ਸ਼੍ਰੀਮਤੀ. ਸੁੰਦਰੀ ਉੱਤਮਚੰਦਾਨੀ (28 ਸਤੰਬਰ 1924 - 8 ਜੁਲਾਈ 2013) ਇੱਕ ਪ੍ਰਸਿੱਧ ਭਾਰਤੀ ਲੇਖਕ ਸੀ। ਉਸਨੇ ਜ਼ਿਆਦਾਤਰ ਸਿੰਧੀ ਭਾਸ਼ਾ ਵਿੱਚ ਲਿਖਿਆ ਸੀ।[1] ਉਸਦਾ ਵਿਆਹ ਅਗਾਂਹਵਧੂ ਲੇਖਕ ਏ ਜੇ ਉੱਤਮ ਨਾਲ ਹੋਇਆ ਸੀ।
1986 ਵਿੱਚ ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਦੇ ਕੇ ਸਾਹਿਤ ਅਕਾਦਮੀ ਨੇ ਉਸਦੀ ਕਿਤਾਬ ਵਿਛੋੜੋ, ਨੂੰ ਸਨਮਾਨਿਤ ਕੀਤਾ ਸੀ। ਇਸ ਕਿਤਾਬ ਵਿੱਚ ਸਿੰਧੀ ਵਿੱਚ ਨੌਂ ਨਿੱਕੀਆਂ ਕਹਾਣੀਆਂ ਸਨ।[2][3]
ਸੁੰਦਰੀ ਉੱਤਮਚੰਦਾਨੀ ਦਾ ਜਨਮ 28 ਸਤੰਬਰ 1924 ਨੂੰ ਹੈਦਰਾਬਾਦ ਸਿੰਧ (ਹੁਣ ਪਾਕਿਸਤਾਨ ਵਿੱਚ) ਵਿਖੇ ਹੋਇਆ ਸੀ। ਬ੍ਰਿਟਿਸ਼ ਦੁਆਰਾ ਸਿੰਧ ਦੀ ਜਿੱਤ ਤੋਂ ਪਹਿਲਾਂ ਹੈਦਰਾਬਾਦ ਸਿੰਧ ਦੀ ਰਾਜਧਾਨੀ ਸੀ। ਹਾਲਾਂਕਿ ਇਹ ਰਾਜਧਾਨੀ ਵਜੋਂ ਆਪਣਾ ਸਥਾਨ ਗੁਆ ਬੈਠਾ ਪਰ, ਇਹ ਸਿੱਖਿਆ ਸਾਹਿਤ ਅਤੇ ਸਭਿਆਚਾਰ ਦਾ ਇੱਕ ਪ੍ਰਫੁੱਲਤ ਕੇਂਦਰ ਬਣਿਆ ਰਿਹਾ। ਸਾਰੀਆਂ ਸੁਧਾਰ ਲਹਿਰਾਂ ਇਸ ਦੀ ਮਿੱਟੀ ਵਿੱਚ ਜੜੀਆਂ ਸਨ1। ਬਹੁਤ ਛੋਟੀ ਉਮਰ ਵਿੱਚ ਹੀ ਸੁੰਦਰੀ ਨੂੰ ਲੋਕ ਅਤੇ ਮਿਥਿਹਾਸਕ ਕਥਾਵਾਂ ਦਾ ਵਿਸ਼ਾਲ ਸੰਗ੍ਰਹਿ ਮਿਲ ਗਿਆ ਸੀ ਜਿਸ ਬਾਰੇ ਉਸ ਦੇ ਮਾਪਿਆਂ ਨੇ ਉਸ ਨੂੰ ਅਤੇ ਆਪਣੇ ਸਾਂਝੇ ਪਰਿਵਾਰ ਦੇ ਹੋਰ ਬੱਚਿਆਂ ਨੂੰ ਸੁਣਾਇਆ ਸੀ। ਉਸ ਦੀ ਜਵਾਨੀ ਦੇ ਸਮੇਂ ਆਜ਼ਾਦੀ ਦੀ ਲਹਿਰ ਦੇਸ਼ ਭਰ ਵਿੱਚ ਫੈਲ ਰਹੀ ਸੀ ਅਤੇ ਉਹ ਇਸ ਵੱਲ ਖਿੱਚੀ ਗਈ ਸੀ। ਅਜੇ ਕਾਲਜ ਵਿੱਚ ਹੀ ਸੀ ਕਿ ਉਸਨੇ ਇੱਕ ਕਹਾਣੀ ਦਾ ਅਨੁਵਾਦ ਕੀਤਾ "ਬਹਾਦਰ ਮਾਓ ਜੀ ਬਹਾਦਰ ਦੀਆ" (ਬਹਾਦਰ ਮਾਂ ਦੀ ਬਹਾਦਰ ਧੀ)। ਸਾਹਿਤਕ ਖੇਤਰ ਵਿੱਚ ਇਹ ਉਸਦੀ ਪਹਿਲੀ ਪੁਲਾਂਘ ਸੀ।
ਉਸਨੇ ਮਾਰਕਸਵਾਦੀ ਫ਼ਲਸਫ਼ੇ ਵੱਲ ਸਪਸ਼ਟ ਝੁਕਾਅ ਸਹਿਤ ਸਿੰਧੀ ਸਾਹਿਤ ਵਿੱਚ ਡੂੰਘੀ ਦਿਲਚਸਪੀ ਲੈਣਵਾਲੇ ਆਜ਼ਾਦੀ ਘੁਲਾਟੀਏ, ਅਸੰਦਾਸ ਉੱਤਮਚੰਦਨੀ (ਏ ਜੇ ਉੱਤਮ) ਜੋ ਬਾਅਦ ਦੇ ਸਾਲਾਂ ਵਿੱਚ ਸਿੰਧੀ ਪ੍ਰਗਤੀਵਾਦੀ ਸਾਹਿਤਕ ਲਹਿਰ ਦੇ ਪ੍ਰਮੁੱਖ ਲੇਖਕਾਂ ਵਿੱਚੋਂ ਇੱਕ ਸੀ, ਨਾਲ ਵਿਆਹ ਕਰਵਾ ਲਿਆ। ਏ ਜੇ ਉੱਤਮ ਬੰਬੇ ਵਿੱਚ ਸਿੰਧੀ ਸਾਹਿਤ ਮੰਡਲ ਦੇ ਬਾਨੀਆਂ ਵਿੱਚੋਂ ਇੱਕ ਸੀ। ਸੁੰਦਰੀ ਉਸਦੇ ਨਾਲ ਹਫਤਾਵਾਰੀ ਸਾਹਿਤਕ ਸਭਾਵਾਂ ਵਿੱਚ ਜਾਂਦੀ ਸੀ ਜਿਸਦੀ ਪ੍ਰਧਾਨਗੀ ਪ੍ਰੋਫੈਸਰ ਐਮਯੂ ਮਲਕਾਨੀ ਕਰਦੇ ਹੁੰਦੇ ਸਨ ਜੋ ਨਵੇਂ ਅਤੇ ਉਭਰਦੇ ਲੇਖਕਾਂ ਨੂੰ ਹੌਂਸਲਾ ਦੇਣ ਵਾਲਾ ਸਰਚਸਮਾ ਸੀ। ਸਿੰਧੀ ਲੇਖਕਾਂ ਅਤੇ ਉਨ੍ਹਾਂ ਦੀਆਂ ਸਿਰਜਣਾਤਮਕ ਰਚਨਾਵਾਂ ਦਾ ਇਹ ਸੰਪਰਕ ਉਸ ਲਈ ਪ੍ਰੇਰਣਾ ਸਰੋਤ ਬਣਨਾ ਸੀ ਅਤੇ ਸਾਲ 1953 ਵਿੱਚ ਉਸਨੇ ਆਪਣਾ ਪਹਿਲਾ ਨਾਵਲ "ਕਿਰਨਦਾਰ ਦੀਵਾਰੂਨ" (ਢਹਿੰਦੀਆਂ ਕੰਧਾਂ) ਤਿਆਰ ਕੀਤਾ। ਇਹ ਨਵੀਂ ਲੀਹ ਪਾਉਣ ਵਾਲਾ ਸਾਬਤ ਹੋਇਆ। ਉਸਨੇ ਆਪਣੀ ਇੱਕ ਪ੍ਰਾਪਤੀ ਨਾਲ ਸਾਹਿਤ ਵਿੱਚ ਮਰਦ ਦੇ ਦਬਦਬੇ ਦਾ ਲਗਪਗ ਏਕਾਅਧਿਕਾਰ ਖਤਮ ਕਰ ਦਿੱਤਾ। ਇੱਕ ਪਾਸੇ, ਉਸਨੇ 'ਘਰੇਲੂ' ਭਾਸ਼ਾ ਦੀ ਵਰਤੋਂ ਕਰਨ ਲਈ ਸਾਰੇ ਸੀਨੀਅਰ ਲੇਖਕਾਂ ਦੀ ਪ੍ਰਸ਼ੰਸਾ ਖੱਟੀ। ਇਹ ਲੋਕ-ਮੁਹਾਵਰੇ ਵਾਲੀ ਭਾਸ਼ਾ ਸੀ ਜਿਸ ਦੀ ਔਰਤਾਂ ਲੋਕ ਇਸਤੇਮਾਲ ਕਰਦੀਆਂ ਸਨ। ਇਸ ਨੇ ਸਿੰਧੀ ਸਾਹਿਤ ਵਿੱਚ ਇੱਕ ਨਵਾਂ ਸਾਹਿਤਕ ਸੁਆਦ ਪੈਦਾ ਕੀਤਾ। ਨਾਵਲ ਦਾ ਥੀਮ ਅਤੇ ਰੂਪ ਪਰਿਪੱਕ ਸੀ ਅਤੇ ਇਸ ਨੂੰ ਕਈ ਵਾਰ ਮੁੜ ਛਾਪਣ ਦਾ ਵਿਸ਼ੇਸ਼ ਮਾਣ ਪ੍ਰਾਪਤ ਹੋਇਆ ਹੈ। ਇਸ ਨਾਵਲ ਦਾ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਸੀ ਅਤੇ ਉਹਨਾਂ ਭਾਸ਼ਾਵਾਂ ਦੇ ਸਾਹਿਤਕ ਆਲੋਚਕਾਂ ਦੁਆਰਾ ਉਸਦੀ ਪ੍ਰਸੰਸਾ ਕੀਤੀ ਗਈ ਸੀ, ਇਸ ਤਰ੍ਹਾਂ ਉਹ ਇੱਕ ਖੇਤਰੀ ਭਾਸ਼ਾ ਦੇ ਲੇਖਕ ਤੋਂ ਆਲ ਇੰਡੀਆ ਪ੍ਰਸਿੱਧੀ ਦੇ ਲੇਖਕ ਵਜੋਂ ਉੱਚਾਈ ਤੇ ਪਹੁੰਚ ਗਈ। ਉਸ ਦਾ ਦੂਜਾ ਨਾਵਲ "ਪ੍ਰੀਤ ਪੁਰਾਣੀ ਰੀਤ ਨਿਰਾਲੀ" ਸਾਲ 1956 ਵਿੱਚ ਆਇਆ ਸੀ, ਜੋ ਕਿ 5 ਵਾਰ ਛਪਿਆ।