ਰਿੱਛ ਅਤੇ ਮੁਸਾਫ਼ਰ ਇੱਕ ਕਥਾ ਹੈ ਜੋ ਈਸੋਪ ਦੀ ਕਹੀ ਜਾਂਦੀ ਹੈ ਅਤੇ ਪੇਰੀ ਇੰਡੈਕਸ ਵਿੱਚ 65ਵੇਂ ਨੰਬਰ 'ਤੇ ਹੈ। [1] ਮੱਧਯੁਗ ਵਿੱਚ ਇਸਦਾ ਵਿਸਥਾਰ ਕੀਤਾ ਗਿਆ ਅਤੇ ਇੱਕ ਨਵਾਂ ਅਰਥ ਦਿੱਤਾ ਗਿਆ।
ਐਵੀਅਨਸ ਦੁਆਰਾ ਸਭ ਤੋਂ ਪਹਿਲਾਂ ਲਾਤੀਨੀ ਕਵਿਤਾ ਵਿੱਚ ਲਿਖੀ ਗਈ, ਇਹ ਕਹਾਣੀ ਉਹ ਹੈ ਜੋ ਸਿੱਖਿਅਕ ਛੋਟੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਸਿਖਾਉਣ ਲਈ ਸਿਫ਼ਾਰਸ਼ ਕਰਦੇ ਹਨ। [2] ਮੁਢਲੀ ਕਹਾਣੀ ਦੋ ਦੋਸਤਾਂ ਦੀ ਹੈ ਜੋ ਜੰਗਲ ਵਿੱਚੋਂ ਲੰਘ ਰਹੇ ਹਨ ਕਿ ਉਨ੍ਹਾਂ ਦਾ ਅਚਾਨਕ ਇੱਕ ਰਿੱਛ ਨਾਲ਼ ਟਕਰਾ ਹੋ ਜਾਂਦਾ ਹੈ। ਯਾਤਰੀਆਂ ਵਿੱਚੋਂ ਇੱਕ ਆਪਣੇ ਆਪ ਨੂੰ ਬਚਾਉਣ ਲਈ ਇੱਕ ਦਰੱਖ਼ਤ ਤੇ ਚੜ੍ਹ ਜਾਂਦਾ ਹੈ ਜਦੋਂ ਕਿ ਦੂਜਾ ਜ਼ਮੀਨ 'ਤੇ ਲੇਟ ਜਾਂਦਾ ਹੈ ਅਤੇ ਮਰੇ ਹੋਣ ਦਾ ਦਿਖਾਵਾ ਕਰਦਾ ਹੈ। ਜਾਨਵਰ ਨੇੜੇ ਆਉਂਦਾ ਹੈ ਅਤੇ ਉਸਨੂੰ ਸੁੰਘਦਾ ਹੈ ਪਰ ਫਿਰ ਛੱਡ ਜਾਂਦਾ ਹੈ, ਕਿਉਂਕਿ ਰਿੱਛ ਮਰੇ ਹੋਏ ਮਾਸ ਨੂੰ ਨਾ ਛੂਹਣ ਲਈ ਮਸ਼ਹੂਰ ਹਨ। ਫਿਰ ਦਰੱਖਤ ਤੇ ਚੜ੍ਹਿਆ ਆਦਮੀ ਆਪਣੇ ਸਾਥੀ ਕੋਲ ਆਇਆ ਅਤੇ ਮਜ਼ਾਕ ਵਿਚ ਪੁੱਛਿਆ ਕਿ ਰਿੱਛ ਉਸ ਨੂੰ ਕੀ ਕਹਿ ਰਿਹਾ ਸੀ? "ਚੰਗੀ ਸਲਾਹ ਸੀ," ਉਸਦੇ ਦੋਸਤ ਨੇ ਕਿਹਾ; "ਉਸਨੇ ਮੈਨੂੰ ਕਿਹਾ ਕਿ ਕਦੇ ਵੀ ਅਜਿਹੇ ਕਿਸੇ 'ਤੇ ਭਰੋਸਾ ਨਾ ਕਰੋ ਜੋ ਤੁਹਾਨੂੰ ਲੋੜ ਵੇਲ਼ੇ ਛੱਡ ਦਿੰਦਾ ਹੈ।"
ਬਹੁਤ ਕਥਾਵਾਂ ਵਿੱਚ ਬਿਮਾਰੀ ਜਾਂ ਮੌਤ ਦਾ ਨਾਟਕ ਕਰਨਾ ਇੱਕ ਮੁੱਖ ਪਲਾਟ ਤੱਤ ਹੈ। [3] ਲੇਖਕ ਅਤੇ ਸੈਨ ਫ੍ਰਾਂਸਿਸਕੋ ਐਗਜ਼ਾਮੀਨਰ ਪੱਤਰਕਾਰ ਐਲਨ ਕੈਲੀ, 1903 ਵਿੱਚ ਲਿਖਦੇ ਹੋਏ, ਰਿੱਛ ਦੇ ਸਾਮ੍ਹਣੇ ਹੋਣ 'ਤੇ ਉਸ ਤੋਂ ਬਚਣ ਲਈ 'ਮਰੇ ਹੋਣ ਦੇ ਨਾਟਕ' ਦੇ ਵਿਚਾਰ ਦੀ ਜਾਂਚ ਕਰਦਾ ਹੈ ਅਤੇ ਆਪਣੀ ਰਾਏ ਦਿੰਦਾ ਹੈ ਕਿ ਇਸ ਕਹਾਣੀ ਵਿੱਚ ਕੁਝ ਸੱਚਾਈ ਹੈ। [4]