ਭਗਤ ਤਿਰਲੋਚਨ

ਭਗਤ ਤ੍ਰਿਲੋਚਨ ਜੀ ਦਾ ਜਨਮ 1268 ਈ. ਵਿੱਚ ਮਹਾਂਰਾਸ਼ਟਰ ਦੇ ਜਿਲ੍ਹਾ ਸ਼ੋਲਾਪੁਰ ਦੇ ਬਾਰਸੀ ਕਸਬੇ ਵਿੱਚ ਹੋਇਆ। ਮੈਕਾਲਿ਼ਫ ਅਨੁਸਾਰ ਆਪਦਾ ਜਨਮ 1267 ਈ. ਵਿੱਚ ਗੁਜਰਾਤ ਵਿੱਚ ਹੋਇਆ ਵੀ ਮੰਨਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਉਨ੍ਹਾਂ ਦਾ ਜੱਦੀ ਪਿੰਡ ਉੱਤਰ ਪ੍ਰਦੇਸ਼ ਵਿੱਚ ਸੀ ਅਤੇ ਗਿਆਨ ਦੇਵ ਦੇ ਸੰਪਰਕ ਵਿੱਚ ਆਉਣ ਮਗਰੋਂ ਉਹ ਮਹਾਰਾਸ਼ਟਰ ਵੱਲ ਚਲੇ ਗਏ।ਆਪ ਨਾਮਦੇਵ ਦੇ ਸਮਕਾਲੀ ਸਨ। ਆਪਦਾ ਵਿਆਹ ਅਨੰਤਾ ਨਾਮ ਦੀ ਇਸਤਰੀ ਨਾਲ ਮੰਨਿਆ ਜਾਂਦਾ ਹੈ। ਭਗਤ ਮਾਲਾ ਦੀ ਇੱਕ ਗਾਥਾ ਅਨੁਸਾਰ ਤ੍ਰਿਲੋਚਨ ਜੀ ਦਾ ਇਕਲੌਤਾ ਪੁੱਤਰ ਚਲਾਣਾ ਕਰ ਗਿਆ, ਜਿਸ ਕਰਕੇ ਬਿਰਧ ਉਮਰ ਵਿੱਚ ਕੋਈ ਸੇਵਾ ਕਰਨ ਵਾਲਾ ਨਾ ਰਿਹਾ। ਆਪ ਜੀ ਦੇ ਜੋਤੀ ਜੋਤ ਸਮਾਉਣ ਦਾ ਸੰਨ ਨਿਸ਼ਚਿਤ ਨਹੀਂ,ਪਰ ਭਾਈ ਘੱਨਈਆ ਸੇਵਾ ਜੋਤੀ ਸਤੰਬਰ 1991 ਵਿਸ਼ੇਸ਼ ਅੰਕ, ਪੰਜਾਬੀ ਮਾਸਕ ਵਿਚ ਆਪ ਦਾ ਅੰਤਿਮ ਸਮਾਂ 1335 ਈ. ਤਕ ਦੱਸਿਆ ਗਿਆ ਹੈ। ਪਤੀ ਪਤਨੀ ਨੇ ਅੰਤਿਮ ਜੀਵਨ ਪਾਸਰਪੁਰ ਵਿੱਚ ਹੀ ਗੁਜ਼ਾਰਿਆ ਤੇ ਦੋਹਾਂ ਦੇ ਚਲਾਣੇ ਵੀ ਪਾਸਰਪੁਰ ਵਿੱਚ ਹੀ ਮੰਨੇ ਜਾਂਦੇ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਤ੍ਰਿਲੋਚਨ ਜੀ ਦੇ ਚਾਰ ਸ਼ਬਦ, ਹੇਠ ਲਿਖੇ ਤਿੰਨ ਰਾਗਾਂ ਵਿੱਚ ਇਸ ਪ੍ਰਕਾਰ ਹਨ-

  1. ਸਿਰੀ ਰਾਗੁ (ਸ਼ਬਦ -1, ਪੰਨਾ-91),
  2. ਗੂਜਰੀ (ਸ਼ਬਦ-2, ਪੰਨਾ-525,526),
  3. ਧਨਾਸਰੀ (ਸ਼ਬਦ-1 ਪੰਨਾ-694)[1]

ਇਨ੍ਹਾਂ ਦੀ ਭਾਸ਼ਾ ਉੱਪਰ ਮਰਾਠੀ ਦਾ ਪ੍ਰਭਾਵ ਪ੍ਰਤੱਖ ਹੈ। ਆਪ ਜੀ ਫਰਮਾਉਂਦੇ ਹਨ ਕਿ ਮਨੁੱਖ ਜਨਮ ਕੌਡੀਆਂ ਬਦਲੇ ਗੁਆ ਬੈਠਦਾ ਹੈ ਮਾਇਆ ਮੂਠਾ ਚੇਤਸਿ ਨਾਹੀ ਜਨਮ ਗਵਾਹਿਓ ਆਲਸੀਆ ਭਗਤ ਤ੍ਰਿਲੋਚਨ ਜੀ ਦੇ ਵਿਅਕਤੀਤਵ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹੀ ਸੀ ਕਿ ਉਹ ਸਾਧੂਆਂ ਪ੍ਰਤੀ ਬੇਹੱਦ ਸ਼ਰਧਾ ਤੇ ਸਤਿਕਾਰ ਰੱਖਦੇ ਸਨ ਅਤੇ ਉਨ੍ਹਾਂ ਦੀ ਭੋਜਨ ਆਦਿ ਨਾਲ ਸੇਵਾ ਕਰਦੇ ਸਨ, ਪਰ ਸੇਵਾ ਦਾ ਕੰਮ ਆਪਦੀ ਪਤਨੀ ਤੋਂ ਇਕਲਿਆਂ ਨਾ ਸਾੰਭਿਆ ਨਾ ਜਾਣ ਕਾਰਨ ਆਪ ਨੇ 'ਅੰਤਰਯਾਮੀ' ਨਾਮਕ ਇੱਕ ਨੌਕਰ ਰੱਖ ਲਿਆ। ਉਸ ਨੌਕਰ ਨਾਲ ਇਹ ਸ਼ਰਤ ਰੱਖੀ ਗਈ ਕਿ ਉਹ ਨਿੱਤ ਘੱਟੋ ਘੱਟ ਪੰਜ ਜਾਂ ਸੱਤ ਸੇਰ ਭੋਜਨ ਕਰੇਗਾ ਅਤੇ ਅਜਿਹਾ ਕਰਨ ਉੱਤੇ ਉਸਨੂੰ ਕੋਈ ਵੀ ਨਹੀਂ ਟੋਕੇਗਾ ਨਹੀਂ ਤਾਂ ਉਹ ਨੌਕਰੀ ਛੱਡ ਜਾਵੇਗਾ। ਉਸ ਨੌਕਰ ਨੇ ਆਪਣਾ ਕੰਮ ਇੰਨੀ ਰੁਚੀ ਅਤੇ ਪ੍ਰੇਮ ਭਾਵ ਨਾਲ ਕੀਤਾ ਕਿ ਅਤਿਥੀ ਸਾਧੂਆਂ ਦੀ ਗਿਣਤੀ ਨਿੱਤ ਵਧਦੀ ਗਈ ਫਲਸਰੂਪ ਭੋਜਨ ਤਿਆਰ ਕਰਨ ਦਾ ਕੰਮ ਵਧ ਗਿਆ। ਇੱਕ ਵਾਰ ਅਧਿਕ ਕੰਮ ਹੋ ਜਾਣ ਕਾਰਨ ਭਗਤ ਤ੍ਰਿਲੋਚਨ ਦੀ ਪਤਨੀ ਨੇ ਆਪਣੀ ਕਿਸੇ ਗੁਆਂਢਣ ਨੂੰ ਕਹਿ ਦਿੱਤਾ ਕਿ ਇਸ ਨੌਕਰ ਦੇ ਆਉਣ ਨਾਲ ਸਾਧੂਆਂ ਦੀ ਆਮਦ ਵਧ ਗਈ ਹੈ ਤੇ ਆਪ ਬੇਹਿਸਾਬਾ ਖਾਂਦਾ ਹੈ। ਜਦੋਂ ਇਸ ਗੱਲ ਦਾ ਪਤਾ 'ਅੰਤਰਯਾਮੀ' ਨੂੰ ਪਤਾ ਲੱਗਿਆ ਤਾਂ ਉਹ ਚੁੱਪ ਚਾਪ ਨੌਕਰੀ ਛੱਡ ਕੇ ਚਲਾ ਗਿਆ। ਬਾਅਦ ਵਿੱਚ ਭਗਤ ਤ੍ਰਿਲੋਚਨ ਨੂੰ ਲੱਗਿਆ ਕਿ ਉਹ ਨੌਕਰ ਸੱਚਮੁੱਚ ਹੀ 'ਅੰਤਰਯਾਮੀ' (ਪ੍ਰਭੂ) ਸੀ, ਜਿਸ ਕਰਕੇ ਪਛਤਾਵਾ ਹੋਣ ਲੱਗਾ। ਇਸ ਤੋਂ ਜਿਆਦਾ ਜਾਣਕਾਰੀ ਆਪਦੇ ਬਾਰੇ ਹੋਰ ਨਹੀਂ ਮਿਲਦੀ।[2]


  1. ਡਾ: ਗਿਆਨ ਚੰਦ ਜੈਨ, ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਇਕ ਸਮਾਜਿਕ ਅਧਿਐਨ, ਲੋਕਗੀਤ ਪ੍ਰਕਾਸ਼ਨ, 2009
  2. ਡਾ. ਮਦਨ ਗੋਪਾਲ ਆਚਾਰੀਆ, ਆਦਿ-ਗ੍ਰੰਥ ਵਿਚ ਸੰਕਲਿਤ ਭਗਤ-ਬਾਣੀ ਵਿਚ ਨੈਤਿਕਤਾ ਦਾ ਸੰਕਲਪ, ਭਾਸ਼ਾ ਵਿਭਾਗ ਪੰਜਾਬ, 2001