ਸ਼ਿਕਵਾ ਤੇ ਜਵਾਬ-ਏ-ਸ਼ਿਕਵਾ

ਸ਼ਿਕਵਾ (Urdu: شکوہ) ਅਤੇ ਜਵਾਬ-ਏ-ਸ਼ਿਕਵਾ (Urdu: جواب شکوہ) ਉਰਦੂ, ਫ਼ਾਰਸੀ ਕਵੀ ਮੁਹੰਮਦ ਇਕਬਾਲ ਦੀਆਂ ਲਿਖੀਆਂ ਦੋ ਕਵਿਤਾਵਾਂ ਹਨ। ਜੋ ਉਸ ਦੀ ਕਿਤਾਬ ਕੁੱਲੀਆਤ-ਏ-ਇਕਬਾਲ ਵਿੱਚ ਪ੍ਰਕਾਸ਼ਿਤ ਹਨ। ਸ਼ਿਕਵਾ ਉਰਦੂ ਸ਼ਬਦ ਹੈ ਜੋ ਪੰਜਾਬੀ ਵਿੱਚ ਵੀ ਆਮ ਪ੍ਰਚਲਿਤ ਹੈ। ਇਕਬਾਲ ਦੀ ਬੇਹਤਰੀਨ ਕਵਿਤਾ ਬਹੁਤੀ ਫ਼ਾਰਸੀ ਵਿੱਚ ਮਿਲਦੀ ਹੈ, ਉਹ ਉਰਦੂ ਦਾ ਵੀ ਇੱਕ ਵੱਡਾ ਕਵੀ ਹੈ। ਸ਼ਿਕਵਾ (1909) ਅਤੇ ਜਵਾਬ-ਏ-ਸ਼ਿਕਵਾ (1913) ਵਿੱਚ ਇਸਲਾਮ ਦੀ ਵਿਰਾਸਤ ਅਤੇ ਇਤਿਹਾਸ ਵਿੱਚ ਇਸ ਦੀ ਸਭਿਆਕਾਰੀ ਭੂਮਿਕਾ ਦੀ ਵਡਿਆਈ ਕੀਤੀ ਗਈ ਹੈ, ਅਤੇ ਆਧੁਨਿਕ ਜ਼ਮਾਨੇ ਵਿੱਚ ਇਸਲਾਮ ਦੀਆਂ ਦੁਚਿੱਤੀਆਂ ਅਤੇ ਹਰ ਜਗ੍ਹਾ ਮੁਸਲਮਾਨਾਂ ਦੀ ਮਾੜੀ ਕਿਸਮਤ ਦਾ ਵਿਰਲਾਪ ਕੀਤਾ ਗਿਆ ਹੈ। ਸ਼ਿਕਵਾ ਮੁਸਲਮਾਨਾਂ ਦੀ ਦੁਰਗਤੀ ਬਾਰੇ ਅੱਲ੍ਹਾ ਨੂੰ ਇੱਕ ਸ਼ਿਕਾਇਤ ਦੇ ਰੂਪ ਵਿੱਚ ਹੈ ਅਤੇ ਜਵਾਬ-ਏ-ਸ਼ਿਕਵਾ ਵਿੱਚ ਅੱਲ੍ਹਾ ਦਾ ਜਵਾਬ ਹੈ।[1][2]

ਸ਼ਿਕਵਾ ਉਹ ਸ਼ਹਿਰ ਆਫ਼ਾਕ ਨਜ਼ਮ ਹੈ ਜੋ ਅਪਰੈਲ 1911 ਦੇ ਜਲਸਾ ਅੰਜਮਨ ਹਿਮਾਇਤ ਇਸਲਾਮ ਵਿੱਚ ਪੜ੍ਹੀ ਗਈ। ਲੰਦਨ ਤੋਂ ਵਾਪਸੀ ਤੇ ਇਕਬਾਲ ਨੇ ਰੀਵਾਜ਼ ਹੋਸਟਲ ਦੇ ਵਿਹੜੇ ਵਿੱਚ ਇਹ ਨਜ਼ਮ ਪੜ੍ਹੀ।

'ਸ਼ਿਕਵਾ' ਕਵਿਤਾ ਦਾ ਸਾਰ

[ਸੋਧੋ]

'ਸ਼ਿਕਵਾ' ਨਜ਼ਮ ਦੇ ਵਿੱਚ 31 ਬੰਦ ਹਨ ਅਤੇ ਹਰ ਬੰਦ ਵਿੱਚ 6 ਵਾਕ ਹਨ।

ਪਹਿਲੇ 2 ਬੰਦ - ਪਹਿਲੇ ਦੋ ਬੰਦਾਂ ਵਿੱਚ ਇਕਬਾਲ ਇਹ ਕਹਿੰਦੇ ਹਨ ਕਿ ਉਹਨਾਂ ਨੂੰ ਰੱਬ ਵੱਲੋਂ ਵਧੀਆ ਕਵਿਤਾਵਾਂ ਲਿਖਣ ਦੀ ਤਾਕ਼ਤ ਮਿਲੀ ਹੈ ਜਿਸ ਦੀ ਬਦੌਲਤ ਉਹ ਆਪਣੀ ਕੌਮ ਦੇ ਦੁੱਖ - ਦਰਦ ਨੂੰ ਰੱਬ ਨਾਲ ਸਾਂਝਾ ਕਰਨਾ ਚਾਹੁੰਦੇ ਹਨ।ਉਹ ਕਹਿੰਦੇ ਹਨ ਕਿ "ਹੇ ਅੱਲ੍ਹਾ, ਤੂੰ ਸਾਡੇ ਤੋਂ ਹਮਦਾਂ ਤਾਂ ਬਹੁਤ ਸੁਣੀਆਂ ਹਨ ਪਰ ਇਸ ਵਫ਼ਾਦਾਰ ਕੌਮ ਦਾ ਇੱਕ ਗਿਲਾ ਵੀ ਸੁਣ ਲੈ "।

3- 13 ਬੰਦ - ਇਹਨਾਂ ਬੰਦਾਂ ਵਿੱਚ ਇਕਬਾਲ ਮੁਸਲਮਾਨ ਕੌਮ ਦੇਯੋਗਦਾਨ ਬਿਆਨ ਕਰਦੇ ਹਨ। ਉਹ ਕਹਿੰਦੇ ਹਨ "ਸਿਰਫ ਸਾਡੇ (ਮੁਸਲਮਾਨਾਂ ਦੀ) ਬਦੌਲਤ ਹੀ ਤੇਰੇ ਨਾਮ ਦੀ ਖੁਸ਼ਬੂ ਸਾਰੀ ਦੁਨੀਆ ਵਿੱਚ ਫੈਲੀ ਅਤੇ ਦੁਨੀਆ ਵਿਚੋਂ ਝੂਠ ਦਾ ਹਨੇਰਾ ਦੂਰ ਹੋ ਗਿਆ। ਉਂਜ ਤਾਂ ਇਸ ਜਗ ਉੱਤੇ ਬੜੀਆਂ ਕੌਮਾਂ ਵੱਸ ਰਹੀਆਂ ਸਨ, ਪਰ ਸਭ ਤੋਂ ਪਹਿਲਾਂ ਮੁਸਲਮਾਨ ਕੌਮ ਨੇ ਹੀ ਦੁਨੀਆ ਵਿਚੋਂ ਬੁਰਾਈ ਦਾ ਖ਼ਾਤਮਾ ਕਰਨ ਵਾਸਤੇ ਤਲਵਾਰ ਚੁੱਕੀ।ਮੁਸਲਮਾਨ ਕੌਮ ਨੇ ਦਿਨ- ਰਾਤ ਇੱਕ ਕਰਕੇ ਤੌਹੀਦ ਦਾ ਪੈਗ਼ਾਮ ਸਾਰੀ ਦੁਨੀਆ ਵਿੱਚ ਫੈਲਾਇਆ।"

14- 22 ਬੰਦ - ਇਕਬਾਲ ਕਹਿੰਦੇ ਹਨ ਕੇ ਬੇਅੰਤ ਤਕਲੀਫ਼ਾਂ ਸਹਿਣ ਦੇ ਬਾਵਜੂਦ ਵੀ ਮੁਸਲਮਾਨਾਂ ਨੂੰ ਖਵਾਰ ਹੋਣਾ ਪੈ ਰਿਹਾ ਹੈ। ਅੱਜ ਦੇ ਮੁਸਲਮਾਨ ਗ਼ਰੀਬੀ ਅਤੇ ਅਨਪੜ੍ਹਤਾ ਤੋਂ ਪੀੜਿਤ ਹਨ। ਉਹ ਬੜੇ ਹੀ ਤਿੱਖੇ ਲਫ਼ਜ਼ ਵਰਤ ਕੇ ਅੱਲ੍ਹਾ ਦੇ ਸਾਹਮਣੇ ਆਪਣਾ ਗਿਲਾ ਪੇਸ਼ ਕਰਦੇ ਹਨ। ਉਹ ਕਹਿੰਦੇ ਹਨ ਕਿ ਤੇਰੀ ਰਹਿਮਤ ਦੀ ਬਰਸਾਤ ਸਿਰਫ ਕਾਫਰਾਂ ਉੱਤੇ ਹੋਈ ਅਤੇ ਮੁਸਲਮਾਨਾਂ ਨੂੰ ਤਾਂ ਸਿਰਫ ਜੰਨਤ ਅਤੇ ਹੂਰਾਂ ਦੇ ਫੋਕੇ ਵਾਅਦੇ ਹੀ ਨਸੀਬ ਹੋਏ।

23- 31 ਬੰਦ - ਇਹਨਾਂ ਬੰਦਾਂ ਵਿੱਚ ਆਪਣੀ ਨਜ਼ਮ ਮੁਕੰਮਲ ਕਰਦੇ ਹੋਏ ਇਕਬਾਲ ਰੱਬ ਦੇ ਅੱਗੇ ਫਰਿਆਦ ਕਰਦੇ ਹਨ ਕੇ ਤੂੰ ਮੁਸਲਮਾਨਾਂ ਨੂੰ ਪਹਿਲਾਂ ਵਰਗਾ ਸਨਮਾਨ ਅਤੇ ਇੱਜ਼ਤ ਭੇਟ ਕਰ ਅਤੇ ਇਨ੍ਹਾਂ ਉੱਤੇ ਤੂੰ ਆਪਣਾ ਮਿਹਰ ਭਰਿਆ ਹੱਥ ਰੱਖ ਤਾਂ ਜੋ ਇਹ ਆਪਣੇ ਵੱਡੇ ਵਡੇਰਿਆਂ ਵਾਂਗ ਤੇਰਾ ਨਾਮ ਧਿਆਉਣ। ਉਹ ਅਰਦਾਸ ਕਰਦੇ ਹਨ ਕਿ ਉਨ੍ਹਾਂ ਦੀ ਇਸ ਨਜ਼ਮ ਨਾਲ ਮੁਸਲਮਾਨ ਪ੍ਰੇਰਿਤ ਹੋਣ ਅਤੇ ਪਹਿਲਾਂ ਵਾਂਗ ਹੀ ਤੇਰੇ ਹਿਜਰ ਦੀ ਅੱਗ ਉਨ੍ਹਾਂ ਦੇ ਹਿਰਦੇ ਵਿੱਚ ਬਲਦੀ ਰਹੇ।

'ਜਵਾਬ - ਏ - ਸ਼ਿਕਵਾ' ਕਵਿਤਾ ਦਾ ਸਾਰ

[ਸੋਧੋ]

'ਜਵਾਬ-ਏ-ਸ਼ਿਕਵਾ' ਨਜ਼ਮ ਵਿੱਚ 36 ਬੰਦ ਹਨ ਅਤੇ ਹਰ ਬੰਦ ਵਿੱਚ 6 ਵਾਕ ਹਨ।

ਪਹਿਲੇ 5 ਬੰਦ - ਇਨ੍ਹਾਂ ਬੰਦਾਂ ਵਿੱਚ ਇਕਬਾਲ ਲਿਖਦੇ ਹਨ ਕਿ ਉਨ੍ਹਾਂ ਦੀ ਬੇਬਾਕ ਅਤੇ ਭਾਵਨਾਵਾਂ ਨਾਲ ਭਰਪੂਰ ਨਜ਼ਮ 'ਸ਼ਿਕਵਾ' ਸਾਰਾ ਆਸਮਾਨ ਚੀਰਦੇ ਹੋਏ ਰੱਬ ਕੋਲ ਪਹੁੰਚ ਗਈ। ਇਸ ਵਿਚਕਾਰ ਆਸਮਾਨ ਦੇ ਚੰਨ, ਸਿਤਾਰੇ, ਸੱਯਾਰੇ ਉਸ ਦੀ ਫਰਿਆਦ ਸੁਣ ਕੇ ਹੱਕੇ- ਬੱਕੇ ਰਹਿ ਜਾਂਦੇ ਹਨ। ਫ਼ਰਿਸ਼ਤੇ ਇਹ ਆਵਾਜ਼ ਸੁਣ ਕੇ ਬਹੁਤ ਹੈਰਾਨ ਹੁੰਦੇ ਹਨ ਅਤੇ ਟਿੱਪਣੀ ਕਰਦੇ ਹਨ ਕਿ ਇਓ ਜਾਪਦਾ ਹੈ ਜਿਵੇਂ ਮਨੁੱਖ ਗੱਲ ਕਰਨ ਦੇ ਸਲੀਕੇ ਨੂੰ ਭੁੱਲ ਚੁੱਕਾ ਹੈ ਅਤੇ ਇੰਨਾ ਗੁਸਤਾਖ ਹੋ ਗਿਆ ਹੈ ਕਿ ਉਸ ਨੂੰ ਰੱਬ ਤੋਂ ਵੀ ਸ਼ਿਕਾਇਤ ਹੈ।

6- 24 ਬੰਦ - ਇਨ੍ਹਾਂ ਬੰਦਾਂ ਵਿੱਚ ਅੱਲ੍ਹਾ ਦਾ ਜਵਾਬ ਸ਼ੁਰੂ ਹੁੰਦਾ ਹੈ ਅਤੇ ਉਹ ਕਹਿੰਦਾ ਹੈ ਕਿ ਮੈਂ ਤਾਂ ਹਮੇਸ਼ਾ ਹੀ ਕਰਮ ਕਰਨ ਲਈ ਤਿਆਰ ਰਹਿੰਦਾ ਹਾਂ ਪਰ ਕੋਈ ਮੰਗਣ ਵਾਲਾ ਹੀ ਨਹੀਂ ਹੈ। ਜਿਹੜੇ ਅੱਜ ਦੇ ਮੁਸਲਮਾਨ ਹਨ ਉਹ ਆਪਣੇ ਵੱਡੇ - ਵਡੇਰਿਆਂ ਤੋਂ ਬਿਲਕੁਲ ਹੀ ਪੁੱਠੇ ਕੰਮ ਕਰ ਰਹੇ ਹਨ। ਨਾ ਉਹ ਸਵੇਰੇ ਛੇਤੀ ਉੱਠ ਕੇ ਨਮਾਜ਼ ਪੜ੍ਹਦੇ ਹਨ ਅਤੇ ਇਹਨਾਂ ਨੂੰ ਰੋਜ਼ੇ ਰੱਖਣੇ ਵੀ ਬਹੁਤ ਮੁਸ਼ਕਿਲ ਲੱਗਦੇ ਹਨ। ਮੁਸਲਮਾਨਾਂ ਵਿੱਚ ਫਿਰਕਾ ਬੰਦੀ ਬਹੁਤ ਵੱਧ ਚੁੱਕੀ ਹੈ। ਰੱਬ ਦੇ ਦਰਬਾਰ ਵਿੱਚ ਕਦੀ ਵੀ ਨਾ-ਇੰਸਾਫ਼ੀ ਨਹੀਂ ਹੁੰਦੀ। ਜੇ ਅੱਜ ਤੁਸੀਂ ਬਦਨਾਮ ਹੋਏ ਹੋ ਤਾਂ ਸਿਰਫ ਇਸ ਕਰਕੇ ਕਿਉਂਕੀ ਤੁਸੀਂ ਕੁਰਾਨ ਨੂੰ ਭੁੱਲ ਚੁੱਕੇ ਹੋ ਅਤੇ ਰੱਬ ਦੇ ਨਾਂ ਤੋਂ ਦੂਰ ਹੋ ਗਏ ਹੋ। ਹਾਂ ਬੇਸ਼ੱਕ, ਤੁਹਾਡੇ ਵੱਡੇ - ਵਡੇਰਿਆਂ ਨੇ ਬੜੇ ਉੱਚੇ - ਸੁੱਚੇ ਕੰਮ ਕੀਤੇ, ਪਰ ਤੁਸੀਂ ਕੀ ਕੀਤਾ ਹੈ ? ਤੁਸੀਂ ਹੂਰਾਂ ਅਤੇ ਜੰਨਤਾਂ ਦੇ ਹਕ਼ਦਾਰ ਹੀ ਨਹੀਂ ਹੋ।

25 - 36 ਬੰਦ - ਆਖਰੀ ਬੰਦਾਂ ਵਿੱਚ ਇਕਬਾਲ ਮੁਸਲਮਾਨਾਂ ਵਿੱਚ ਇੱਕ ਨਾਵਾਂ ਉਤਸ਼ਾਹ ਅਤੇ ਜੋਸ਼ ਜਗਾਉਣ ਦੀ ਕੋਸ਼ਿਸ਼ ਕਰਦੇ ਹਨ। ਅੱਲ੍ਹਾ ਫਰਮਾਉਂਦਾ ਹੈ," ਤੁਸੀਂ ਸੁਸਤ ਕਿਓਂ ਹੋ ਗਏ ਹੋ ? ਹਾਲੇ ਤਾਂ ਕੰਮ ਬਹੁਤ ਪਿਆ ਹੈ। ਇਹ ਜਿਹੜਾ ਅੱਜ ਦਾ ਸਮਾਂ ਹੈ, ਇਹ ਤੇਰੇ ਸਬਰ ਅਤੇ ਕੁਰਬਾਨੀ ਦਾ ਇਮਤਿਹਾਨ ਹੈ। ਤੂੰ ਸਾਰੀ ਦੁਨੀਆ ਵਿੱਚ ਫੈਲ ਜਾ ਅਤੇ ਜ਼ਮਾਨੇ ਨੂੰ ਮੁਹੰਮਦ ਦੇ ਨਾਂ ਨਾਲ ਰੋਸ਼ਨ ਕਰ ਦੇ। ਜਦ ਤਕ ਤੂੰ ਮੁਹੰਮਦ ਨਾਲ ਵਫਾ ਕਰਦਾ ਰਹੇਗਾ, ਮੈਂ ਤੇਰਾ ਸਹਾਇਕ ਰਹਾਂਗਾ"

ਹਵਾਲੇ

[ਸੋਧੋ]