ਮਾਨਾ ਆਗ਼ਾਈ (Persian: مانا آقایی; ਬੁਸ਼ੇਹਰ, ਈਰਾਨ ਵਿੱਚ 24 ਅਗਸਤ, 1973 ਵਿੱਚ ਪੈਦਾ ਹੋਈ) ਇੱਕ ਈਰਾਨੀ ਕਵੀ, ਅਨੁਵਾਦਕ, ਪੋਡਕਾਸਟ ਨਿਰਮਾਤਾ, ਅਤੇ ਈਰਾਨੀ ਅਧਿਐਨ ਦੇ ਖੇਤਰ ਦੀ ਵਿਦਵਾਨ ਹੈ।
ਮਾਨਾ ਆਗ਼ਾਈ ਦਾ ਜਨਮ 24 ਅਗਸਤ 1973 ਨੂੰ ਬੁਸ਼ੇਹਰ, ਈਰਾਨ ਵਿੱਚ ਇੱਕ ਮੱਧ-ਵਰਗੀ ਪਰਿਵਾਰ ਵਿੱਚ ਹੋਇਆ ਸੀ। 1987 ਵਿੱਚ ਉਸਦਾ ਪਰਿਵਾਰ ਸਵੀਡਨ ਚਲਾ ਗਿਆ ਅਤੇ ਸਟਾਕਹੋਮ ਵਿੱਚ ਵਸ ਗਿਆ।[1]
ਉਹ ਸ਼ੀਰਾਜ਼ ਦੇ ਈਰਾਨੀ ਸਾਹਿਤਕ ਵਿਦਵਾਨ ਅਤੇ ਕਵੀ ਸ਼ਿਰਜ਼ਾਦ ਆਗ਼ਾਈ ਦੀ ਧੀ ਹੈ। 1994 ਵਿੱਚ ਉਸਦਾ ਵਿਆਹ ਸਵੀਡਿਸ਼ ਵਿਦਵਾਨ ਅਤੇ ਫ਼ਾਰਸੀ ਸਾਹਿਤ ਦੇ ਅਨੁਵਾਦਕ ਅਸ਼ਕ ਡਾਹਲੇਨ ਨਾਲ ਹੋਇਆ।
ਮਾਨਾ ਆਗ਼ਾਈ ਨੇ ਉਪਸਾਲਾ ਯੂਨੀਵਰਸਿਟੀ, ਸਵੀਡਨ ਤੋਂ ਈਰਾਨੀ ਭਾਸ਼ਾਵਾਂ ਵਿੱਚ ਐਮਏ ਕੀਤੀ ਹੈ, ਅਤੇ ਉਹ ਆਧੁਨਿਕ ਫ਼ਾਰਸੀ ਸਾਹਿਤ ਦੀ ਮਾਹਰ ਹੈ।
ਉਹ ਇਰਾਨ ਦੇ ਅੰਦਰ ਅਤੇ ਬਾਹਰ ਫ਼ਾਰਸੀ ਸਾਹਿਤਕ ਰਸਾਲਿਆਂ ਅਤੇ ਮੈਗਜੀਨਾਂ ਵਿੱਚ ਬਾਕਾਇਦਗੀ ਨਾਲ਼ ਯੋਗਦਾਨ ਪਾਉਂਦੀ ਹੈ। ਉਸ ਦੀਆਂ ਕਵਿਤਾਵਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਅੰਗਰੇਜ਼ੀ, ਸਵੀਡਿਸ਼, ਤੁਰਕੀ, ਅਰਬੀ, ਸੋਰਾਨੀ ਅਤੇ ਜਰਮਨ ਵੀ ਹਨ।
ਮਾਨਾ ਆਗ਼ਾਈ ਫ਼ਾਰਸੀ ਵਿੱਚ ਛੋਟੀਆਂ ਕਵਿਤਾਵਾਂ, ਹਾਇਕੂ ਅਤੇ ਤਾਨਕਾ (ਮੂਲ ਰੂਪ ਵਿੱਚ ਜਾਪਾਨੀ ਵਿਧਾਵਾਂ) ਦੀ ਇੱਕ ਮੋਢੀ ਲਿਖਾਰਨ ਹੈ। ਉਸਨੇ ਸਵੀਡਿਸ਼ ਦੇ ਨਾਲ-ਨਾਲ ਫ਼ਾਰਸੀ ਕਵਿਤਾ, ਖਾਸ ਕਰਕੇ ਜਾਪਾਨ ਅਤੇ ਕੋਰੀਆ ਦੀਆਂ ਕਵਿਤਾਵਾਂ ਨੂੰ ਫ਼ਾਰਸੀ ਵਿੱਚ ਪੇਸ਼ ਕਰਨ ਵਿੱਚ ਵੀ ਯੋਗਦਾਨ ਪਾਇਆ ਹੈ।
ਉਹ ਸ਼ੇਰੋਫੋਨ ਦੀ ਸੰਸਥਾਪਕ ਅਤੇ ਸਹਿ-ਨਿਰਮਾਤਾ ਸੀ, ਜੋ 2010 ਵਿੱਚ ਫਾਰਸੀ ਕਵਿਤਾ ਦਾ ਪਹਿਲਾ ਦੋ-ਹਫ਼ਤਾਵਾਰੀ ਪੋਡਕਾਸਟ ਸੀ।