ਯਸ਼ਸਵਿਨੀ ਸਿੰਘ ਦੇਸਵਾਲ | |
---|---|
ਜਨਮ | 30 ਮਾਰਚ 1997 ਨਵੀਂ ਦਿੱਲੀ |
ਰਾਸ਼ਟਰੀਅਤਾ | ਭਾਰਤੀ |
ਯਸ਼ਸਵਿਨੀ ਸਿੰਘ ਦੇਸਵਾਲ ਭਾਰਤ ਦੀ ਇੱਕ ਨਿਸ਼ਾਨੇਬਾਜ਼ ਹੈ। ਉਸ ਨੇ ਰੀਓ ਡੀ ਜੇਨੇਰੀਓ ਵਿੱਚ 2019 ਵਿੱਚ ਹੋਏ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਅਤੇ ਸਾਲ 2021 ਵਿੱਚ ਹੋਣ ਵਾਲੇ ਟੋਕੀਓ ਸਮਰ ਓਲੰਪਿਕ ਵਿੱਚ ਭਾਰਤ ਲਈ ਕੋਟਾ ਸਥਾਨ ਹਾਸਲ ਕੀਤਾ।
ਯਸ਼ਸਵਿਨੀ ਦੇਸਵਾਲ ਦਾ ਜਨਮ 30 ਮਾਰਚ 1997 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ। ਯਸ਼ਸਵਿਨੀ ਨੇ 15 ਸਾਲ ਦੀ ਉਮਰ ਵਿੱਚ ਨਿਸ਼ਾਨੇਬਾਜ਼ੀ ਨੂੰ ਇੱਕ ਖੇਡ ਦੇ ਰੂਪ ਵਿੱਚ ਚੁਣਿਆ। ਉਸ ਨੇ ਨਿਸ਼ਾਨੇਬਾਜ਼ੀ ਦੇ ਰਾਸ਼ਟਰੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਹਰ ਸਾਲ ਤਰੱਕੀ ਦੀਆਂ ਨਵੀਂਆਂ ਉਚਾਈਆਂ ਨੂੰ ਪ੍ਰਾਪਤ ਕਰ ਰਹੀ ਹੈ। ਉਹ ਆਪਣੇ ਪਿਤਾ ਨਾਲ ਸਾਲ 2010 ਵਿੱਚ ਨਵੀਂ ਦਿੱਲੀ ਵਿੱਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਦੌਰਾਨ ਨਿਸ਼ਾਨੇਬਾਜ਼ੀ ਦਾ ਮੁਕਾਬਲਾ ਦੇਖਣ ਗਈ ਸੀ। ਉਸ ਸਮੇਂ ਤੋਂ ਉਸ ਨੂੰ ਨਿਸ਼ਾਨੇਬਾਜ਼ੀ ਵਿੱਚ ਦਿਲਚਸਪੀ ਪੈਦਾ ਹੋਈ [1]
ਯਸ਼ਸਵਿਨੀ ਦਾ ਕਹਿਣਾ ਹੈ ਕਿ ਉਸ ਨੇ ਇਹ ਮਹਿਸੂਸ ਕੀਤਾ ਕਿ ਭਾਰਤ ਵਿੱਚ ਨਿਸ਼ਾਨੇਬਾਜ਼ੀ ਨੂੰ ਇੱਕਖੇਡ ਦੇ ਰੂਪ ਵਿੱਚ ਚੁਨਣਾ ਬਹੁਤ ਚੁਣੌਤੀ ਪੂਰਨ ਹੈ ਕਿਉਂਕਿ ਇੱਥੇ ਨਿਸ਼ਾਨੇਬਾਜ਼ੀ ਲਈ ਬੁਨਿਆਦੀ ਢਾਂਚੇ ਅਤੇ ਉਪਕਰਨਾਂ ਦੀ ਸੀਮਿਤ ਉਪਲੱਬਧਤਾ ਹੈ। ਪਰ ਉਸ ਦੇ ਪਿਤਾ, ਜੋ ਕਿ ਇੱਕ ਪੁਲਿਸ ਅਧਿਕਾਰੀ ਸਨ, ਇੱਕ ਖੇਡ ਪ੍ਰੇਮੀ ਹੋਣ ਕਰਕੇ ਉਨ੍ਹਾਂ ਨੇ ਪੂਰੇ ਦਿਲੋਂ ਉਸ ਦਾ ਸਮਰਥਨ ਕੀਤਾ। ਜਦੋਂ ਤੋਂ ਉਸ ਨੇ 10 ਮੀਟਰ ਏਅਰ ਪਿਸਟਲ ਵਿੱਚ ਨਿਸ਼ਾਨੇਬਾਜ਼ੀ ਦੀ ਸ਼ੁਰੂਆਤ ਕੀਤੀ, ਯਸ਼ਸਵਿਨੀ ਦੇ ਮਾਪਿਆਂ ਨੇ ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਪੰਚਕੂਲਾ ਵਿੱਚ ਸਥਿਤ ਆਪਣੇ ਘਰ ਵਿੱਚ ਸ਼ੂਟਿੰਗ ਰੇਂਜ ਬਣਾ ਕੇ ਦਿੱਤੀ ਤਾਂ ਜਿਸ ਨਾਲ ਉਹ ਆਪਣਾ ਅਭਿਆਸ ਕਰ ਸਕੇ। ਇੰਸਪੈਕਟਰ ਜਨਰਲ (ਸੇਵਾਮੁਕਤ) ਸ਼੍ਰੀ ਟੀ.ਐੱਸ.ਢਿਲੋਂ, ਜੋ ਕਿ ਇੱਕ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਸੀ, ਉਸ ਦੇ ਕੋਚ ਬਣੇ। ਯਸ਼ਸਵਿਨੀ ਨੇ ਆਪਣੇ ਮਾਪਿਆਂ ਦੀਆਂ ਉਮੀਦਾਂ ’ਤੇ ਖਰੇ ਉਤਰਦੇ ਹੋਏ ਦਸੰਬਰ 2014 ਵਿੱਚਪੁਣੇ ਵਿਖੇ ਹੋਈ 58ਵੀਂ ਨੈਸ਼ਨਲ ਨਿਸ਼ਾਨੇਬਾਜ਼ੀ ਚੈਂਪਿਅਨਸ਼ਿਪ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ 3 ਸੋਨ ਤਮਗੇ ਜਿੱਤੇ। [1]
ਦੇਸਵਾਲ ਨੇ ਕੌਮਾਂਤਰੀ ਚੈਂਪੀਅਨਸ਼ਿਪ ਮੁਕਾਬਲਿਆਂ ਵਿੱਚ ਪ੍ਰਦਰਸ਼ਨੀ ਨੂੰ ਜਾਰੀ ਰੱਖਿਆ। ਉਸ ਨੇ ਜੂਨ 2017 ਵਿੱਚ ਜਰਮਨੀ ਦੇ ਸੁਹਲ ਸ਼ਹਿਰ ਵਿੱਚ ਆਯੋਜਿਤ ਆਈ.ਐੱਸ.ਐੱਸ.ਐੱਫ਼. (ਅੰਤਰਰਾਸ਼ਟਰੀ ਖੇਡ ਨਿਸ਼ਾਨੇਬਾਜ਼ੀ ਫੈਡਰੇਸ਼ਨ) ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਅਤੇ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ। [2]
ਦੇਸਵਾਲ ਨੂੰ ਸਿਰਫ਼ ਆਪਣੀ ਖੇਡ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ ਬਲਕਿ ਉਸ ਨੂੰ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦਿਆਂ ਆਪਣੀ ਸਕੂਲ ਦੀ ਸਿੱਖਿਆ ਨੂੰ ਵੀ ਜਾਰੀ ਰੱਖਣਾ ਪਿਆ। ਸ਼ੁਰੂਆਤੀ ਦੌਰ ਦੇ ਵਿੱਚ ਇਹ ਸਭ ਯਸ਼ਸਵਿਨੀ ਦੇ ਨਾਲ-ਨਾਲ ਉਸ ਦੇ ਮਾਤਾ-ਪਿਤਾ ਲਈ ਵੀ ਚੁਣੌਤੀਪੂਰਨ ਸੀ ਕਿਉਂਕਿ ਉਨ੍ਹਾਂ ਨੂੰ ਵਾਰੀ-ਵਾਰੀ ਯਸ਼ਸਵਿਨੀ ਨੂੰ ਵੱਖਰੇ-ਵੱਖਰੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਦੇਸ਼ ਅਤੇ ਵਿਦੇਸ਼ ਉਸ ਦੇ ਨਾਲ ਜਾਣਾ ਪੈਂਦਾ ਸੀ। [1]
ਦੇਸਵਾਲ ਨੇ 2012 ਵਿੱਚ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਨਾ ਸ਼ੁਰੂ ਕੀਤਾ। ਉਸ ਨੇ 2014 ਵਿੱਚ ਨਾਨਜਿੰਗ, ਚੀਨ ਵਿੱਚ ਸਮਰ ਯੂਥ ਓਲੰਪਿਕ ਲਈ ਕੁਆਲੀਫਾਈ ਕੀਤਾ, ਜਿੱਥੇ ਉਸ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਛੇਵਾਂ ਸਥਾਨ ਹਾਸਲ ਕੀਤਾ।
2016 ਦੇ ਆਈ.ਐੱਸ.ਐੱਸ.ਐੱਫ. ਜੂਨੀਅਰ ਵਿਸ਼ਵ ਕੱਪ ਵਿੱਚ ਉਸ ਨੇ ਸੁਹਲ, ਜਰਮਨੀ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਅਜ਼ਰਬਾਈਜਾਨ ਦੇ ਕਬਾਲਾ ਵਿਖੇ 2016 ਵਿੱਚ ਹੋਈਆਂ ਦੱਖਣੀ ਏਸ਼ਆਈ ਖੇਡਾਂ ਵਿੱਚ ਉਸ ਨੇ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਅਤੇ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ।[2]
2017 ਵਿੱਚ ਆਈ.ਐੱਸ.ਐੱਸ.ਐੱਫ. ਜੂਨੀਅਰ ਵਿਸ਼ਵ ਮੁਕਾਬਲੇ ਵਿੱਚ ਉਸ ਨੇ 235.9 ਮੀਟਰ ਦੇ ਵਿਸ਼ਵ ਜੂਨੀਅਰ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਸੋਨ ਤਮਗਾ ਜਿੱਤਿਆ। ਸਾਲ 2019 ਵਿੱਚ ਦੇਸਵਾਲ ਨੇ 2021 ਦੇ ਸਮਰ ਓਲੰਪਿਕ ਲਈ ਕੋਟਾ ਸਥਾਨ ਬੁੱਕ ਕਰਨ ਲਈ ਰੀਓ ਡੀ ਜੇਨੇਰੀਓ ਵਿੱਚ ਹੋਏ 2019 ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਸੋਨ ਤਮਗਾ ਜਿੱਤਿਆ।[2] [1]
ਅਕਤੂਬਰ 2020 ਵਿੱਚ ਦੇਸਵਾਲ ਨੇ ਕੌਮਾਂਤਰੀ ਔਨਲਾਈਨ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਪੰਜਵੇਂ ਸਤਰ ਵਿੱਚ ਸੋਨ ਤਮਗਾ ਜਿੱਤਿਆ, ਪਰ ਨੈਸ਼ਨਲ ਰਾਈਫਲ ਐਸੋਸ਼ੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਦੁਆਰਾ ਉਸ ਨੂੰ ਅਧਿਕਾਰਤ ਨਾ ਹੋਣ ਵਾਲੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਲਤਾੜਿਆ ਗਿਆ। ਹਾਲਾਂਕਿ ਉਸ ਦੇ ਕੋਚ ਟੀ.ਐੱਸ ਢਿੱਲੋਂ ਨੇ ਕਿਹਾ ਕਿ ਉਸ ਨੇ ਸ਼ਾਇਦ ਇਸ ਸਮਾਗਮ ਵਿੱਚ ਇਸ ਕਾਰਨ ਹਿੱਸਾ ਲਿਆ ਕਿਉਂਕਿ ਉਸ ਨੂੰ ਕੋਵਿਡ ਸੰਬੰਧਿਤ ਕਈ ਪਾਬੰਦੀਆਂ ਦੇ ਚੱਲਦੇ ਮੈਚ ਵਿੱਚ ਆਪਣਾ ਅਭਿਆਸ ਕਰਨ ਲਈ ਹਿੱਸਾ ਲਿਆ, ਪਰ ਉਹ ਆਪ ਉਸ ਨੂੰ ਨਿੱਜੀ ਤੌਰ ’ਤੇ ਭਵਿੱਖ ਵਿੱਚ ਐੱਨ.ਆਰ.ਏ.ਆਈ. ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦੇਣਗੇ।[3]