ਆਚਾਰੀਆ ਭਾਮਹ (ਸੰਸਕ੍ਰਿਤ: भामह) (ਅੰ. 7ਵੀਂ ਸਦੀ[1]) ਕਸ਼ਮੀਰ ਤੋਂ ਅਲੰਕਾਰਵਾਦੀ ਸੰਸਕ੍ਰਿਤੀ ਆਚਾਰੀਆ ਸੀ। ਭਰਤਮੁਨੀ ਤੋਂ ਕੁਝ ਸਦੀਆਂ ਪਿੱਛੋਂ ਕਸ਼ਮੀਰ ਨਿਵਾਸੀ ਰਕ੍ਰਿਲ ਗੋਮਿਨ ਦੇ ਸਪੁੱਤਰ ਭਾਮਹ ਦਾ ਜਨਮ ਹੋਇਆ।[2][3][4][5] ਕਾਵਿਆਲੰਕਾਰ ਨਾਮ ਦਾ ਉਸ ਦਾ ਇੱਕੋ ਗ੍ਰੰਥ ਸਾਡੇ ਸਮਿਆਂ ਤੱਕ ਪਹੁੰਚਿਆ ਹੈ। ਇਸ ਦੇ ਅਖੀਰਲੇ ਸਲੋਕ ਵਿੱਚ, ਉਸਨੇ ਜ਼ਿਕਰ ਕੀਤਾ ਹੈ ਕਿ ਉਹ ਰਕ੍ਰਿਲ ਗੋਮਿਨ ਦਾ ਪੁੱਤਰ ਸੀ। ਇਸ ਦੇ ਇਲਾਵਾ ਉਸ ਦੇ ਜੀਵਨ ਬਾਰੇ ਹੋਰ ਕੋਈ ਨਿਸਚਿਤ ਜਾਣਕਾਰੀ ਨਹੀਂ ਮਿਲਦੀ।[6] ਭਾਮਹ ਨੇ ਧਰਮ ਕੀਰਤੀ ਦੀ ਕਿਰਤ ‘ਨਿਆਇ ਬਿੰਦੂ' ਵਿੱਚੋਂ ਦੋ ਉਦਾਹਰਨ ਲਏ ਹਨ, ਇਸ ਕਰਕੇ ਭਾਮਹ 640 ਈ: ਤੋਂ ਬਾਅਦ ਸਤਵੀਂ ਸਦੀ ਈ: ਵਿੱਚ ਹੋਏ ਹਨ।[7] ਇੰਨ੍ਹਾਂ ਦਾ ਸਮਾਂ 700 ਈ.: ਵਿੱਚ ਮੰਨਿਆ ਜਾਂਦਾ ਹੈ। ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਕਸ਼ਮੀਰੀ ਗ੍ਰੰਥਾਂ 'ਚ ਹੀ ਭਾਮਹ ਦਾ ਉਲੇਖ ਹੈ ਅਤੇ ਕਸ਼ਮੀਰੀ ਅਚਾਰੀਆ ਉਦਭਟ ਨੇ ਇਹਨਾਂ ਦੇ ਗ੍ਰੰਥਾਂ 'ਤੇ ‘ਭਾਮਹ-ਵਿਵਰਣ' ਨਾਮ ਦੀ ਟੀਕਾ ਲਿਖੀ ਹੈ।[8]
ਕਾਵਿ ਸ਼ਾਸਤਰੀ ਪਰੰਪਰਾ ਦੀ ਲੜੀ ਵਿੱਚ ਇੰਨ੍ਹਾਂ ਦੀ ਪਹਿਲੀ ਕਿਰਤ ਕਾਵਿ-ਆਲੰਕਾਰ ਇੱਕ ਅਨਮੋਲ ਕਿਰਤ ਹੈ। ਉਸਨੇ ਆਲੰਕਾਰਾਂ ਨੂੰ ਵੀ ਕਵਿਤਾ ਦੀ ਆਤਮਾ ਮੰਨਦੇ ਹੋਏ ਕਾਵਿ ਕਲਾ ਤੇ ਵਿਚਾਰ ਕੀਤਾ ਹੈ। ਕਾਵਿ ਸ਼ਾਸਤਰ ਦੇ ਗ੍ਰੰਥਾਂ ਵਿੱਚੋਂ ਸਭ ਤੋਂ ਪੁਰਾਣੀ ਕਿਰਤ ਭਾਮਹ ਦੀ ਹੀ ਹੈ। ਇਹ ਪਹਿਲਾ ਨਿਰੋਲ ਆਲੰਕਾਰ ਸ਼ਾਸਤਰ ਹੈ। ਡਾ. ਯੋਗੇਂਦ੍ਰ ਪ੍ਰਤਾਪ ਸਿੰਹ ਦੁਆਰਾ ਅਲੰਕਾਰਾਂ ਦੇ ਆਰੰਭ ਬਾਰੇ ਲਿਖਿਆ ਹੈ ‘ਆਲੰਕਾਰ ਸ਼ਬਦ ਦਾ ਪ੍ਰਯੋਗ ਵੈਦਿਕ ਕਾਲ ਤੋਂ ਹੀ ਪਰੰਤੂ ਕਾਵਿ ਵਿੱਚ ਇਸ ਦੀ ਵਰਤੋਂ ਕਾਵਿ ਆਲੰਕਾਰ ਵਜੋਂ ਸਭ ਤੋਂ ਪਹਿਲਾ ਭਰਤਮੁਨੀ ਨੇ ਕੀਤੀ ਹੈ। ਭਾਮਹ ਅਗਲੇ ਅਚਾਰੀਆ ਹਨ ਜਿੰਨ੍ਹਾਂ ਨੇ ਅਲੰਕਾਰਾਂ ਦਾ ਪੂਰੇ ਵਿਸਥਾਰ ਸਾਹਿਤ ਵਰਣਨ ਕੀਤਾ ਹੈ। ਇੰਨ੍ਹਾਂ ਦੀ ਉੱਘੀ ਕਿਰਤ ਕਾਵਿਆਲੰਕਾਰ ਹੈ। ਇਹ ਕਾਰਿਕਾਵਾਂ (ਸ਼ਲੋਕਾਂ) ਵਿੱਚ ਰਚਿਆ ਹੈ। ਇਸ ਵਿੱਚ ਛੇ ਪਰਿਛੇਦ ਹਨ ਅਤੇ ਇਹਨਾਂ 'ਚ ਪੰਜ ਵਿਸ਼ਿਆਂ ਦਾ ਹੀ ਵਿਵੇਚਨ ਚਾਰ ਸੌ ਦੇ ਲਗਭਗ ਕਾਰਿਕਾਵਾਂ 'ਚ ਕੀਤਾ ਗਿਆ ਹੈ। ਕਰਤਾ ਨੇ ਸੱਠਾ (ਕਾਰਿਕਾਵਾਂ) ਵਿੱਚ ਕਾਵਿ ਦਾ ਸਰੀਰ ਵਰਣਨ ਕੀਤਾ ਹੈ, ਇੱਕ ਸੌ ਸੱਠਾਂ ਵਿੱਚ ਅਲੰਕਾਰਾਂ ਦਾ, ਪੰਜਾਹਾਂ ਵਿੱਚ ਦੋਸ਼ ਦਰਸ਼ਨ ਦਾ, ਸਤਰਾਂ ਵਿੱਚ ਨਿਆਇ ਦਾ ਅਤੇ ਸੱਠਾਂ ਵਿੱਚ ਸ਼ਬਦ ਸ਼ੁੱਧੀ ਦਾ ਵਰਣਨ ਕੀਤਾ ਹੈ। ਕਾਵਿ ਦਾ ਲੱਛਣ ਸਭ ਤੋਂ ਪਹਿਲਾਂ ਇੰਨ੍ਹਾਂ ਨੇ ਦਿੱਤਾ। ਭਾਮਹ ਨੇ ਕਾਵਿ ਦਾ ਲੱਛਣ ਬਿਆਨ ਕਰਨ ਵੇਲੇ ਕਿਹਾ ਹੈ ‘‘शब्दाथौ सहितौ काव्यमू’’[9], ਅਰਥਾਤ ਕਿ “ਸ਼ਬਦ ਅਤੇ ਅਰਥ ਦੋਵੇਂ ਮਿਲੇ ਹੋਏ ਕਾਵਿ ਹਨ।”[10] ਭਾਮਹ ਦੁਆਰਾ ਪਹਿਲੀ ਵਾਰ ਸ਼ਬਦ ਅਤੇ ਅਰਥ ਨੂੰ ਬਰਾਬਰ ਦਰਜਾ ਦਿੱਤਾ ਗਿਆ ਹੈ। ਇਨ੍ਹਾਂ ਦੀ ਪੁਸਤਕ ਵਿੱਚ ਕਾਵਿ ਸ਼ਰੀਰ, ਭੇਦ, ਅਲੰਕਾਰ, ਦੋਸ਼, ਪ੍ਰਯੋਜਨ, ਸ਼ਿਲਪੀ ਗੁਣ ਆਦਿ ਵਿਸ਼ਿਆਂ ਦਾ ਨਿਰੂਪਣ ਕੀਤਾ ਗਿਆ ਹੈ। ਇੰਨ੍ਹਾਂ ਦੁਆਰਾ ਕਾਵਿ ਦੇ ਦੋ ਭੇਦ ਸਵੀਕਾਰ ਕੀਤੇ ਗਏ ਹਨ, ਗਦ ਅਤੇ ਪਦ। ਇਹਨਾਂ ਨੇ 38 ਸ਼ਬਦ ਅਤੇ ਅਰਥ ਅਲੰਕਾਰਾਂ ਦਾ ਵਰਣਨ ਕੀਤਾ ਹੈ। ਇਹਨਾਂ ਨੇ ਸ਼ਬਦ ਅਲੰਕਾਰਾਂ ਅਤੇ ਅਰਥ ਅਲੰਕਾਰਾਂ ਵਿੱਚ ਭੇਦ ਨਹੀਂ ਕੀਤਾ। ਭਾਮਹ ਨੇ ਕਵਿਤਾ ਵਿੱਚ ਗਿਆਰਾਂ ਦੋਸ਼ ਗਿਣਾਏ ਹਨ। ਭਾਮਹ ਨੇ ਦੋਸ਼ ਵਾਲੀ ਕਵਿਤਾ ਨੂੰ ਚੰਗੀ ਤਰ੍ਹਾਂ ਨਿੰਦਿਆ ਹੈ। ਉਹ ਕਹਿੰਦਾ ਹੈ ਕਿ ਕਵੀ ਨਾ ਹੋਣਾ ਬੁਰੀ ਗੱਲ ਨਹੀਂ ਹੈ, ਪਰ ਭੈੜਾ ਕਵੀ ਹੋਣਾ ਮਰਨ ਦੇ ਬਰਾਬਰ ਹੈ। ਦੋਸ਼ਾਂ ਦਾ ਵਰਣਨ ਇਸ ਗ੍ਰੰਥ ਵਿੱਚ ਵਿਸਥਾਰ ਨਾਲ ਦਿੱਤਾ ਗਿਆ ਹੈ। ਭਾਮਹ ਨੇ ਭਰਤਮੁਨੀ ਦੁਆਰਾ ਦੱਸੇ ਕਾਵਿ ਦੇ ਦਸ ਗੁਣਾਂ ਨੂੰ ਸਿਰਫ ਤਿੰਨ ਗੁਣਾਂ ਮਧੁਰਤਾ (ਮਾਧੁਰਯ), ਓਜ ਅਤੇ ਪ੍ਰਸਾਦ ਵਿੱਚ ਹੀ ਸਮੇਟ ਦਿੱਤਾ ਹੈ। ਇੰਨ੍ਹਾਂ ਨੇ ਆਪਣੇ ਕਾਵਿ ਵਿੱਚ ਗੋੜੀ ਅਤੇ ਵੈਦਰਭੀ ਵ੍ਰਿਤੀਆਂ ਦੀ ਚਰਚਾ ਵੀ ਕੀਤੀ ਹੈ। ਭਾਮਹ ਇਸ ਗੱਲ ਨੂੰ ਮੰਨਦੇ ਹਨ ਕਿ ਜਿੱਥੇ ਵਕ੍ਰੋਕਤੀ ਨਹੀਂ ਉੱਥੇ ਅਲੰਕਾਰ ਹੋ ਹੀ ਨਹੀਂ ਸਕਦਾ ਭਾਵ ਵਕ੍ਰੋਕਤੀ ਨੂੰ ਸਭ ਅਲੰਕਾਰਾਂ ਦਾ ਮੂਲ ਮੰਨਿਆ ਹੈ। ਇੰਨ੍ਹਾਂ ਨੇ ਰਸਵਤ ਅਲੰਕਾਰਾਂ ਦੀ ਕਲਪਨਾ ਕਰਕੇ ਰਸ ਨੂੰ ਅਲੰਕਾਰ ਦੇ ਅੰਤਰਗਤ ਮੰਨ ਲਿਆ ਹੈ।[11][12]
ਭਾਮਹ ਦੇ ਕਾਵਿਆਲੰਕਾਰ ਗ੍ਰੰਥ ਵਿੱਚ ਸਭ ਤੋਂ ਪਹਿਲਾਂ ਸ਼ਲੋਕ:
प्रणम्य सार्व सर्वज्ञं मनोवाक्कायकर्मभिः।
काव्यालड्.कार इत्येष यथाबुद्धि विघास्ते।१।
सर्वहितकारी और सर्वज्ञ (शिव) को मन, वाणी और शरीर के कर्मों से प्रमाण करके बुद्धि के अनुसार ‘काव्यालड्.कार’ इस (ग्रन्थ) का प्रणयन किया जायेगा।[13]
ਇਸ ਤਰ੍ਹਾਂ ਇਸ ਗ੍ਰੰਥ ਦੇ ਪਹਿਲੇ ਸ਼ਲੋਕ ਵਿੱਚ ‘ਸਾਰਵਸਰਵਗਯ' (ਸਭ ਕੁੱਝ ਜਾਣਨ ਵਾਲੇ ਸ਼ਿਵ) ਦੀ ਉਸਤਤੀ ਕੀਤੀ ਹੈ। ‘ਕਾਵਿਆਲੰਕਾਰ' ਦੇ ਅੰਤਿਮ ਸ਼ਲੋਕ ਦੇ ਅਨੁਸਾਰ ਭਾਮਹ ਦੇ ਪਿਤਾ ‘ਰਕ੍ਰਿਲ ਗੋਮਿਨ' ਸਨ। ਕੁੱਝ ਸਮਾਲੋਚਕਾਂ ਨੇ ਉਕਤ ਦੋਹਾਂ ਪਦਾਂ ਦੇ ਆਧਾਰ 'ਤੇ ਭਾਮਹ ਨੂੰ ਬੋਧ ਕਿਹਾ ਹੈ। ਨਰਸਿੰਘ ਆਯੰਗਰ ਦਾ ਕਹਿਣਾ ਹੈ ਕਿ ‘ਰਕ੍ਰਿਲ ਗੋਮਿਨ' ਪਿਤਾ ਦਾ ਨਾਮ ਰਾਹੁਲ ਸੋਮਿਲ ਬੌਧਾਂ ਦੇ ਨਾਮ ਵਰਗਾ ਅਤੇ ‘ਗੋਮਿਨ' ਬੁੱਧ ਦੇ ਇੱਕ ਚੇਲੇ ਦਾ ਨਾਮ ਵੀ ਹੈ; ਇਸ ਲਈ ਇਹ ਬੌਧ ਸਨ। ਪਰ ਪ੍ਰੋ. ਕੇ. ਪੀ. ਪਾਠਕ ਨੇ ‘ਚਾਂਦ੍ਰ-ਵਿਆਕਰਣ' ਦੇ ਅਨੁਸਾਰ ‘ਗੋਮਿਨ' ਪਦ ਦਾ ‘ਮਾਨਯੋਗ' ਅਰਥ ਦੱਸਿਆ ਹੈ। ਦੂਜੇ ਪਦ ਵਿੱਚ ‘ਸਾਰਵ' ਦਾ ਅਰਥ ‘ਸਾਰਿਆਂ ਲਈ ਭਲਾ' ਅਤੇ ‘ਸਰਵਗਯ' ਪਦ ‘ਅਮਰਕੋਸ਼' ਵਿੱਚ ‘ਸ਼ਿਵ' ਲਈ ਪ੍ਰਯੋਗ ਹੋਇਆ ਹੈ। ਭਾਮਹ ਨੇ ਤਾਂ ਬੌਧਾਂ ਦੇ ‘ਅਪੋਹਵਾਦ' ਦੀ ਕਟੂ ਆਲੋਚਨਾ ਕੀਤੀ ਹੈ। ਜੇ ਉਹ ਬੌਧ ਹੁੰਦੇ ਤਾਂ ਆਲੋਚਨਾ ਕਿਉਂ ਕਰਦੇ? ਇਸ ਦੇ ਉਲਟ ਇਹਨਾਂ ਦੀ ਕਿਰਤ 'ਚ ਵੈਦਿਕ ਦੇਵਤਾਵਾਂ ਅਤੇ ਪੌਰਾਣਿਕ ਸੰਕੇਤਾਂ ਦੀ ਭਰਮਾਰ ਹੈ। ਇਸ ਲਈ ਭਾਮਹ ਨੂੰ ਬੌਧ ਕਹਿਣ ਦੀ ਬਜਾਏ ਵੈਦਿਕ ਧਰਮ ਦੇ ਅਨੁਯਾਯੀ ਕਸ਼ਮੀਰੀ ਬ੍ਰਾਹਮਿਣ ਕਹਿਣਾ ਉਚਿਤ ਪ੍ਰਤੀਤ ਹੁੰਦਾ ਹੈ।[14]
ਹੋਰ ਗ੍ਰੰਥਾਂ ਵਿੱਚ ਆਏ ਹਵਾਲਿਆਂ ਤੋਂ ਪਤਾ ਚੱਲਦਾ ਹੈ ਕਿ ਉਸਨੇ ‘ਕਾਵਿਆਲੰਕਾਰ’ ਦੇ ਇਲਾਵਾ ਛੰਦ-ਸ਼ਾਸਤਰ ਅਤੇ ਕਾਵਿ ਸ਼ਾਸਤਰ ਬਾਰੇ ਹੋਰ ਗ੍ਰੰਥਾਂ ਦੀ ਰਚਨਾ ਕੀਤੀ ਸੀ। ਰਾਘਵਭੱਟ ਨੇ ‘ਅਭਿਗਿਆਨ-ਸ਼ਾਕੁੰਤਲ’ ਦੀ ਟੀਕਾ ਕਰਦੇ ਸਮੇਂ ਪਰਿਆਯੋਕਤ ਆਲੰਕਾਰ ਦਾ ਆਚਾਰੀਆ ਭਾਮਹ ਦੇ ਨਾਮ ਨਾਲ ਹਵਾਲਾ ਦਿੱਤਾ ਹੈ ਜੋ 'ਕਾਵਿਆਲੰਕਾਰ’ ਵਿੱਚ ਨਹੀਂ ਮਿਲਦਾ। ਇਸ ਤੋਂ ਮੰਨਿਆ ਜਾਂਦਾ ਹੈ ਕਿ ‘ਕਾਵਿਆਲੰਕਾਰ’ ਦੇ ਇਲਾਵਾ ਆਚਾਰੀਆ ਭਾਮਹ ਨੇ ਹੋਰ ਗ੍ਰੰਥ ਵੀ ਲਿਖੇ ਹੋਣਗੇ। ਲੇਕਿਨ ਇਸ ਦਲੀਲ ਨਾਲ ਸਾਰੇ ਵਿਦਵਾਨ ਸਹਿਮਤ ਨਹੀਂ ਹਨ। ਆਚਾਰੀਆ ਭਾਮਹ ਦੀਆਂ ਕਾਵਿਸ਼ਾਸਤਰੀ ਅਤੇ ਛੰਦਸ਼ਾਸਤਰ ਸੰਬੰਧੀ ਹੋਰ ਅਨੇਕ ਕਿਰਤਾਂ ਬਾਰੇ, ਦੂਜੇ ਗ੍ਰੰਥਾਂ ਦੀਆਂ ਟੀਕਾਵਾਂ ਵਿੱਚ ਉੱਧਰਣ ਤਾਂ ਮਿਲਦੇ ਹਨ, ਪਰ ਉਹ ਗ੍ਰੰਥ ਪ੍ਰਾਪਤ ਨਹੀਂ ਹਨ। ਇਹਨਾਂ ਦੇ ਗ੍ਰੰਥ 'ਚ ਪੂਰਵਵਰਤੀ ਅਨੇਕ ਆਚਾਰੀਆਂ ਅਤੇ ਉਹਨਾਂ ਦੇ ਗ੍ਰੰਥਾਂ ਦੇ ਨਾਮ ਮਿਲਦੇ ਹਨ ਜਿਹੜੇ ਕਿ ਅਪ੍ਰਾਪਤ ਹਨ। ਭਾਮਹ ਨੇ ਆਪਣੇ ਗ੍ਰੰਥ ਵਿੱਚ - ‘ਅਨਯੈਹ', ‘ਕੈਸ਼ਚਿਦ', ‘ਅਪਰੇ', ਆਹੂ ਆਦਿ ਪਦਾਂ ਦੇ ਪ੍ਰਯੋਗ ਦੁਆਰਾ ਆਪਣੇ ਤੋਂ ਪੂਰਵਵਰਤੀ ਆਚਾਰੀਆਂ ਵੱਲ ਸੰਕੇਤ ਤਾਂ ਕੀਤੇ ਹਨ, ਪਰ ਉਹਨਾਂ ਦੇ ਕਾਵਿਸ਼ਾਸਤਰੀ ਗ੍ਰੰਥ ਉਪਲੱਬਧ ਨਹੀਂ ਹਨ। ਉੱਤਰਵਰਤੀ ਆਚਾਰੀਆਂ ਨੇ ਆਪਣੇ ਗ੍ਰੰਥਾਂ 'ਚ ਪ੍ਰਸੰਗਾਨੁਸਾਰ ਇਹਨਾਂ ਦੇ ਮਤਾਂ-ਉੱਧਰਣਾਂ ਅਤੇ ਇਹਨਾਂ ਦੀਆਂ ਰਚਨਾਵਾਂ ਦੇ ਆਧਾਰ 'ਤੇ ਆਪਣੀਆਂ ਰਚਨਾਵਾਂ ਦੇ ਨਾਮਕਰਣ ਰਾਹੀਂ ਪ੍ਰਤੱਖ ਰੂਪ 'ਚ ਇਹਨਾਂ ਦੇ ਪ੍ਰਤੀ ਆਦਰ ਪ੍ਰਗਟ ਕੀਤਾ ਹੈ। ਦੂਜਾ, ਭਾਮਹ ਦਾ ਕਾਵਿ-ਲਕਸ਼ਣ - ‘ਸ਼ਬਦ ਅਤੇ ਅਰਥ ਦਾ ਸਹਭਾਵ ਹੀ ਕਾਵਿ ਹੈ'- ਅੱਜ ਵੀ ਪ੍ਰਵਾਣਿਤ ਹੈ।[15] ਇਹਨਾਂ ਦੀ ਇੱਕ ਮਾਤ੍ਰ ਪ੍ਰਾਪਤ ਕਾਵਿਸ਼ਾਸਤਰੀ ਰਚਨਾ ‘ਕਾਵਿਆਲੰਕਾਰ' ਹੈ ਜਿਸਦੇ ਅਨੇਕ ਪ੍ਰਕਾਸ਼ਿਤ ਸੰਸਕਰਣ ਅਤੇ ਸੰਸਕ੍ਰਿਤ-ਹਿੰਦੀ ਟੀਕਾਵਾਂ ਮਿਲਦੀਆਂ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |