ਹਰੀਸ਼ੰਕਰ ਪਰਸਾਈ | |
---|---|
![]() | |
ਜਨਮ | 22 ਅਗਸਤ 1922 ਜਮਾਨੀ ਪਿੰਡ, ਹੋਸ਼ੰਗਾਬਾਦ ਜ਼ਿਲ੍ਹਾ, ਮਧ ਪ੍ਰਦੇਸ਼, ਬਰਤਾਨਵੀ ਭਾਰਤ |
ਮੌਤ | 10 ਅਗਸਤ 1995 ਜਬਲਪੁਰ |
ਕਿੱਤਾ | ਲੇਖਕ |
ਹਰੀਸ਼ੰਕਰ ਪਰਸਾਈ (ਹਿੰਦੀ: हरिशंकर परसाई) (22 ਅਗਸਤ 1922 – 10 ਅਗਸਤ 1995) ਹਿੰਦੀ ਲੇਖਕ ਸੀ ਅਤੇ ਵਿਅੰਗਕਾਰ ਸੀ। ਉਨ੍ਹਾਂ ਦਾ ਜਨਮ ਜਮਾਨੀ, ਹੋਸ਼ੰਗਾਬਾਦ, ਮੱਧ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਉਹ ਹਿੰਦੀ ਦੇ ਪਹਿਲੇ ਰਚਨਾਕਾਰ ਹਨ ਜਿਨ੍ਹਾਂ ਨੇ ਵਿਅੰਗ ਨੂੰ ਵਿਧਾ ਦਾ ਦਰਜਾ ਦਵਾਇਆ ਅਤੇ ਉਸਨੂੰ ਹਲਕੇ–ਫੁਲਕੇ ਮਨੋਰੰਜਨ ਦੇ ਪਰੰਪਰਾਗਤ ਪ੍ਰਕਾਸ਼ ਮੰਡਲ ਵਿੱਚੋਂ ਉਭਾਰ ਕੇ ਸਮਾਜ ਦੇ ਵਿਆਪਕ ਪ੍ਰਸ਼ਨਾਂ ਨਾਲ ਜੋੜਿਆ। ਉਨ੍ਹਾਂ ਦੀਆਂ ਵਿਅੰਗ ਰਚਨਾਵਾਂ ਸਾਡੇ ਮਨ ਵਿੱਚ ਗੁਦਗੁਦੀ ਹੀ ਪੈਦਾ ਨਹੀਂ ਕਰਦੀਆਂ ਸਗੋਂ ਸਾਨੂੰ ਉਸ ਸਮਾਜਕ ਯਥਾਰਥ ਦੇ ਸਾਹਮਣੇ ਖੜਾ ਕਰਦੀਆਂ ਹਨ, ਜਿਸ ਤੋਂ ਕਿਸੇ ਵੀ ਵਿਅਕਤੀ ਦਾ ਵੱਖ ਰਹਿ ਸਕਣਾ ਲਗਪਗ ਅਸੰਭਵ ਹੈ। ਲਗਾਤਾਰ ਖੋਖਲੀ ਹੁੰਦੀ ਜਾ ਰਹੀ ਸਾਡੀ ਸਮਾਜਕ ਅਤੇ ਰਾਜਨੀਤਿਕ ਵਿਵਸਥਾ ਵਿੱਚ ਪਿਸਦੇ ਮਧਵਰਗੀ ਮਨ ਦੀਆਂ ਹਕੀਕਤਾਂ ਨੂੰ ਉਨ੍ਹਾਂ ਨੇ ਬਹੁਤ ਹੀ ਨੇੜੇ ਤੋਂ ਫੜਿਆ ਹੈ।ਸਮਾਜਕ ਪਖੰਡ ਅਤੇ ਰੂੜ੍ਹੀਵਾਦੀ ਜੀਵਨ-ਮੁੱਲਾਂ ਦਾ ਮਖੌਲ ਉਡਾਉਂਦੇ ਹੋਏ ਉਨ੍ਹਾਂ ਨੇ ਹਮੇਸ਼ਾ ਵਿਵੇਕ ਅਤੇ ਵਿਗਿਆਨ-ਮੁਖੀ ਨਜ਼ਰ ਨੂੰ ਸਕਾਰਾਤਮਕ ਰੂਪ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਦੀ ਭਾਸ਼ਾ–ਸ਼ੈਲੀ ਵਿੱਚ ਖਾਸ ਕਿਸਮ ਦਾ ਅਪਣਾਪਣ ਹੈ, ਜਿਸ ਤੋਂ ਪਾਠਕ ਇਹ ਮਹਿਸੂਸ ਕਰਦਾ ਹੈ ਕਿ ਲੇਖਕ ਉਸਦੇ ਸਾਹਮਣੇ ਹੀ ਬੈਠਾ ਹੈ।ਉਨ੍ਹਾਂ ਨੂੰ ਵਿਅੰਗ ਪੁਸਤਕ ਵਿਕਲਾਂਗ ਸ਼ਰਧਾ ਕਾ ਦੌਰ ('विकलांग श्रद्धा का दौर') ਦੇ ਲਈ 1982 ਵਿੱਚ ਸਾਹਿਤ ਅਕਾਦਮੀ ਅਵਾਰਡ ਦਿੱਤਾ ਗਿਆ।[1]