ਭਬਾਨੀ ਭੱਟਾਚਾਰੀਆ | |
---|---|
ਜਨਮ | ਭਾਗਲਪੁਰ, ਬੰਗਾਲ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਭਾਰਤ | 10 ਨਵੰਬਰ 1906
ਮੌਤ | 10 ਅਕਤੂਬਰ 1988 | (ਉਮਰ 81)
ਕਿੱਤਾ | ਲੇਖਕ |
ਕਾਲ | 20 ਵੀਂ ਸਦੀ |
ਭਬਾਨੀ ਭੱਟਾਚਾਰੀਆ (10 ਨਵੰਬਰ 1906 – 10 ਅਕਤੂਬਰ 1988) ਬੰਗਾਲੀ ਮੂਲ ਦਾ ਭਾਰਤੀ ਲੇਖਕ ਸੀ, ਜਿਸ ਨੇ ਸਮਾਜਕ-ਯਥਾਰਥਵਾਦੀ ਗਲਪ ਲਿਖਿਆ। ਉਹ ਬ੍ਰਿਟਿਸ਼ ਭਾਰਤ ਵਿਚ ਬੰਗਾਲ ਪ੍ਰੈਜ਼ੀਡੈਂਸੀ ਦੇ ਹਿੱਸੇ ਭਾਗਲਪੁਰ ਵਿਚ ਪੈਦਾ ਹੋਇਆ ਸੀ। ਭੱਟਾਚਾਰੀਆ ਨੇ ਪਟਨਾ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਅਤੇ ਲੰਡਨ ਯੂਨੀਵਰਸਿਟੀ ਤੋਂ ਡਾਕਟਰੇਟ ਹਾਸਲ ਕੀਤੀ। ਉਹ ਭਾਰਤ ਵਾਪਸ ਆਇਆ ਅਤੇ ਡਿਪਲੋਮੈਟਿਕ ਸੇਵਾ ਵਿੱਚ ਨੌਕਰ ਹੋ ਗਿਆ। ਭੱਟਾਚਾਰੀਆ ਨੇ ਯੂਨਾਈਟਿਡ ਸਟੇਟਸ ਵਿਚ ਸੇਵਾ ਕੀਤੀ, ਅਤੇ ਸੇਵਾ ਛੱਡ ਦੇਣ ਤੋਂ ਬਾਅਦ ਉਹ ਸਾਹਿਤ ਅਧਿਐਨ ਦੇ ਅਧਿਆਪਕ ਦੇ ਰੂਪ ਵਿਚ ਉਸੇ ਦੇਸ਼ ਵਾਪਸ ਆ ਗਿਆ। ਉਸਨੇ ਹਵਾਈ ਵਿੱਚ, ਅਤੇ ਬਾਅਦ ਵਿੱਚ ਸੀਏਟਲ ਵਿੱਚ ਪੜ੍ਹਾਇਆ। ਆਪਣੇ ਤੀਹ ਦੇ ਦਹਾਕੇ ਵਿੱਚ ਭੱਟਾਚਾਰੀਆ ਨੇ ਇਤਿਹਾਸਕ ਅਤੇ ਸਮਾਜਿਕ ਯਥਾਰਥਵਾਦੀ ਪ੍ਰਸੰਗਾਂ ਵਿਚ ਗਲਪ ਲਿਖਣਾ ਅਰੰਭ ਕੀਤਾ। ਉਸਨੇ ਦੋ ਪ੍ਰਮੁੱਖ ਸਾਹਿਤਕ ਸ਼ਖਸੀਅਤਾਂ ਦੀ ਸਲਾਹ ਤੋਂ ਬਾਅਦ ਲਿਖਣ ਦਾ ਆਪਣਾ ਮਾਧਿਅਮ ਅੰਗ੍ਰੇਜ਼ੀ ਚੁਣਿਆ।
ਭੱਟਾਚਾਰੀਆ ਦਾ ਜਨਮ ਭਾਗਲਪੁਰ, ਜੋ ਬ੍ਰਿਟਿਸ਼ ਭਾਰਤ ਦੀ ਬੰਗਾਲ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ, ਵਿੱਚ ਹੋਇਆ। ਉਸ ਦੇ ਮਾਪੇ ਬੰਗਾਲੀ ਸਨ। ਭੱਟਾਚਾਰੀਆ ਨੇ ਪਟਨਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਅੰਗਰੇਜ਼ੀ ਸਾਹਿਤ ਵਿਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਬਾਅਦ ਵਿਚ ਉਸਨੇ ਆਪਣੀ ਗ੍ਰੈਜੂਏਟ ਦੀ ਪੜ੍ਹਾਈ ਯੂਨਾਈਟਿਡ ਕਿੰਗਡਮ ਵਿਚ ਪੂਰੀ ਕੀਤੀ. ਜਦੋਂ ਕਿ ਉਸਦੀ ਅਸਲ ਚੋਣ ਸਾਹਿਤ ਵਿਚ ਅਜਿਹਾ ਕਰਨਾ ਸੀ, ਇਕ ਪ੍ਰੋਫੈਸਰ ਦੇ ਦੁਸ਼ਮਣੀ ਭਰੇ ਰਵੱਈਏ ਨੇ ਉਸ ਨੂੰ ਇਤਿਹਾਸ ਵੱਲ ਜਾਣ ਲਈ ਪ੍ਰੇਰਿਆ। ਭੱਟਾਚਾਰੀਆ ਨੇ ਲੰਡਨ ਯੂਨੀਵਰਸਿਟੀ ਤੋਂ ਮਾਸਟਰ (1931) ਅਤੇ ਡਾਕਟਰੇਲ ਡਿਗਰੀ (1934) ਪ੍ਰਾਪਤ ਕੀਤੀ। [1] [2]
ਇੱਕ ਗ੍ਰੈਜੂਏਟ ਵਿਦਿਆਰਥੀ ਹੋਣ ਦੇ ਨਾਤੇ, ਭੱਟਾਚਾਰੀਆ ਮਾਰਕਸਵਾਦੀ ਸਰਕਲਾਂ ਵਿੱਚ ਸ਼ਾਮਲ ਹੋ ਗਿਆ, ਅਤੇ ਆਪਣੇ ਇੱਕ ਅਧਿਆਪਕ, ਹੈਰੋਲਡ ਲਸਕੀ, ਤੋਂ ਵੀ ਬਹੁਤ ਪ੍ਰਭਾਵਤ ਸੀ। ਉਹ ਸਾਹਿਤਕ ਸਰਕਲਾਂ ਵਿਚ ਵੀ ਸਰਗਰਮ ਸੀ ਅਤੇ ਕਈ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਉਸਦਾ ਕੰਮ ਪ੍ਰਕਾਸ਼ਤ ਹੋਇਆ ਸੀ। ਭੱਟਾਚਾਰੀਆ ਦੇ ਕੁਝ ਲੇਖ ਦਿ ਸਪੈਕਟਰ ਵਿਚ ਪ੍ਰਕਾਸ਼ਤ ਹੋਏ ਸਨ ਅਤੇ ਉਸ ਨੇ ਸੰਪਾਦਕ ਫਰਾਂਸਿਸ ਯੇਟਸ-ਬ੍ਰਾਊਨ ਨਾਲ ਦੋਸਤੀ ਕੀਤੀ। ਇਸ ਸਮੇਂ ਦੌਰਾਨ ਭੱਟਾਚਾਰੀਆ ਨੇ ਰਬਿੰਦਰਨਾਥ ਟੈਗੋਰ ਨਾਲ ਗੱਲਬਾਤ ਵੀ ਕੀਤੀ। ਉਸਨੇ 1930 ਵਿੱਚ ਟੈਗੋਰ ਦੀ ਕਵਿਤਾ ਦਿ ਗੋਲਡਨ ਬੋਟ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ। ਯੇਟਸ-ਬ੍ਰਾਊਨ ਅਤੇ ਟੈਗੋਰ ਦੋਵਾਂ ਨੇ ਭੱਟਾਚਾਰੀਆ ਨੂੰ ਬੰਗਾਲੀ ਦੀ ਬਜਾਏ ਅੰਗਰੇਜ਼ੀ ਵਿੱਚ ਆਪਣੀ ਗਲਪ ਰਚਨਾ ਕਰਨ ਦੀ ਸਲਾਹ ਦਿੱਤੀ। [1] [2]