ਕਸ਼ਮੀਰ ਦੀ ਰਿਸ਼ੀ ਸੰਪਰਦਾ ਧਾਰਮਿਕ ਸਦਭਾਵਨਾ ਨਾਲ ਸੰਬੰਧਤ, ਇੱਕ ਸੂਫ਼ੀ ਰੀਤ ਹੈ। ਕਸ਼ਮੀਰੀ ਲੋਕਾਂ ਵਿੱਚ ਅੱਜ ਤੱਕ ਹਰਮਨ ਪਿਆਰੇ ਬਹੁਤ ਸਾਰੇ ਸੰਤ ਸੂਫ਼ੀ ਰਿਸ਼ੀ ਸਨ। ਮੁੱਢਲੇ ਰਿਸ਼ੀਆਂ ਵਿੱਚ ਸ਼ੇਖ ਨੂਰ-ਉਦ-ਦੀਨ ਵਲੀ ਸ਼ਾਮਲ ਹੈ ਜਿਸ ਨੂੰ ਨੰਦ ਰਿਸ਼ੀ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਇਸ ਰਿਸ਼ੀ ਸੰਪਰਦਾ ਨੇ ਕਸ਼ਮੀਰੀ ਲੋਕਾਂ ਦੀ, ਨਸਲੀ ਕੌਮੀ, ਸਮਾਜਿਕ ਅਤੇ ਸੱਭਿਆਚਾਰਕ ਚੇਤਨਾ - ਕਸ਼ਮੀਰੀਅਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸਦੇ ਨਾਲ-ਨਾਲ ਗਲੋਬਲ ਇਸਲਾਮ ਲਈ ਵੀ ਵਿਲੱਖਣ ਯੋਗਦਾਨ ਦਿੱਤਾ ਹੈ।
17ਵੀਂ ਸਦੀ ਦੇ ਕਵੀ ਬਾਬਾ ਨਸੀਬ ਨੇ ਇਸ ਰਿਸ਼ੀ ਰੀਤ ਦੇ ਅਸਰ ਨੂੰ ਇਓਂ ਸਮਝਾਇਆ ਹੈ: “ਧਰਮ ਦੀ ਮੋਮਬੱਤੀ ਰਿਸ਼ੀਆਂ ਨੇ ਜਗਾਈ ਹੈ, ਉਹ ਵਿਸ਼ਵਾਸ ਦੇ ਮਾਰਗ ਦੇ ਪਾਇਨੀਅਰ ਹਨ। ਨਿਮਰ ਰੂਹਾਂ ਦੀ ਦਿਲ-ਗਰਮਾਉਣ ਵਾਲੀ ਸਿਫ਼ਤ ਰਿਸ਼ੀਆਂ ਦੇ ਦਿਲਾਂ ਦੀ ਅੰਦਰਲੀ ਸ਼ੁੱਧਤਾ ਦੀ ਉਪਜ ਹੈ। ਕਸ਼ਮੀਰ ਦੀ ਘਾਟੀ ਜਿਸ ਨੂੰ ਤੁਸੀਂ ਫਿਰਦੌਸ ਕਹਿੰਦੇ ਹੋ, ਇਸ ਦੇ ਸੁਹਜ ਨੂੰ ਰਿਸ਼ੀਆਂ ਦੀਆਂ ਪ੍ਰਚਲਿਤ ਕੀਤੀਆਂ ਪਰੰਪਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ।”[1]