੱਚ ਇਮਰਾਨ ਤਾਹਿਰ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਉੱਪਰ ਭੇਜ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਉੱਪਰੀ ਕ੍ਰਮ ਦੇ ਬੱਲੇਬਾਜ਼ ਸਪਿਨ ਗੇਂਦਬਾਜ਼ੀ ਨੂੰ ਮਾੜਾ ਖੇਡਦੇ ਸਨ, ਪਰ ਉਨ੍ਹਾਂ ਦੀ ਤਰਕੀਬ ਕਾਮਯਾਬ ਸਾਬਿਤ ਨਹੀਂ ਹੋਈ।[2] 2017 ਵਿੱਚ, ਫਾਫ ਡੂ ਪਲੈਸੀ, ਜੋ ਛੁੱਟੀ ਤੋਂ ਬਾਅਦ ਟੈਸਟ ਕਪਤਾਨ ਦੇ ਰੂਪ ਵਿੱਚ ਟੀਮ ਵਿੱਚ ਵਾਪਿਸ ਆਇਆ ਸੀ, ਨੇ ਇੱਕ ਵੱਡੀ ਹਾਰ ਤੋਂ ਬਾਅਦ ਇੰਗਲੈਂਡ ਖ਼ਿਲਾਫ਼ ਦੂਸਰੇ ਟੈਸਟ ਤੋਂ ਪਹਿਲਾਂ ਬੱਲੇਬਾਜ਼ੀ ਕ੍ਰਮ ਵਿੱਚ ਕਈ ਤਬਦੀਲੀਆਂ ਕਰਨ ਦਾ ਫੈਸਲਾ ਕੀਤਾ। ਡੂ ਪਲੈਸੀ ਨੇ ਜੇਪੀ ਡੁਮਿਨੀ ਨੂੰ ਨੰ. 5, ਅਤੇ ਕੁਇੰਟਨ ਡੀ ਕਾੱਕ ਨੂੰ 5 ਤੋਂ 4 ਤੇ ਭੇਜ ਦਿੱਤਾ (ਹਾਲਾਂਕਿ ਡੀ ਕੌਕ ਪਹਿਲਾਂ ਹੀ ਪਹਿਲੇ ਟੈਸਟ ਦੀ ਪਹਿਲੀ ਅਤੇ ਦੂਜੀ ਪਾਰੀ ਦੇ ਵਿਚਕਾਰ ਨੰਬਰ 7 ਤੋਂ 5 ਨੰਬਰ ਤੇ ਆ ਗਿਆ ਸੀ), ਅਤੇ ਕਗੀਸੋ ਰਬਾਡਾ ਦੇ ਇੱਕ ਮੈਚ ਵਿੱਚ ਮੁਅੱਤਲ ਹੋਣ ਦੇ ਕਾਰਨ, ਡੁਏਨ ਓਲੀਵੀਅਰ ਉਸ ਦੀ ਜਗ੍ਹਾ ਬੱਲੇਬਾਜ਼ੀ ਕਰਨ ਆਇਆ, ਜਿਸ ਕਰਕੇ ਫਿਲਾਂਡਰ ਇੱਕ ਨੰਬਰ ਉੱਪਰ ਬੱਲੇਬਾਜ਼ੀ ਕਰਨ ਆਇਆ। ਜਦੋਂ ਕਿ ਥਿਊਨਿਸ ਡੇ ਬਰੂਯਨ ਨੂੰ ਕ੍ਰਿਸ ਮੌਰਿਸ ਦੇ ਜਗ੍ਹਾ ਤੇ 8 ਨੰਬਰ ਤੇ ਬੱਲੇਬਾਜ਼ੀ ਤੇ ਭੇਜਿਆ ਗਿਆ।
ਜੇ ਖੇਡ ਦੀ ਸਥਿਤੀ ਵਿੱਚ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਜ਼ਰੂਰਤ ਹੁੰਦੀ ਹੈ, ਤਾਂ ਕਪਤਾਨ ਅਕਸਰ ਇੱਕ ਅਜਿਹੇ ਬੱਲੇਬਾਜ਼ ਨੂੰ ਭੇਜਦਾ ਹੈ ਜੋ ਤੇਜ਼ ਬੱਲੇਬਾਜ਼ੀ ਕਰਨ ਲਈ ਜਾਣਿਆ ਜਾਂਦਾ ਹੈ। ਇਹ ਆਮ ਤੌਰ 'ਤੇ ਹੇਠਲੇ ਕ੍ਰਮ ਦਾ ਬੱਲੇਬਾਜ਼ ਹੁੰਦਾ ਹੈ, ਕਿਉਂਕਿ ਉਨ੍ਹਾਂ ਦੀ ਵਿਕਟ ਨੂੰ ਇੰਨਾ ਕੀਮਤੀ ਨਹੀਂ ਮੰਨਿਆ ਜਾਂਦਾ। ਇੱਕ ਬੱਲੇਬਾਜ਼ ਜੋ ਤੇਜ਼ ਦੌੜਾਂ ਬਣਾਉਣ ਦੇ ਇਰਾਦੇ ਨਾਲ ਬੱਲੇਬਾਜ਼ੀ ਕਰਦਾ ਹੈ ਉਸਨੂੰ ਪਿੰਚ ਹਿੱਟਰ ਜਾਂ ਸਲੌਗਰ ਕਿਹਾ ਜਾਂਦਾ ਹੈ. ਪਿੰਚ ਹਿੱਟਰ ਦੀਆਂ ਕੁਝ ਉਦਾਹਰਣਾਂ ਹਨ ਡੇਵਿਡ ਮਿਲਰ, ਗਲੈਨ ਮੈਕਸਵੈਲ, ਸ਼ਾਹਿਦ ਅਫਰੀਦੀ ਅਤੇ ਥੀਸਾਰਾ ਪਰੇਰਾ
ਜਦੋਂ ਕਿਸੇ ਦਿਨ ਦੇ ਅੰਤ ਦੇ ਨੇੜੇ ਕਿਸੇ ਉੱਪਰੀ ਕ੍ਰਮ ਦੇ ਬੱਲੇਬਾਜ਼ ਦੀ ਵਿਕਟ ਡਿੱਗਦੀ ਹੈ, ਤਾਂ ਹੇਠਲੇ ਕ੍ਰਮ (ਘੱਟ ਸਮਰੱਥ) ਦੇ ਕਿਸੇ ਬੱਲੇਬਾਜ਼ ਨੂੰ ਇਸ ਇਰਾਦੇ ਨਾਲ ਬੱਲੇਬਾਜ਼ੀ ਕਰਨ ਲਈ ਭੇਜਿਆ ਜਾਂਦਾ ਹੈ ਕਿ ਵਧੇਰੇ ਯੋਗ ਖਿਡਾਰੀ ਨੂੰ ਅਗਲੀ ਸਵੇਰ ਤੱਕ ਬਚਾਅ ਕੇ ਰੱਖਿਆ ਜਾਵੇ। ਫਿਰ ਵਧੇਰੇ ਸਮਰੱਥ ਖਿਡਾਰੀ ਥੱਕੇ ਹੋਏ ਜਾਂ ਘੱਟ ਰੋਸ਼ਨੀ ਵਾਲੀਆਂ ਸਥਿਤੀਆਂ ਵਿੱਚ ਆਊਟ ਹੋਣ ਦੇ ਜੋਖਮ ਦੇ ਸਾਹਮਣਾ ਨਹੀਂ ਕਰਦੇ। ਜਿਹੜਾ ਬੱਲੇਬਾਜ਼ ਅੰਦਰ ਭੇਜਿਆ ਜਾਂਦਾ ਹੈ ਉਹ ਨਾਈਟ ਵਾਚਮੈਨ ਵਜੋਂ ਜਾਣਿਆ ਜਾਂਦਾ ਹੈ। ਇਹ ਰਣਨੀਤੀ ਇਸ ਲਈ ਵੀ ਵਰਤੀ ਜਾਂਦੀ ਹੈ ਕਿਉਂਕਿ ਖਿਡਾਰੀ ਆਮ ਤੌਰ 'ਤੇ ਪਾਰੀ ਦੀ ਸ਼ੁਰੂਆਤ ਵੇਲੇ ਘਬਰਾ ਜਾਂਦੇ ਹਨ ਅਤੇ ਆਪਣੀ ਤਾਲ ਵਿੱਚ ਸਥਾਪਿਤ ਹੋਣ ਜਾਂ ਸੈੱਟ ਹੋਣ ਤੋਂ ਪਹਿਲਾਂ ਪਰੇਸ਼ਾਨ ਹੁੰਦੇ ਹਨ। ਦਿਨ ਦੇ ਅਖੀਰ ਵਿੱਚ ਇੱਕ ਮਾਹਰ ਬੱਲੇਬਾਜ਼ ਨੂੰ ਭੇਜਣ ਦਾ ਮਤਲਬ ਹੈ ਕਿ ਉਸਨੂੰ ਦਿਨ ਦੇ ਅੰਤ ਤੱਕ ਆਪਣੀ ਵਿਕਟ ਬਚਾਅ ਕੇ ਰੱਖਣੀ ਪਵੇਗੀ, ਕਿਉਂਕਿ ਖੇਡਣ ਲਈ ਗੇਂਦਾ ਘੱਟ ਰਹਿ ਜਾਂਦੀਆਂ ਹਨ, ਜਿਸ ਕਰਕੇ ਇੱਕ ਘੱਟ ਸਮਰੱਥਾ ਵਾਲੇ ਬੱਲੇਬਾਜ਼ ਜਾਂ ਕਿਸੇ ਗੇਂਦਬਾਜ਼ ਨੂੰ ਉਸਦੀ ਜਗ੍ਹਾ ਬੱਲੇਬਾਜ਼ ਕਰਨ ਲਈ ਭੇਜ ਦਿੱਤਾ ਜਾਂਦਾ ਹੈ।
ਕ੍ਰਿਕਟ ਦੀ ਪਾਰੀ ਵਿੱਚ ਸਭ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੇ ਬੱਲੇਬਾਜ਼ਾਂ ਨੂੰ ਸਲਾਮੀ ਬੱਲੇਬਾਜ਼ ਕਿਹਾ ਜਾਂਦਾ ਹੈ। ਇਨ੍ਹਾਂ ਬੱਲੇਬਾਜ਼ਾਂ ਦਾ ਬੱਲੇਬਾਜ਼ੀ ਕ੍ਰਮ 1 ਅਤੇ 2 ਨੰਬਰ ਹੁੰਦਾ ਹੈ। ਸਲਾਮੀ ਬੱਲੇਬਾਜ਼ਾਂ ਦਾ ਕ੍ਰਮ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਨ੍ਹਾਂ ਨੇ ਆਪਣੀ ਵਿਕਟ ਡਿੱਗਣ ਤੋਂ ਬਚਾ ਕੇ ਪਾਰੀ ਨੂੰ ਚੰਗੀ ਸ਼ੁਰੂਆਤ ਦੇਣੀ ਹੁੰਦੀ ਹੈ ਅਤੇ ਜੇਕਰ ਇਹ ਬੱਲੇਬਾਜ਼ ਛੇਤੀ ਆਊਟ ਹੋ ਜਾਂਦੇ ਹਨ ਤਾਂ ਮੱਧਕ੍ਰਮ ਦੇ ਬੱਲੇਬਾਜ਼ਾਂ ਉੱਪਰ ਵਾਧੂ ਦਬਾਅ ਆ ਜਾਂਦਾ ਹੈ। ਸਲਾਮੀ ਬੱਲੇਬਾਜ਼ਾਂ ਨੂੰ ਪਿੱਚ ਦੀ ਗਤੀ ਅਤੇ ਉਛਾਲ ਦੇ ਹਿਸਾਬ ਨਾਲ ਦਿੱਕਤ ਆ ਸਕਦੀ ਹੈ ਕਿਉਂਕਿ ਇਹ ਦੋਵੇਂ ਬੱਲੇਬਾਜ਼ਾਂ ਨੇ ਪਹਿਲੀਆਂ ਗੇਂਦਾ ਦਾ ਸਾਹਮਣਾ ਕਰਨਾ ਹੁੰਦਾ ਹੈ। ਵਧੀਆ ਸਲਾਮੀ ਬੱਲੇਬਾਜ਼ ਪਾਰੀ ਦੀ ਸ਼ੁਰੂਆਤ ਵਿੱਚ ਪਿੱਚ ਦੀ ਗਤੀ ਅਤੇ ਉਛਾਲ ਨੂੰ ਸਮਝ ਕੇ ਉਸ ਹਿਸਾਬ ਨਾਲ ਬੱਲੇਬਾਜ਼ੀ ਕਰਨੀ ਹੁੰਦੀ ਹੈ।
ਮੱਧ ਕ੍ਰਮ ਵਿੱਚਤ ਆਮ ਤੌਰ ਤੇ ਬਹੁਤ ਵਧੀਆ ਅਤੇ ਪ੍ਰਭਾਵੀ ਬੱਲੇਬਾਜ਼ ਖੇਡਦੇ ਹਨ। ਮੱਧ ਕ੍ਰਮ ਦੇ ਬੱਲੇਬਾਜ਼ ਨੂੰ ਆਮ ਤੌਰ ਤੇ ਪੁਰਾਣੀ ਗੇਂਦ ਖੇਡਣ ਨੂੰ ਮਿਲਦੀ ਹੈ ਜਿਸ ਵਿੱਚ ਉਨ੍ਹਾਂ ਨੂੰ ਸਪਿਨਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਸਪਿਨਰਾਂ ਦਾ ਸਾਹਮਣਾ ਕਰਨ ਲਈ ਇਹ ਬੱਲੇਬਾਜ਼ ਵਧੇਰੇ ਬਚਾਅ ਵਾਲੀ ਬੱਲੇਬਾਜ਼ੀ ਤਕਨੀਕ ਵਿੱਚ ਮਾਹਿਰ ਹੁੰਦੇ ਹਨ। ਪਰ ਨਾਲ ਦੀ ਨਾਲ ਉਨ੍ਹਾਂ ਨੂੰ ਕਮਜ਼ੋਰ ਗੇਂਦਾਂ ਨੂੰ ਹਿੱਟ ਵੀ ਕਰਨਾ ਹੁੰਦਾ ਹੈ।
ਹੇਠਲਾ ਕ੍ਰਮ ਉਨ੍ਹਾਂ ਖਿਡਾਰੀਆਂ ਦਾ ਬਣਿਆ ਹੁੰਦਾ ਹੈ ਜਿਨ੍ਹਾਂ ਦੀ ਬੱਲੇਬਾਜ਼ੀ ਕਮਜ਼ੋਰ ਹੁੰਦੀ ਹੈ, ਇਨ੍ਹਾਂ ਬੱਲੇਬਾਜ਼ਾਂ ਨੂੰ ਆਮ ਤੌਰ ਤੇ ਟੇਲੈਂਡਰ (ਟੇਲ ਐਂਡਰ ਜਾਂ ਟੇਲ-ਐਂਡਰ) ਵੀ ਕਿਹਾ ਜਾਂਦਾ ਹੈ। ਇਹ ਖਿਡਾਰੀ ਟੀਮ ਦੇ ਮਾਹਿਰ ਗੇਂਦਬਾਜ਼ ਹੁੰਦੇ ਹਨ, ਅਤੇ ਇਨ੍ਹਾਂ ਦਾ ਮੁੱਖ ਕੰਮ ਬੱਲੇਬਾਜ਼ੀ ਨਾ ਹੋ ਕੇ ਗੇਂਦਬਾਜ਼ੀ ਹੁੰਦਾ ਹੈ। ਪਰ ਦੁਨੀਆ ਦੇ ਬਹੁਤ ਵਧੀਆ ਗੇਂਦਬਾਜ਼ ਵੀ ਠੀਕ-ਠਾਕ ਬੱਲੇਬਾਜ਼ੀ ਕਰ ਲੈਂਦੇ ਹਨ।