ਲਾਂਗ ਅਤੇ ਪੈਰੋਲ (ਫ਼ਰਾਂਸੀਸੀ: Langue et parole; "ਭਾਸ਼ਾ ਅਤੇ ਉਚਾਰ") ਆਧੁਨਿਕ ਭਾਸ਼ਾ ਵਿਗਿਆਨ ਦੇ ਮੋਢੀ ਫਰਦੀਨਾ ਦ ਸੌਸਿਊਰ ਦੁਆਰਾ ਪੇਸ਼ ਕੀਤੇ ਗਏ ਸੰਕਲਪ ਹਨ। ਲਾਂਗ ਭਾਸ਼ਾ ਦਾ ਸੰਪੂਰਣ ਅਮੂਰਤ ਪ੍ਰਬੰਧ ਹੈ ਅਤੇ ਪੈਰੋਲ ਉਸ ਦਾ ਉਹ ਸੀਮਿਤ ਵਿਅਕਤੀਗਤ ਰੂਪ, ਜਿਹੜਾ ਕਿਸੇ ਇੱਕ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀ ਦੇ ਭਾਸ਼ਾਈ ਵਿਹਾਰ ਵਿੱਚ ਵਿਅਕਤ ਹੁੰਦਾ ਹੈ। ਲਾਂਗ ਵਿੱਚ ਭਾਸ਼ਾ ਦੇ ਅਸੂਲ ਸ਼ਾਮਲ ਹਨ, ਜਿਹਨਾਂ ਦੇ ਬਿਨਾ ਦਾ ਕੋਈ ਅਰਥਪੂਰਨ ਉਚਾਰ, "ਪੈਰੋਲ", ਸੰਭਵ ਨਹੀਂ ਹੋਵੇਗਾ। ਪੈਰੋਲ, ਲਾਂਗ ਦੀ ਵਰਤੋਂ ਦੇ ਠੋਸ ਕਾਰਜਾਂ ਨੂੰ ਕਿਹਾ ਜਾਂਦਾ ਹੈ। ਇਹ ਇੱਕ ਭਾਸ਼ਾਈ ਕਰਤਾ ਦੇ ਭਾਸ਼ਣ ਕਾਰਜਾਂ ਦੀ ਇੱਕ ਲੜੀ ਦੇ ਰੂਪ ਵਿੱਚ ਭਾਸ਼ਾ ਦਾ ਵਿਅਕਤੀਗਤ ਨਿੱਜੀ ਵਰਤਾਰਾ ਹੁੰਦਾ ਹੈ।[1]
ਫ਼ਰਾਂਸੀਸੀ ਭਾਸ਼ਾ ਵਿੱਚ ਲਾਂਗ ਦਾ ਮਤਲਬ ਭਾਸ਼ਾ ਹੈ। ਪਰ, ਆਮ ਜਾਣਿਆ ਜਾਂਦਾ ਹੈ ਕਿ ਸੌਸਿਊਰ ਦੁਆਰਾ ਪੇਸ਼ ਕੀਤਾ ਗਿਆ ਸੰਕਲਪ ਕਿਸੇ ਸਮਾਜਿਕ ਗਰੁੱਪ ਵਲੋਂ ਭਾਸ਼ਾ ਦੇ ਅੰਦਰੂਨੀ ਪ੍ਰਬੰਧ ਅਤੇ ਨਿਯਮਾਂ ਦੇ ਸੰਬੰਧ ਬਾਰੇ ਹੈ, ਜਿਸ ਬਾਰੇ ਵਰਤੋਂਕਾਰ ਰੋਜ਼ਮਰਾ ਦੀ ਜ਼ਿੰਦਗੀ ਵਿਚ ਬੇਖਬਰ ਹੀ ਹੁੰਦੇ ਹਨ। ਲਾਂਗ ਇੱਕ ਯੂਨੀਵਰਸਲ ਸੰਰਚਨਾ ਸਮਝਿਆ ਜਾਂਦਾ ਹੈ ਹਾਲਾਂਕਿ, ਪ੍ਰਮੁੱਖ ਭਾਸ਼ਾਈ ਪੈਟਰਨਾਂ ਦੇ ਲਿਹਾਜ ਇਸ ਦੇ ਫਰਕ ਵੀ ਹੋ ਸਕਦੇ ਹਨ ਜਿਵੇਂ ਵਿਦੇਸ਼ੀ ਭਾਸ਼ਾਵਾਂ ਵਿੱਚ ਵੇਖਣ ਨੂੰ ਮਿਲਦੇ ਹਨ।