ਮਹਿੰਦਰ ਸਿੰਘ ਟਿਕੈਤ (6 ਅਕਤੂਬਰ 1935 [1] - 15 ਮਈ 2011) ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਪੱਛਮੀ ਖੇਤਰ ਵਿੱਚ ਇੱਕ ਪ੍ਰਸਿੱਧ ਕਿਸਾਨ ਆਗੂ ਸੀ। ਉਹ 1935 ਵਿਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਪਿੰਡ ਸਿਸੌਲੀ ਵਿਖੇ ਪੈਦਾ ਹੋਇਆ ਸੀ। ਉਹ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਸੀ ਅਤੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਤੋਂ ਬਾਅਦ ਕਿਸਾਨੀ ਦੇ "ਦੂਸਰੇ ਮਸੀਹਾ " ਵਜੋਂ ਜਾਣਿਆ ਜਾਂਦਾ ਸੀ।
ਟਿਕੈਤ ਦੀ 75 ਸਾਲ ਦੀ ਉਮਰ ਵਿੱਚ ਹੱਡੀਆਂ ਦੇ ਕੈਂਸਰ ਨਾਲ 15 ਮਈ, 2011 ਨੂੰ ਮੁਜ਼ੱਫਰਨਗਰ ਵਿੱਚ ਮੌਤ ਹੋ ਗਈ ਸੀ। [2]
ਟਿਕੈਤ ਦਾ ਖ਼ਾਨਦਾਨੀ ਖ਼ਿਤਾਬ ਸੱਤਵੀਂ ਸਦੀ ਦੇ ਬਾਦਸ਼ਾਹ ਹਰਸ਼ਵਰਧਨ ਦੁਆਰਾ ਉਸਦੇ ਪਰਿਵਾਰ ਨੂੰ ਦਿੱਤਾ ਗਿਆ ਸੀ। ਉਦੋਂ ਤੋਂ ਇਹ ਖਿਤਾਬ ਪਰਿਵਾਰ ਦੇ ਵੱਡੇ ਬੇਟੇ ਨੂੰ ਦੇ ਦਿੱਤਾ ਜਾਂਦਾ ਹੈ।
ਟਿਕੈਤ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਅੱਠ ਸਾਲ ਦੀ ਉਮਰ ਵਿੱਚ ਬਾਲਿਆਣ ਖਾਪ ਦਾ ਚੌਧਰੀ ਬਣ ਗਿਆ ਸੀ। [1]
ਟਿਕੈਤ 1987 ਵਿੱਚ ਮਹੱਤਵਪੂਰਨ ਸ਼ਖਸੀਅਤ ਬਣ ਕੇ ਉਭਰਿਆ ਜਦੋਂ ਉਸਨੇ ਮੁਜ਼ੱਫਰਨਗਰ ਵਿਚ ਇਕ ਅੰਦੋਲਨ ਦਾ ਆਯੋਜਨ ਕੀਤਾ ਜਿਸ ਵਿਚ ਕਿਸਾਨਾਂ ਲਈ ਬਿਜਲੀ ਦੇ ਬਿੱਲ ਮੁਆਫ ਕਰਨ ਦੀ ਮੰਗ ਕੀਤੀ ਗਈ ਸੀ। [3]
ਟਿਕੈਤ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ 1988 ਵਿੱਚ ਦਿੱਲੀ ਦੇ ਬੋਟ ਕਲੱਬ ਦੇ ਲਾਅਨਾਂ ਵਿੱਚ ਹੋਇਆ ਸੀ ਜਦੋਂ ਪੱਛਮੀ ਉੱਤਰ ਪ੍ਰਦੇਸ਼ ਦੇ ਤਕਰੀਬਨ ਪੰਜ ਲੱਖ ਕਿਸਾਨਾਂ ਨੇ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਪੂਰੇ ਖੇਤਰ ਉੱਤੇ ਕਬਜ਼ਾ ਕਰ ਲਿਆ ਸੀ। ਜਦੋਂ ਤੱਕ ਰਾਜਨੀਤਿਕ ਦਬਾਅ ਨੇ ਬਹੁਤ ਜ਼ਿਆਦਾ ਨਹੀਂ ਜ਼ੋਰ ਨਾ ਫੜਿਆ, ਉਦੋਂ ਤਕ ਦਿੱਲੀ ਦੀ ਸੱਤਾ ਅੜੀ ਰਹੀ ਅਤੇ ਇੱਕ ਹਫ਼ਤੇ ਬਾਅਦ, ਰਾਜੀਵ ਗਾਂਧੀ ਸਰਕਾਰ ਨੇ ਉਨ੍ਹਾਂ ਦਾ 35-ਨੁਕਾਤੀ ਮੰਗ ਚਾਰਟਰ ਮੰਨ ਲਿਆ ਜਿਸ ਵਿੱਚ ਗੰਨੇ ਦੇ ਵੱਧ ਮੁੱਲ ਅਤੇ ਕਿਸਾਨਾਂ ਲਈ ਬਿਜਲੀ ਅਤੇ ਪਾਣੀ ਦੇ ਖਰਚੇ ਮੁਆਫ ਕੀਤੇ ਜਾਣੇ ਸ਼ਾਮਲ ਸਨ। [1] [2] [4]
ਜੁਲਾਈ 1990 ਵਿਚ, ਟਿਕੈਤ ਨੇ ਲਖਨਊ ਵਿੱਚ ਦੋ ਲੱਖ ਤੋਂ ਵੱਧ ਕਿਸਾਨਾਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ, ਅਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਗੰਨੇ ਦੇ ਉੱਚੇ ਭਾਅ ਅਤੇ ਬਿਜਲੀ ਬਕਾਏ ਵਿਚ ਭਾਰੀ ਛੋਟ ਲਈ ਕਿਸਾਨ ਮੰਗਾਂ ਨੂੰ ਮੰਨਣ ਲਈ ਜ਼ੋਰ ਦਿੱਤਾ। ਦਬਾਅ ਦੇ ਦਾਅਪੇਚਾਂ ਨੇ ਕੰਮ ਕੀਤਾ ਅਤੇ ਉਸ ਸਮੇਂ ਦੀ ਜਨਤਾ ਦਲ- ਨਿਯੰਤਰਿਤ ਸਰਕਾਰ ਮੰਗਾਂ ਅੱਗੇ ਝੁਕ ਗਈ। [3]
1992 ਵਿਚ, ਟਿਕੈਤ 10 ਹਜ਼ਾਰ ਰੁਪਏ ਤੱਕ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਆਪਣੀ ਮੰਗ ਦੇ ਲਈ ਮੁੜ ਲਖਨਊ ਵਿੱਚ ਇਕ ਮਹੀਨੇ ਤੱਕ ਚੱਲਣ ਵਾਲੀ ਧਰਨਾ ਪੰਚਾਇਤ ਕਰਨ ਲਈ ਆ ਗਿਆ। ਉਸੇ ਸਾਲ, ਉਸਨੇ ਗਾਜ਼ੀਆਬਾਦ ਵਿੱਚ ਇੱਕ ਕਿਸਾਨ ਭੂਮੀ ਮੁਆਵਜ਼ਾ ਅੰਦੋਲਨ ਦੀ ਸ਼ੁਰੂਆਤ ਕੀਤੀ, ਜਿਸ ਨਾਲ ਕਿਸਾਨਾਂ ਦੀ ਐਕੁਆਇਰ ਕੀਤੀ ਜ਼ਮੀਨ ਲਈ ਵਧੇਰੇ ਮੁਆਵਜ਼ੇ ਦੀ ਮੰਗ ਕੀਤੀ ਗਈ। [3]
ਟਿਕੈਤ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਸੀ, ਆਖਰੀ ਵਾਰ 2 ਅਪ੍ਰੈਲ 2008 ਨੂੰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਦੇ ਖਿਲਾਫ਼ 30 ਮਾਰਚ, 2008 ਨੂੰ ਬਿਜਨੌਰ ਵਿਖੇ ਇੱਕ ਰੈਲੀ ਦੌਰਾਨ ਅਪਮਾਨਜਨਕ ਅਤੇ ਜਾਤੀ ਅਧਾਰਤ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸਦੀ ਗ੍ਰਿਫਤਾਰੀ ਲਈ ਉਸ ਦੇ ਪਿੰਡ ਦੇ ਦੁਆਲੇ ਘੇਰਾਬੰਦੀ ਕਰਨ ਲਈ 6,000 ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਸੀ। ਮੁੱਖ ਮੰਤਰੀ ਨੂੰ ਮੁਆਫੀ ਮੰਗਣ ਤੋਂ ਬਾਅਦ ਹੀ ਉਸਨੂੰ ਰਿਹਾ ਕੀਤਾ ਗਿਆ ਸੀ। [3] [5] ਬਾਅਦ ਵਿੱਚ ਮਾਮਲੇ ਆਮ ਵਾਂਗ ਹੋ ਗਏ, ਮਾਇਆਵਤੀ ਨੇ ਇੱਕ ਸ਼ੋਕ ਸੰਦੇਸ਼ ਵਿੱਚ, ਟਿਕੈਤ ਨੂੰ ਇੱਕ "ਕਿਸਾਨਾਂ ਦਾ ਸੱਚਾ ਅਤੇ ਵਚਨਬੱਧ ਆਗੂ" ਦੱਸਿਆ।
ਟਿਕੈਤ ਨੂੰ ਆਪਣੀ ਜਾਤੀ ਦੀਆਂ ਰਵਾਇਤਾਂ ਅਤੇ ਸਭਿਆਚਾਰ ਵਿੱਚ ਪੱਕਾ ਵਿਸ਼ਵਾਸ ਸੀ। ਉਸਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕੀਤਾ ਜਿਸ ਅਨੁਸਾਰ ਇਕੋ ਗੋਤਰ ਦੇ ਲੋਕਾਂ ਵਿਚਾਲੇ ਵਿਆਹ ਸਹੀ ਸਨ। ਜਿਸ ਅਨੁਸਾਰ ਇਕੋ ਗੋਤਰ ਦੇ ਲੋਕਾਂ ਵਿਚਾਲੇ ਵਿਆਹ ਸਹੀ ਸਨ। “ਅਸੀਂ ਨੈਤਿਕ ਨਿਯਮਾਂ ਅਨੁਸਾਰ ਜੀਉਂਦੇ ਹਾਂ ਅਤੇ ਇੱਜਤ ਦੀ ਕਿਸੇ ਵੀ ਕੀਮਤ ਤੇ ਰਾਖੀ ਕਰਨਾ ਹੁੰਦੀ ਹੈ। ਇਕੋ ਗੋਤਰ ਵਿਆਹ ਵਿਭਚਾਰ ਹਨ, ਕੋਈ ਵੀ ਸਮਾਜ ਇਸ ਨੂੰ ਸਵੀਕਾਰ ਨਹੀਂ ਕਰੇਗਾ। ਤੁਸੀਂ ਸਾਡੇ ਤੋਂ ਅਜਿਹਾ ਕਰਨ ਦੀ ਉਮੀਦ ਕਿਉਂ ਕਰਦੇ ਹੋ? ਵਿਭਚਾਰ ਮਰਿਯਾਦਾ ਦੀ ਉਲੰਘਣਾ ਕਰਦਾ ਹੈ ਅਤੇ ਪਿੰਡ ਵਾਸੀ ਉਨ੍ਹਾਂ ਦੀ ਮਰਯਾਦਾ ਦੀ ਰੱਖਿਆ ਲਈ ਜਾਨ ਲੈ ਲੈਂਦੇ ਹਨ ਜਾਂ ਜਾਨ ਵਾਰ ਦਿੰਦੇ ਹਨ।”