ਦੇਨਾਗਾਮੇਜ ਪ੍ਰਾਬੋਥ ਮਹੇਲਾ ਸਿਲਵਾ ਜੈਵਰਧਨੇ (ਸਿੰਹਾਲਾ: මහේල ජයවර්ධන; ਜਨਮ 27 ਮਈ 1977), ਜਿਸਨੂੰ ਕਿ ਮਹੇਲਾ ਜੈਵਰਧਨੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ ਇੱਕ ਸਾਬਕਾ ਕ੍ਰਿਕਟ ਖਿਡਾਰੀ ਹੈ, ਜੋ ਕਿ ਸ੍ਰੀ ਲੰਕਾ ਕ੍ਰਿਕਟ ਟੀਮ ਵੱਲੋੰ ਅੰਤਰਰਾਸ਼ਟਰੀ ਪੱਧਰ ਤੇ ਕ੍ਰਿਕਟ ਖੇਡਦਾ ਰਿਹਾ ਹੈ। ਉਸ ਤੋਂ ਇਲਾਵਾ ਮਹੇਲਾ ਜੈਵਰਧਨੇ ਸ੍ਰੀ ਲੰਕਾ ਕ੍ਰਿਕਟ ਟੀਮ ਦਾ ਕਪਤਾਨ ਵੀ ਰਿਹਾ ਹੈ। ਮਹੇਲਾ ਜਾਵਰਧਨੇ ਨੂੰ ਵਿਸ਼ਵ ਮਹਾਨ ਕ੍ਰਿਕਟ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਉਹ ਬਤੌਰ ਬੱਲੇਬਾਜ ਸ੍ਰੀ ਲੰਕਾ ਲਈ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦਾ ਰਿਹਾ ਹੈ। ਮਹੇਲਾ ਜੈਵਰਧਨੇ ਅਤੇ ਕੁਮਾਰ ਸੰਗਾਕਾਰਾ ਨੂੰ ਕ੍ਰਿਕਟ ਦੀ ਬਿਹਤਰੀਨ ਜੋੜੀ ਮੰਨਿਆ ਗਿਆ ਹੈ ਅਤੇ ਇਸ ਜੋੜੀ ਦੇ ਨਾਮ ਕਈ ਕ੍ਰਿਕਟ ਰਿਕਾਰਡ ਦਰਜ ਹਨ। ਟੈਸਟ ਵਿੱਚ ਸੱਜੂ ਬੱਲੇਬਾਜ ਵੱਲੋਂ ਇੱਕ ਪਾਰੀ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਮਹੇਲਾ ਜੈਵਰਧਨੇ ਦੇ ਨਾਮ ਹੈ। ਜੈਵਰਧਨੇ ਨੇ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਖਿਲਾਫ 374 ਦੌੜਾਂ ਦੀ ਪਾਰੀ ਖੇਡੀ ਸੀ।[1] ਇਯ ਪਾਰੀ ਨੂੰ ਕ੍ਰਿਕਟ ਇਤਿਹਾਸ ਦੀ ਅਹਿਮ ਪਾਰੀ ਵੀ ਮੰਨਿਆ ਜਾਂਦਾ ਹੈ ਅਤੇ ਇਸਨੂੰ "ਚਾਂਸ ਲੈੱਸ ਪਾਰੀ" ਕਿਹਾ ਜਾਂਦਾ ਹੈ।[2]
ਜੈਵਰਧਨੇ ਨੇ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ 1997 ਵਿੱਚ ਖੇਡਿਆ ਸੀ ਅਤੇ ਉਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲਾ ਵੀ ਉਸਨੇ ਇਸੇ ਸਾਲ ਖੇਡਿਆ ਸੀ। 2006 ਵਿੱਚ ਉਸਨੇ ਕਿਸੇ ਵੀ ਸ੍ਰੀ ਲੰਕਾਈ ਬੱਲੇਬਾਜ ਵੱਲੋਂ ਸਭ ਤੋਂ ਜਿਆਦਾ ਦੌੜਾਂ ਬਣਾਈਆਂ ਸਨ। ਇਹ ਪਾਰੀ ਉਸਨੇ ਦੱਖਣੀ ਅਫ਼ਰੀਕਾ ਖਿਲਾਫ ਖੇਡੀ ਸੀ ਅਤੇ ਇਸ ਵਿੱਚ ਉਸਨੇ 374 ਦੋੜਾਂ ਬਣਾਈਆਂ ਸਨ। ਟੈਸਟ ਕ੍ਰਿਕਟ ਵਿੱਚ ਉਸਦੀ ਬੱਲੇਬਾਜੀ ਔਸਤ 50 ਤੋਂ ਉੱਪਰ ਹੈ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਵਿੱਚ ਉਸਦੀ ਬੱਲੇਬਾਜੀ ਔਸਤ 30 ਦੇ ਨੇੜੇ ਹੈ। ਅੰਤਰਰਾਸ਼ਟਰੀ ਕ੍ਰਿਕਟ ਵਿੱਚ 10,000 ਦੌੜਾਂ ਬਣਾਉਣ ਵਾਲਾ ਉਹ ਪਹਿਲਾ ਸ੍ਰੀ ਲੰਕਾਈ ਬੱਲੇਬਾਜ ਸੀ। ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਘੱਟ ਬੱਲੇਬਾਜੀ ਔਸਤ ਕਰਕੇ ਵੀ ਉਸਨੂੰ ਸ੍ਰੀ ਲੰਕਾ ਦੇ ਓ.ਡੀ.ਆਈ. ਕ੍ਰਿਕਟ ਦੇ ਮਹਾਨ ਖਿਡਾਰੀਆਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।