"ਹੋ ਜਮਾਲੋ" ਸਿੰਧੀ ਭਾਸ਼ਾ ਦਾ ਇੱਕ ਲੋਕ ਗੀਤ ਹੈ[1] ਅਤੇ ਪਾਕਿਸਤਾਨ ਦੇ ਸਿੰਧੀ ਸਭਿਆਚਾਰ, ਖਾਸ ਕਰਕੇ ਸਿੰਧ ਵਿੱਚ ਨਾਚ ਨਾਲ ਜੁੜਿਆ ਹੋਇਆ ਹੈ। ਇਹ 19ਵੀਂ ਸਦੀ ਦੇ ਸਥਾਨਕ ਲੋਕ-ਨਾਇਕ ਜਮਾਲੋ ਖੋਸੋ ਬਲੋਚ ਬਾਰੇ ਹੈ। ਆਧੁਨਿਕ ਸਮੇਂ ਵਿੱਚ, ਗਾਣਾ 1947 ਤੋਂ ਦੁਬਾਰਾ ਮਸ਼ਹੂਰ ਹੋਇਆ ਹੈ, ਅਤੇ ਆਬੀਦਾ ਪਰਵੀਨ[2] ਨੇ ਸਿੰਧੀ ਵਿੱਚ ਅਤੇ ਸ਼ਾਜ਼ੀਆ ਖੁਸ਼ਕ ਨੇ ਉਰਦੂ[3] ਵਿੱਚ ਰਿਕਾਰਡ ਕਰਵਾਇਆ ਹੈ।
ਜ਼ਿਆਦਾਤਰ ਇਹ ਗਾਣਾ ਅਤੇ ਡਾਂਸ ਪ੍ਰੋਗਰਾਮ ਦੇ ਅੰਤ ਵਿੱਚ ਪੇਸ਼ ਕੀਤਾ ਜਾਂਦਾ ਹੈ ਜੋ ਸਿੰਧ ਦੀਆਂ ਲੜਾਈਆਂ ਅਤੇ ਲੋਕ ਕਥਾਵਾਂ ਦੀ ਵਿਆਖਿਆ ਕਰਦਾ ਹੈ। ਇਹ ਤਿਉਹਾਰਾਂ ਅਤੇ ਜਸ਼ਨ ਦੇ ਮੌਕਿਆਂ 'ਤੇ ਨੱਚਿਆ ਜਾਂਦਾ ਹੈ। ਮੁੱਖ ਗਾਇਕ ਜਮਾਲੋ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਗੀਤ ਗਾਉਂਦਾ ਹੈ, ਅਤੇ ਹਰੇਕ ਬੰਦ ਦਾ ਅੰਤ "ਹੋ ਜਮਾਲੋ!" ਦੇ ਅਵਾਜ਼ੇ ਨਾਲ ਹੁੰਦਾ ਹੈ। ਨੱਚਣ ਵਾਲੇ ਮੁੱਖ ਗਾਇਕ ਦੇ ਚੱਕਰ ਲਗਾਉਂਦੇ ਸਰਲ ਡਾਂਸ ਸਟੈਪ ਉਠਾਉਂਦੇ ਨੱਚਦੇ ਹਨ। ਗਾਣਾ ਅੰਤ ਵੱਲ ਵਧਦਾ ਹੋਇਆ ਰਫ਼ਤਾਰ ਫੜਦਾ ਜਾਂਦਾ ਹੈ। ਪੇਸ਼ਕਾਰੀਆਂ ਨੂੰ ਬੇਹੋਸ਼ੀ ਦੇ ਆਲਮ ਵਿੱਚ ਲੈ ਜਾਣ ਵਾਲੀਆਂ ਕਿਹਾ ਜਾਂਦਾ ਹੈ।
ਜਮਾਲੋ ਸ਼ੀਦੀ ਦਾ ਜਨਮ ਸੱਖਰ ਵਿੱਚ ਹੋਇਆ ਸੀ, ਜੋ ਉਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਹਕੂਮਤ ਅਧੀਨ ਬ੍ਰਿਟਿਸ਼ ਭਾਰਤ ਦੀ ਬੰਬਈ ਪ੍ਰੈਜੀਡੈਂਸੀ ਵਿੱਚ ਸੀ, ਪਰ ਅੱਜ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹੈ। ਉਸ ਨੂੰ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਜੌਨ ਜੈਕਬ ਨੇ ਸਖ਼ਰ ਵਿੱਚ, ਸ਼ਾਇਦ ਸੰਨ 1889 ਵਿੱਚ, ਫਾਂਸੀ ਦੀ ਸਜ਼ਾ ਸੁਣਾਈ ਸੀ। ਉਸੇ ਸਾਲ ਜੈਕਬ ਬਾਅਦ ਵਿੱਚ ਪਰਸੀਆ ਵਿੱਚ ਤਾਇਨਾਤ ਹੋਣ ਤੋਂ ਪਹਿਲਾਂ ਥੋੜੇ ਜਿਹੇ ਸਮੇਂ ਲਈ ਸਿੰਧ ਦਾ ਕਾਰਜਕਾਰੀ ਕਮਿਸ਼ਨਰ ਬਣਿਆ ਸੀ। ਜਮਾਲੋ (ਜਿਵੇਂ ਕਿ ਉਹ ਰਵਾਇਤੀ ਤੌਰ ਤੇ ਬੁਲਾਇਆ ਜਾਂਦਾ ਹੈ) ਨੂੰ ਸੁਕੂਰ ਬ੍ਰਿਜ ਦੇ ਨੇੜੇ ਜੇਲ੍ਹ ਵਿੱਚ ਰੱਖਿਆ ਗਿਆ ਸੀ, ਜਿਸ ਨੂੰ ਉਨ੍ਹੀਂ ਦਿਨੀਂ ਅੰਗਰੇਜ਼ਾਂ ਨੇ ਸਿੰਧ ਦਰਿਆ ਤੇ ਰੇਲ ਗੱਡੀਆਂ ਲਈ ਬਣਵਾਇਆ ਸੀ, ਪਰ ਅਜੇ ਇਸ ਦੀ ਪਰਖ ਨਹੀਂ ਸੀ ਕੀਤੀ। ਸਿੰਧ ਸਰਕਾਰ ਨੇ ਘੋਸ਼ਣਾ ਕੀਤੀ ਕਿ ਜੋ ਵੀ ਪੁਲ ਦੇ ਪਾਰ ਰੇਲਗੱਡੀ ਲੰਘਾਉਣ ਦੀ ਜਾਂਚ ਕਰੇਗਾ ਉਸਨੂੰ ਇਨਾਮ ਦਿੱਤਾ ਜਾਵੇਗਾ। ਜਮਾਲੋ ਨੇ ਜੈਕੋਬ ਨੂੰ ਇੱਕ ਪੱਤਰ ਭੇਜਿਆ, ਜਿਸ ਵਿੱਚ ਰੇਲਗੱਡੀ ਪਾਰ ਕਰਨ ਦੀ ਪੇਸ਼ਕਸ਼ ਕੀਤੀ ਗਈ, ਇਸ ਸ਼ਰਤ ਤੇ ਕਿ ਅਤੇ ਜੇ ਉਹ ਸੁਰੱਖਿਅਤ ਢੰਗ ਨਾਲ ਗੱਡੀ ਪਾਰ ਕਰ ਦੇਵੇ ਤਾਂ ਉਸਦੀ ਸਜ਼ਾ ਮਾਫ਼ ਕਰ ਦਿੱਤੀ ਜਾਵੇ, ਉਸਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਜਾਵੇ। ਉਸਨੇ ਸੁਰੱਖਿਅਤ ਢੰਗ ਨਾਲ ਗੱਡੀ ਪਾਰ ਲੰਘਾ ਦਿੱਤੀ ਅਤੇ ਰਿਹਾ ਕਰ ਦਿੱਤਾ ਗਿਆ, ਅਤੇ ਈਸਟ ਇੰਡੀਆ ਕੰਪਨੀ ਦੇ ਸਿੰਧ ਦੇ ਗਵਰਨਰ ਵਲੋਂ ਇਨਾਮ ਦਿੱਤਾ ਗਿਆ। ਉਸਦੀ ਪਤਨੀ ਨੇ ਉਸਦੀ ਇਸ ਵੱਡੀ ਮੱਲ ਬਾਰੇ "ਹੋ ਜਮਾਲੋ" ਗੀਤ ਦੀ ਮੌਕੇ ਤੇ ਰਚਨਾ ਕੀਤੀ, ਅਤੇ ਇਹ ਉਦੋਂ ਤੋਂ ਉਸ ਖੇਤਰ ਵਿੱਚ ਮਸ਼ਹੂਰ ਹੈ।[4] ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਆਉਂਦਾ ਹੈ ਤਾਂ ਲੋਕ ਮਸਤ ਹੋ ਕੇ ਇਹ ਗੀਤ ਗਾਉਂਦੇ ਹਨ।