ਮਰਨ ਤੋਂ ਬਾਦ ਲਾਸ਼ ਵਿੱਚ ਅਕੜਾ ਪੈਦਾ ਹੋਣਾ ਤਾਂ ਇੱਕ ਸੁਭਾਵਿਕ ਜਿਹੀ ਗੱਲ ਹੈ। ਇਹ ਇੱਕ ਨਿਯਮਿਤ ਤਰੀਕੇ ਨਾਲ ਅਤੇ ਖਾਸ ਸਮੇਂ ਵਿੱਚ ਪੂਰੇ ਸਰੀਰ ਵਿੱਚ ਫੈਲਦਾ ਹੈ। ਪਰ ਕਈ ਵਾਰ ਇਸ ਅਕੜਾ ਦੇ ਪੂਰੇ ਸਰੀਰ ਵਿੱਚ ਫੈਲਣ ਤੋ ਪਹਿਲਾਂ ਹੀ ਕਿਸੇ ਖਾਸ ਜਗ੍ਹਾ ਤੇ ਕੜਵੱਲ ਪੈ ਜਾਂਦੇ ਹਨ। ਇਹ ਕੜਵੱਲ ਮੌਤ ਤੋਂ ਪਹਿਲਾਂ ਉਸ ਹਿੱਸੇ ਵਿੱਚ ਹੋਈ ਹਿਲਜੁਲ ਦਾ ਸੰਕੇਤ ਦਿੰਦੇ ਹਨ ਤੇ ਇਸੇ ਲਈ ਵਿਧੀ ਵਿਗਿਆਨ ਦੀਆਂ ਖੋਜਾਂ ਵਿੱਚ ਲਾਭਦਾਈ ਸਾਬਿਤ ਹੁੰਦੇ ਹਨ। ਜਿਵੇਂ: ਜੇ ਕਿਸੇ ਲਾਸ਼ ਦੇ ਹੱਥ ਵਿੱਚ ਬੰਦੂਕ ਫੜੀ ਹੋਈ ਪਾਈ ਜਾਂਦੀ ਹੈ ਤੇ ਜੇਕਰ ਉਸਦੇ ਹੱਥਾਂ ਵਿੱਚ ਜਕੜਨ ਵੀ ਪਾਈ ਜਾਂਦੀ ਹੈ ਤਾਂ ਓਹ ਇਸ ਗੱਲ ਦਾ ਪੱਕਾ ਸੰਕੇਤ ਹੈ ਕਿ ਉਸ ਇਨਸਾਨ ਨੇ ਬੰਦੂਕ ਆਪ ਚਲਾਈ ਹੈ।
ਇਸ ਕਿਰਿਆ ਵਿੱਚ ਸਿਰਫ ਸਵੈ- ਇੱਛੁਕ ਮਾਸਪੇਸ਼ੀਆਂ ਵਿੱਚ ਹੀ ਅਸਰ ਦਿਖਾਈ ਦਿੰਦਾ ਹੈ। ਆਮ ਤੌਰ ਤੇ ਇਹ ਲੱਤਾਂ ਅਤੇ ਬਾਹਵਾਂ ਦੀਆਂ ਮਾਸਪੇਸ਼ੀਆਂ ਵਿੱਚ ਹੀ ਪਾਇਆ ਜਾਂਦਾ ਹੈ ਕਿਉਂਕਿ ਇਹ ਦੋਵੇਂ ਹੀ ਅਕਸਰ ਕਿਸੇ ਵੀ ਤਰ੍ਹਾਂ ਦੀ ਸ਼ਰੀਰਕ ਹਰਕਤ ਵਿੱਚ ਭਾਗ ਲੈਂਦੇ ਹਨ। ਜਿਵੇਂ ਕਿ ਡੁੱਬਣ ਨਾਲ ਹੋਈ ਮੌਤ ਵਿੱਚ ਅਕਸਰ ਲੱਤਾਂ ਅਤੇ ਬਾਹਵਾਂ ਵਿੱਚ ਤਤਕਾਲੀਨ ਜਕੜਾਵ ਨਜ਼ਰ ਆਉਂਦਾ ਹੈ।
ਇਸਦੀ ਪ੍ਰੀਕਿਰਿਆ ਰਾਇਗਰ ਮੌਰਟਿਸ (Rigor Mortis) ਨਾਲ ਬਿਲਕੁਲ ਮਿਲਦੀ- ਜੁਲਦੀ ਹੈ, ਬਸ ਫਰਕ ਸਿਰਫ ਇੰਨ੍ਹਾ ਹੈ ਕਿ ਕੜਵੱਲ ਸ਼ਰੀਰ ਦੇ ਇੱਕ ਖਾਸ ਹਿੱਸੇ ਵਿੱਚ ਹਲਚਲ ਹੋਣ ਕਰਕੇ ਪਾਏ ਜਾਂਦੇ ਹਨ। ਹਲਚਲ ਕਰਕੇ ATP ਜਲਦੀ ਇਸਤੇਮਾਲ ਹੋ ਜਾਂਦੀ ਹੈ ਅਤੇ ਉਸ ਹਿੱਸੇ ਵਿੱਚ ਜਕੜਾਵ ਆਮ ਨਾਲੋਂ ਜਲਦੀ ਹੋ ਜਾਂਦਾ ਹੈ।