ਲਲਿਤਾਮਬਿਕਾ ਅੰਤਰਜਨਮ (30 ਮਾਰਚ, 1909 – 6 ਫਰਵਰੀ, 1987) ਇੱਕ ਭਾਰਤੀ ਲੇਖਕ ਅਤੇ ਸਮਾਜ ਸੁਧਾਰਕ ਸੀ ਜੋ ਮਲਿਆਲਮ ਭਾਸ਼ਾ ਵਿੱਚ ਆਪਣੀਆਂ ਸਾਹਿਤਕ ਰਚਨਾਵਾਂ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ । ਉਹ ਮਹਾਤਮਾ ਗਾਂਧੀ ਅਤੇ ਵੀ ਟੀ ਭੱਟਥੀਰੀਪਾਦ [1] ਦੀ ਅਗਵਾਈ ਤਹਿਤ ਨੰਬੂਦਰੀ ਜਾਤੀ ਵਿਚ ਅਤੇ ਸਮਾਜ ਸੁਧਾਰ ਦੀਆਂ ਲਹਿਰਾਂ ਤੋਂ ਪ੍ਰਭਾਵਤ ਸੀ ਅਤੇ ਉਸਦੀ ਲਿਖਤ ਸਮਾਜ ਵਿਚ, ਪਰਿਵਾਰ ਵਿਚ ਅਤੇ ਇਕ ਵਿਅਕਤੀ ਵਜੋਂ ਔਰਤ ਦੀ ਭੂਮਿਕਾ ਪ੍ਰਤੀ ਸੰਵੇਦਨਸ਼ੀਲਤਾ ਦਰਸਾਉਂਦੀ ਹੈ। ਉਸ ਦੇ ਪ੍ਰਕਾਸ਼ਤ ਰਚਨਾਵਾਂ ਵਿੱਚ ਛੋਟੀਆਂ ਕਹਾਣੀਆਂ ਦੇ ਛੇ ਭਾਗ, ਕਵਿਤਾਵਾਂ ਦੇ ਛੇ ਸੰਗ੍ਰਹਿ, ਬੱਚਿਆਂ ਲਈ ਦੋ ਕਿਤਾਬਾਂ, ਅਤੇ ਇੱਕ ਨਾਵਲ ਅਗਨੀਸਕਸ਼ੀ (1976) ਸ਼ਾਮਲ ਹੈ ਜਿਸ ਨੇ 1977 ਵਿੱਚ ਕੇਦਰ ਸਾਹਿਤ ਅਕਾਦਮੀ ਪੁਰਸਕਾਰ ਅਤੇ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਜਿੱਤੇ ਸਨ। ਉਸ ਦੀ ਸਵੈ-ਜੀਵਨੀ ਆਤਮਕਥਾਕੋਰੁ ਆਮੁਖਮ (ਇੱਕ ਸਵੈ-ਜੀਵਨੀ ਬਾਰੇ) ਵੀ ਮਲਿਆਲਮ ਸਾਹਿਤ ਵਿੱਚ ਮਹੱਤਵਪੂਰਣ ਰਚਨਾ ਮੰਨੀ ਜਾਂਦੀ ਹੈ।
ਲਲਿਤਾਮਬਿਕਾ ਅੰਤਰਜਨਮ [2] ਦਾ ਜਨਮ 30 ਮਾਰਚ, 1909 ਨੂੰ ਦੱਖਣੀ ਭਾਰਤ ਦੇ ਕੇਰਲਾ ਰਾਜ ਵਿੱਚ, ਕੋਲਮ ਜ਼ਿਲ੍ਹੇ ਦੇ ਪਨਾਲੂਰ ਨੇੜੇ ਕੋਟਾਵੱਟਮ ਵਿਖੇ ਇੱਕ ਰੂੜੀਵਾਦੀ ਘਰ ਵਿੱਚ ਹੋਇਆ ਸੀ। [3] ਉਸਦੀ ਰਸਮੀ ਸਿੱਖਿਆ ਬਹੁਤ ਘੱਟ ਸੀ, ਹਾਲਾਂਕਿ, ਉਸਦੇ ਪਿਤਾ ਨੇ ਇੱਕ ਪ੍ਰਾਈਵੇਟ ਟਿਊਟਰ ਨਿਯੁਕਤ ਕੀਤਾ ਸੀ, ਜੋ ਬੱਚੇ ਨੂੰ ਪੜ੍ਹਾਉਣ ਆਉਂਦਾ ਸੀ, ਜੋ ਉਸ ਸਮੇਂ ਅਸਧਾਰਨ ਗੱਲ ਸੀ।[4]
ਹਾਲਾਂਕਿ ਉਹ ਕੇਰਲਾ ਦੀ ਸਭ ਤੋਂ ਸ਼ਕਤੀਸ਼ਾਲੀ ਜ਼ਿਮੀਦਾਰ ਬ੍ਰਾਹਮਣ ਜਾਤੀ ਦਾ ਹਿੱਸਾ ਸੀ, ਲਲਿਤਾਮਬਿਕਾ ਦਾ ਜੀਵਨ-ਕੰਮ ਉਸ ਪਖੰਡ, ਹਿੰਸਾ ਅਤੇ ਬੇਇਨਸਾਫੀ ਦਾ ਪਰਦਾਫਾਸ਼ ਅਤੇ ਵਿਨਾਸ਼ ਕਰਨ ਵਾਲਾ ਸੀ ਜਿਸ ਦਾ ਨੰਬੂਦਰੀ ਸਮਾਜ ਦੀਆਂ ਔਰਤਾਂ ਸ਼ਿਕਾਰ ਸੀ। ਉਸ ਨੂੰ ਸਕੂਲ ਵਿਚ ਪੜ੍ਹਨ ਦੀ ਇਜਾਜ਼ਤ ਨਹੀਂ ਸੀ, ਅਤੇ ਉਹ ਸਿਰਫ ਪੁਰਸ਼ ਰਿਸ਼ਤੇਦਾਰਾਂ ਦੁਆਰਾ ਬਾਹਰੀ ਦੁਨੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੀ ਸੀ ਜੋ ਉਸ ਨੂੰ ਮੌਜੂਦਾ ਮਾਮਲਿਆਂ ਬਾਰੇ ਦੱਸਣ ਲਈ ਕਾਫ਼ੀ ਦਿਆਲੂ ਸਨ। ਉਹ ਚੱਲ ਰਹੀ ਭਾਰਤੀ ਸੁਤੰਤਰਤਾ ਅੰਦੋਲਨ ਬਾਰੇ ਬਹੁਤ ਥੋੜਾ ਜਾਣਦੀ ਸੀ, ਅਤੇ ਇਸ ਵਿਚ ਹਿੱਸਾ ਲੈਣਾ ਚਾਹੁੰਦੀ ਸੀ। 1926 ਵਿਚ, ਉਸ ਦਾ ਵਿਆਹ ਇੱਕ ਕਿਸਾਨ ਨਰਾਇਣਨ ਨੰਬੂਦਰੀ ਨਾਲ ਪ੍ਰਚਲਿਤ ਰਵਾਜ ਅਨੁਸਾਰ ਹੋਇਆ ਸੀ।[5] ਇੱਕ ਪਤਨੀ ਹੋਣ ਦੇ ਨਾਤੇ, ਉਸਦਾ ਹੁਣ ਬਾਹਰੀ ਸੰਸਾਰ ਨਾਲ ਸੰਪਰਕ ਟੁੱਟ ਗਿਆ ਅਤੇ ਅਤੇ ਉਹ ਦਿਨ ਭਰ ਧੂੰਏਂ ਭਰੀਆਂ ਰਸੋਈਆਂ ਅਤੇ ਸਿੱਲ੍ਹੇ ਬੰਦ ਵਿਹੜਿਆਂ ਦੀ ਨਿਗੂਣੀ ਘਰੇਲੂ ਰਾਜਨੀਤੀ ਅਤੇ ਉਸ ਵਰਗੀਆਂ ਹੀ ਹੋਰ ਕੈਦੀਆਂ ਔਰਤਾਂ ਦੇ ਡਰ ਅਤੇ ਈਰਖਾਵਾਂ ਦੇ ਦਮਘੋਟੂ ਮਾਹੌਲ ਵਿੱਚ ਘਿਰੀ ਰਹਿੰਦੀ ਸੀ। ਪਰ ਉਹ ਉਨ੍ਹਾਂ ਦੀ ਹਿੰਮਤ ਅਤੇ ਜੀਵਨ ਦੀਆਂ ਗੈਰ ਕੁਦਰਤੀ ਸਥਿਤੀਆਂ ਦੇ ਬਾਵਜੂਦ ਮਨੁੱਖ ਬਣਨ ਦੇ ਉਨ੍ਹਾਂ ਦੇ ਦ੍ਰਿੜ ਇਰਾਦੇ ਨੂੰ ਵੀ ਵੇਖਦੀ ਸੀ। ਇਸ ਦੁਨੀਆ ਵਿਚ ਉਸ ਦੀ ਇਕੋ ਇਕ ਆਉਟਲੈਟ ਉਸ ਦਾ ਲਿਖਣਾ ਸੀ, ਜੋ ਉਹ ਲੁੱਕ ਛਿਪ ਕੇ ਕਰਦੀ ਸੀ। ਕੰਮ ਦਾ ਦਿਨ, ਜੋ ਸਵੇਰ ਤੋਂ ਪਹਿਲਾਂ ਸ਼ੁਰੂ ਹੁੰਦਾ ਸੀ ਮੁੱਕ ਜਾਣ ਤੇ ਉਹ ਆਪਣੇ ਬੱਚਿਆਂ ਨੂੰ ਸੁਆ ਦਿੰਦੀ, ਦਰਵਾਜਾ ਬੰਦ ਕਰਦੀ ਅਤੇ ਇੱਕ ਛੋਟੇ ਜਿਹੇ ਦੀਵੇ ਦੀ ਰੌਸ਼ਨੀ ਵਿੱਚ ਲਿਖਦੀ ਸੀ। ਧੂੰਏਂ ਅਤੇ ਨਾਕਾਫ਼ੀ ਰੋਸ਼ਨੀ ਦੇ ਨਿਰੰਤਰ ਸੰਪਰਕ ਨੇ ਉਸ ਦੀਆਂ ਅੱਖਾਂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਦਰਦ ਬਹੁਤ ਭੈੜਾ ਹੋ ਜਾਂਦਾ, ਉਹ ਅੱਖਾਂ ਬੰਦ ਕਰਕੇ ਲਿਖਣ ਲੱਗਦੀ। ਆਪਣੀ ਜਾਤੀ ਦੀਆਂ ਭੈਣਾਂ ਦੇ ਨਿਰਾਸ਼ਾ ਅਤੇ ਨਿਘਾਰ ਨੇ ਲਲਿਤਾਮਬਿਕਾ ਨੂੰ ਆਪਣੇ ਮਸ਼ਹੂਰ ਮਲਿਆਲਮ ਨਾਵਲ ਅਗਨੀਸਾਕਸ਼ੀ ਵਿੱਚ ਉਨ੍ਹਾਂ ਦੀ ਮਾੜੀ ਹਾਲਤ ਦਾ ਚਿਤਰਣ ਕਰਨ ਲਈ ਪ੍ਰੇਰਿਤ ਕੀਤਾ। [6] ਬਾਅਦ ਵਿਚ ਇਹ ਨਾਵਲ 1997 ਵਿਚ ਇਸੇ ਸਿਰਲੇਖ ਵਾਲੀ ਇਕ ਫਿਲਮ ਵਿੱਚ ਢਾਲਿਆ ਗਿਆ ਸੀ।