ਪੰਡਿਤ ਸ਼ਰਧਾ ਰਾਮ ਫਿਲੌਰੀ | |
---|---|
ਜਨਮ | ਸ਼ਰਧਾ ਰਾਮ ਸ਼ਰਮਾ 30 ਸਤੰਬਰ 1837 ਫਿੱਲੌਰ ਸ਼ਹਿਰ, ਜਲੰਧਰ, ਸਾਂਝਾ ਪੰਜਾਬ |
ਮੌਤ | 24 ਜੂਨ, 1881 |
ਕਿੱਤਾ | ਨਾਵਲਕਾਰ, ਨਿਬੰਧਕਾਰ ਅਤੇ ਆਲੋਚਕ |
ਪ੍ਰਮੁੱਖ ਕੰਮ | ਪੰਜਾਬੀ ਬਾਤ-ਚੀਤ, ਸਿੱਖਾਂ ਦੇ ਰਾਜ ਦੀ ਵਿਥਿਆ |
ਸ਼ਰਧਾ ਰਾਮ ਫਿਲੌਰੀ (ਜਾਂ ਸ਼ਰਧਾ ਰਾਮ ਸ਼ਰਮਾ 30 ਸਤੰਬਰ 1837 –24 ਜੂਨ 1881)[1] ਪੰਜਾਬੀ ਅਤੇ ਹਿੰਦੀ ਲੇਖਕ ਸਨ ਅਤੇ ਉਨ੍ਹਾਂ ਨੂੰ ਆਧੁਨਿਕ ਪੰਜਾਬੀ ਵਾਰਤਕ ਦੇ ਪਿਤਾਮਾ ਕਿਹਾ ਜਾਂਦਾ ਹੈ। ਉਨ੍ਹਾਂ ਦਾ ਪ੍ਰਚਲਿਤ ਨਾਮ ਪੰਡਤ ਸ਼ਰਧਾ ਰਾਮ ਫ਼ਿਲੌਰੀ ਹੈ ਅਤੇ ਉਹ ਮਸ਼ਹੂਰ ਆਰਤੀ ਓਮ ਜੈ ਜਗਦੀਸ਼ ਹਰੇ ਦੇ ਲੇਖਕ ਸਨ। ਫ਼ਿਲੋਰ ਵਿਖੇ ਪੰਡਤ ਜੈ ਦਿਆਲ ਜੋਸ਼ੀ ਦੇ ਘਰ 30 ਸਤੰਬਰ 1837 ਈਸਵੀ ਵਿੱਚ ਉਨ੍ਹਾਂ ਦਾ ਜਨਮ ਹੋਇਆ।[2]
ਸ਼ਰਧਾ ਰਾਮ ਫਿਲੌਰੀ ਦਾ ਜਨਮ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਫਿਲੌਰ ਸ਼ਹਿਰ ਵਿੱਚ ਹੋਇਆ।[3][4] ਉਸ ਦਾ ਪਿਤਾ ਜੈ ਦਿਆਲੂ ਇੱਕ ਜੋਤਸ਼ੀ ਸੀ।[3] ਆਪਣੇ ਜੀਵਨ ਦੌਰਾਨ ਉਹ ਕਈ ਸ਼ਹਿਰਾਂ ਵਿਚ ਰਿਹਾ। ਉਹਨਾਂ ਜੀਵਨ ਦਾ ਵਧੇਰੇ ਸਮਾਂ ਵੇਦ ਸ਼ਾਸਤਰਾਂ ਦੇ ਗਿਆਨ ਪ੍ਰਾਪਤ ਕਰਨ ਅਤੇ ਭਗਵਤ ਗੀਤਾ ਦੀ ਕਥਾ ਕਰਨ ਵਿਚ ਲਗਾਇਆ, ਇਸੇ ਕਾਰਨ ਉਹਨਾਂ ਦੇ ਨਾਮ ਤੋਂ ਪਹਿਲਾਂ 'ਪੰਡਿਤ' ਵੀ ਲਗਦਾ ਹੈ।
ਸ਼ਰਧਾ ਰਾਮ ਫਿਲੌਰੀ ਦਾ ਨਾਂ ਕੁਲ ਦੀ ਰੀਤੀ ਅਤੇ ਸੰਸਕਾਰਾਂ ਨਾਲ ਰੱਖਿਆ ਗਿਆ। ਜੀਵਨ ਦੇ ਪਹਿਲੇ ਦੌਰ ਯਾਨੀ ਬਚਪਨ ਤੋਂ ਹੀ ਸ਼ਰਧਾ ਰਾਮ ਤੇਜ਼ ਦਿਮਾਗ਼, ਮਿਹਨਤੀ ਸੀ। ਬਾਲ ਮਨ ਦੀ ਚੰਚਲਤਾ ਉਸ ਵਿਚ ਵਿਦਮਾਨ ਸੀ। ਉਹ ਆਪਣੇ ਪਰਿਵਾਰ ਦੇ ਜਾਂ ਉਸ ਵਕਤ ਦੇ ਵਹਿਮਾਂ ਭਰਮਾਂ ਦੀਆਂ ਪਰੰਪਰਾਵਾਂ ਨੂੰ ਬਹੁਤ ਨੀਝ ਨਾਲ ਦੇਖਦਾ ਅਤੇ ਉਹਨਾਂ ਦਾ ਅਭਿਆਸ ਵੀ ਕਰਦਾ ਸੀ। ਇਸ ਬਾਰੇ ਪ੍ਰੋ. ਪ੍ਰੀਤਮ ਸਿੰਘ ਨੇ ਲਿਖਿਆ ਹੈ ਕਿ,
"ਇਹ ਬਾਲਕ ਬਚਪਨ ਵਿਚ ਹੀ ਬੜਾ ਨਟਖਟ, ਚਤਰ ਤੇ ਸੁਜਾਨ ਸੀ। ਠੀਕਰੀ ਦਾ ਰੁਪਿਆ ਬਣਾ ਦੇਣਾ, ਪਿਆਲੀਆਂ ਵਿਚੋਂ ਗੋਲੀਆਂ ਉਡਾ ਦੇਣੀਆਂ, ਦਿਨ ਵਿਚ ਤਾਰੇ ਦਿਖਾ ਦੇਣੇ, ਮੂੰਹ ਵਿਚੋਂ ਲਾਂਬੂ ਕੱਢਣੇ, ਤੱਤੇ ਤਵੇ ਉੱਤੇ ਤੁਰਨਾ ਜਾਂ ਭਖਦੇ ਸੰਗਲ ਨੂੰ ਹੱਥਾਂ ਵਿਚ ਫੜੀ ਰਖਣਾ – ਇਹਨਾਂ ਸਾਰੇ ਜਾਦੂ ਤਮਾਸ਼ਿਆਂ ਦਾ ਅਭਿਆਸ ਉਸਨੇ ਛੋਟੀ ਉਮਰ ਵਿਚ ਹੀ ਕਰ ਲਿਆ ਸੀ।"[5]
ਬਿਨਾਂ ਸ਼ੱਕ ਪ੍ਰੋ. ਪ੍ਰੀਤਮ ਸਿੰਘ ਦੀ ਸ਼ਰਧਾ ਰਾਮ ਬਾਬਤ ਉਪਰ ਕਹੇ ਕਥਨ ਵਿਚ ਅਤਿਕਥਨੀ ਭਾਸਦੀ ਹੈ, ਪ੍ਰੰਤੂ ਇਸ ਤੋਂ ਬਾਲ ਉਮਰੇ ਸ਼ਰਧਾ ਰਾਮ ਦੇ ਨਿਸ਼ਕਿਰਿਆ ਨਾ ਹੋਣ ਸਗੋਂ ਮਿਹਨਤੀ ਤੇ ਸਿਖਾਂਦਰੂ ਸੁਭਾਅ ਦੀ ਥਾਹ ਜ਼ਰੂਰ ਮਿਲਦੀ ਹੈ। ਫਿਲੌਰ ਸ਼ਹਿਰ ਨਦੀ ਕੰਢੇ ਵਸਿਆ ਹੋਇਆ ਹੈ। ਇਸ ਲਈ ਸ਼ਰਧਾ ਰਾਮ ਵੀ ਅੱਲੜ੍ਹ ਉਮਰੇ ਚੰਗਾ ਤੈਰਾਕ ਬਣ ਚੁੱਕਿਆ ਸੀ। ਸ਼ਰਧਾ ਰਾਮ ਦਾ ਬਚਪਨ ਤੋਂ ਹੀ ਸੰਗੀਤ ਵਿਦਿਆ ਵੱਲ ਝੁਕਾਅ ਹੋਇਆ। ਇਸ ਦੀ ਗੁੜਤੀ ਤਾਂ ਉਸਨੂੰ ਪਰਿਵਾਰ ਵਿਚੋਂ ਹੀ ਮਿਲ ਚੁੱਕੀ ਸੀ ਤੇ ਮੁੱਢਲੀ ਸੰਗੀਤ ਵਿਦਿਆ ਉਸਨੇ ਆਪਣੇ ਪਿਤਾ ਪਾਸੋਂ ਹਾਸਿਲ ਕੀਤੀ। ਪਰ ਫਿਰ ਦੂਰ ਨੇੜੇ ਦੇ ਮੇਲੇ ਤੇ ਲਗਦੇ ਅਖਾੜਿਆਂ ਤੇ ਕਵੀਸ਼ਰਾਂ ਦੇ ਸੰਗ ਸਦਕਾ ਉਸਨੇ ਆਪਣੀ ਸੰਗੀਤ ਪ੍ਰਤੀ ਲਾਲਸਾ ਨੂੰ ਤਰ ਕੀਤਾ।
ਹੋਰਨਾਂ ਅਨੇਕ ਪਸਾਰਾਂ ਵਿਚੋਂ ਸਿੱਖਿਆ ਉਹ ਅਹਿਮ ਪਾਸਾਰ ਹੈ ਜੋ ਕਿਸੇ ਮਨੁੱਖ ਦੇ ਵਿਅਕਤਿਤਵ ਦੀ ਉਸਾਰੀ ਵਿਚ ਪ੍ਰਮੁੱਖ ਭੂਮਿਕਾ ਅਦਾ ਕਰਦੀ ਹੈ। ਤੇਰ੍ਹਾਂ ਸਾਲ ਦੀ ਉਮਰ ਵਿਚ ਪਰਿਵਾਰਕ ਰੀਤਾਂ ਮੂਜਬ ਸ਼ਰਧਾ ਰਾਮ ਦਾ ਯਗੋਪਵੀਤ ਸੰਸਕਾਰ ਹੋਇਆ ਤੇ ਪਰੰਪਰਿਕ ਰੀਤੀ ਨਾਲ ਪੜ੍ਹਨੇ ਪਾਇਆ ਗਿਆ। ਉਸਨੇ ਨੈਤਿਕ ਅਤੇ ਪੈਤਿਕ ਕਰਮ, ਸਨਾਤਨ ਧਰਮ, ਗਿਆਨ ਦੇਵਤਾ, ਅਨੁਸ਼ਠਾਨ ਕਰਨ ਦੀ ਸਿਖਿਆ ਸ਼ੁਰੂ ਕੀਤੀ। ਆਪਣੇ ਸ਼ਹਿਰ ਦੇ ਮੌਲਵੀ ਪਾਸੋਂ ਉਸਨੇ ਫ਼ਾਰਸੀ ਦੀ ਵਿਦਿਆ ਗ੍ਰਹਿਣ ਕੀਤੀ। ਤਤਕਾਲੀ ਚੌਗਿਰਦੇ ਵਿਚ ਗੁਰਮੁਖੀ(ਪੰਜਾਬੀ) ਦਾ ਪ੍ਰਚਾਰ ਤੇ ਪਾਸਾਰ ਹੋ ਰਿਹਾ ਸੀ। ਇਸ ਸਬੱਬ ਛੋਟੀ ਉਮਰ ਵਿਚ ਹੀ ਉਸਨੇ ਗੁਰਮੁਖੀ ਸਿੱਖ ਲਈ ਸੀ।
ਮੁੱਢਲੀ ਸਿੱਖਿਆ ਉਪਰਾਂਤ ਉਹ ਖਟ ਸ਼ਾਸਤਰ, ਮਹਾਂਭਾਰਤ, ਪੁਰਾਣਾਂ, ਉਪਨਿਸ਼ਦਾਂ ਤੇ ਸਿਮਰਤੀਆਂ ਦੇ ਅਧਿਐਨ ਲਈ ਰਿਸ਼ੀਕੇਸ਼ ਚਲਾ ਗਿਆ। ਇਕ ਦੱਖਣੀ ਵਿਦਵਾਨ ਪੰਡਿਤ ਦੀ ਸ਼ਰਨ ਹੇਠ ਉਸਨੇ ਜੋਤਿਸ਼ ਸ਼ਾਸਤ੍ਰ ਦਾ ਅਧਿਐਨ ਕੀਤਾ। ਅਠਾਰਾਂ ਦਾ ਹੋ ਕੇ ਉਹ ਵਾਪਸ ਫਿਲੌਰ ਪਰਤਿਆ ਤੇ ਪਿਤਾ ਪੁਰਖੀ ਕੰਮ ਸ਼ੁਰੂ ਕਰ ਦਿੱਤਾ। ਉਸਨੇ ਭਗਵਤ ਗੀਤਾ ਦੀ ਵਿਆਖਿਆ ਅਤੇ ਕਥਾ ਕਰਨੀ ਆਰੰਭ ਕੀਤੀ।
ਸ਼ਰਧਾ ਰਾਮ ਦੀ ਪਹਿਲੀ ਸ਼ਾਦੀ ਬਹੁਤ ਛੇਤੀ ਹੋ ਗਈ ਸੀ ਪਰ ਉਹਨਾਂ ਨੂੰ ਕੋਈ ਸੰਤਾਨ ਪ੍ਰਾਪਤੀ ਨਹੀਂ ਸੀ ਹੋਈ। ਜੀਵਨ ਅਰਸੇ ਦੌਰਾਨ ਕਪੂਰਥਲੇ ਜਾਣ ਪਿੱਛੋਂ ਉਹਨਾਂ ਦੀ ਪਤਨੀ ਦੁਰਘਟਨਾ ਕਾਰਨ ਪਰਲੋਕ ਸਿਧਾਰ ਗਈ। 1864 ਵਿਚ ਉਹਨਾਂ ਨੇ ਦੂਜੀ ਸ਼ਾਂਦੀ ਕੀਤੀ। ਉਹਨਾਂ ਦੀ ਦੂਜੀ ਪਤਨੀ ਹੁਸ਼ਿਆਰਪੁਰ ਦੇ ਮੇਘੇਵਾਲ ਪਿੰਡ ਦੇ ਵਾਸੀ ਸ੍ਰੀ ਹਰਗੋਬਿੰਦ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋਈ। ਪਰ ਸੰਤਾਨ ਪ੍ਰਾਪਤੀ ਉਹਨਾਂ ਨੂੰ ਇਸ ਵਿਆਹ ਵਿਚੋਂ ਵੀ ਨਾ ਹੋਈ। ਇੰਝ ਘਰ ਗ੍ਰਹਿਸਤੀ ਵੱਲੋਂ ਉਹ ਲਗਭਗ ਨਿਰਾਸ ਹੀ ਰਹੇ। ਪਰ ਉੱਚ ਜੀਵਨ ਆਦਰਸ਼ ਦੀ ਖਾਤਿਰ ਜੂਝਨ ਵਾਲੇ ਸੁਭਾਅ ਕਰਕੇ ਉਹ ਕਦੇ ਨਿਰਾਸ਼ਾ ਦੇ ਆਲਮ ਵਿਚ ਗਲਤਾਨ ਨਾ ਹੋਏ।
ਉਪਰ ਦੱਸੇ ਮੂਜਬ ਅਠਾਰਾਂ ਵਰ੍ਹੇ ਦੀ ਉਮਰ ਬਾਅਦ ਸ਼ਰਧਾ ਰਾਮ ਨੇ ਫਿਲੌਰ ਪਰਤ ਕੇ ਕਥਾ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੇ ਵਿਚਾਰਾਂ ਤੇ ਕਥਾ ਬਿਆਨਣ ਦੇ ਅੰਦਾਜ ਸਦਕਾ ਨਗਰ ਵਿਚ ਉਹਨਾਂ ਦੀ ਮਹਿਮਾ ਵਧੀ। ਉਹਨਾਂ ਦੀ ਮਹਿਮਾ ਤੋਂ ਈਰਖਾ ਕਰਨ ਵਾਲਿਆਂ ਨੇ ਅੰਗਰੇਜ ਸਰਕਾਰ ਕੋਲ ਆਪ ਦੀ ਸ਼ਿਕਾਇਤ ਕਰ ਦਿੱਤੀ ਕਿ ਉਹ ਲੋਕਾਂ ਨੂੰ ਬਗ਼ਾਵਤ ਲਈ ਉਕਸਾ ਰਹੇ ਹਨ। ਇਸ ਕਾਰਨ ਇਹਨਾਂ ਦੀ ਗ੍ਰਿਫਤਾਰੀ ਹੋ ਗਈ। ਤਫ਼ਤੀਸ਼ ਦੌਰਾਨ ਸ਼ਰਧਾ ਰਾਮ ਦ੍ਰਿੜ ਆਵਾਜ਼ ਤੇ ਤਰਕ ਨਾਲ ਆਪਣੇ ਪੱਖ ਨੂੰ ਰੱਖਿਆ ਜਿਸ ਤੋਂ ਅੰਗਰੇਜ਼ ਸਰਕਾਰ ਨੂੰ ਆਪ ਦੇ ਨਿਰਦੋਸ਼ ਹੋਣ ਦਾ ਪਤਾ ਲੱਗ ਗਿਆ। ਪਰ ਉਹਨਾਂ ਦੀ ਸ਼ਖ਼ਸੀਅਤ ਵਿਚਲੇ ਸਰੋਤਾ ਨੂੰ ਪ੍ਰਭਾਵਿਤ ਕਰਕੇ ਆਪਣੇ ਕਹੇ ਲਗਾ ਸਕਣ ਦੇ ਗੁਣ ਨੂੰ ਤਫ਼ਤੀਸ਼ੀ ਅਫ਼ਸਰਾਂ ਨੇ ਭਾਪ ਲਿਆ। ਅੰਗਰੇਜ਼ ਨੂੰ ਖਦਸ਼ਾ ਸੀ ਕਿ ਉਹ ਕਿਸੇ ਬਗ਼ਾਵਤ ਵੇਲੇ ਕ੍ਰਾਂਤੀ ਦੇ ਸਰਬਰਾਹ ਬਣਨ ਦੀ ਯੋਗਤਾ ਰੱਖਦੇ ਹਨ। ਇਸ ਕਰਕੇ ਉਹਨਾਂ ਨੂੰ ਰਿਹਾਅ ਤਾਂ ਕਰ ਦਿੱਤਾ ਗਿਆ ਪਰ ਫਿਲੌਰ ਸ਼ਹਿਰ ਵਿਚ ਰਹਿਣ ਤੇ ਪਾਬੰਦੀ ਲਗਾ ਦਿੱਤੀ। ਮਜ਼ਬੂਰੀ ਵੱਸ ਉਹਨਾਂ ਨੂੰ ਆਪਣਾ ਸ਼ਹਿਰ ਫਿਲੌਰ ਛੱਡਣਾ ਪਿਆ। ਉਹ ਪਟਿਆਲੇ ਸ਼ਹਿਰ ਚਲੇ ਗਏ ਤੇ ਅਨੇਕ ਕੋਸ਼ਿਸ਼ਾਂ ਬਾਅਦ ਮਹਾਰਾਜ ਪਟਿਆਲਾ ਦੀ ਸਰਪ੍ਰਸਤੀ ਹੇਠ ਰਹਿਣ ਤੇ ਕਥਾ ਕਰਨ ਦੀ ਇਜ਼ਾਜਤ ਪ੍ਰਾਪਤ ਕੀਤੀ। ਇੱਥੇ ਵੀ ਉਹਨਾਂ ਦੇ ਗੁਣਾਂ ਤੋਂ ਰਾਜ ਪ੍ਰੋਹਿਤ ਈਰਖਾ ਕਰਨ ਲੱਗੇ। ਇਕ ਸਮੇਂ ਉਹਨਾਂ ਦੀ ਰਾਜ ਪ੍ਰੋਹਿਤ ਨਾਲ ਕਿਸੇ ਮਸਲੇ ਉੱਪਰ ਲੰਮੀ ਬਹਿਸ ਵੀ ਹੋਈ, ਜਿਸ ਵਿਚ ਆਪ ਨੇ ਆਪਣੇ ਤਰਕਾਂ ਸਦਕਾ ਰਾਜ ਪੰਡਿਤ ਨੂੰ ਨਿਰ ਉੱਤਰ ਕੀਤਾ। ਪਰ ਇਸ ਤੋਂ ਬਾਦ ਸ਼ਰਧਾ ਰਾਮ ਦਾ ਪਟਿਆਲੇ ਦਰਬਾਰ ਨਾਲ ਮੋਹ ਭੰਗ ਹੋ ਗਿਆ ਤੇ ਉਹਨਾਂ ਪਟਿਆਲਾ ਛੱਡ ਦਿੱਤਾ। ਫੇਰ ਕੁਝ ਦੇਰ ਹਰਿਦੁਆਰ, ਰਿਸ਼ੀਕੇਸ਼ ਰਹਿਣ ਉਪਰੰਤ ਉਹ ਲੁਧਿਆਣੇ ਆ ਗਏ। ਲੁਧਿਆਣਾ ਸ਼ਹਿਰ ਉਸ ਵਕਤ ਇਸਾਈ ਮਿਸ਼ਨਰੀਆਂ ਦਾ ਗੜ੍ਹ ਸੀ। ਇੱਥੇ ਹੀ 1858 ਵਿਚ ਉਹਨਾਂ ਦਾ ਮੇਲ ਇਸਾਈ ਮਿਸ਼ਨਰੀ ਨਿਊਟਨ ਨਾਲ ਹੋਇਆ। ਉਹਨਾਂ ਦੀ ਸਰਪ੍ਰਸਤੀ ਸਦਕਾ ਸ਼ਰਧਾ ਰਾਮ ਨੇ ਇਸਾਈਅਤ ਦੇ ਪ੍ਰਚਾਰ ਲਈ ਪੰਜਾਬੀ, ਹਿੰਦੀ ਤੇ ਉਰਦੂ ਵਿਚ ਅਨੇਕ ਪੁਸਤਕਾਂ ਦੇ ਅਨੁਵਾਦ ਕੀਤੇ ਅਤੇ ਮੌਲਿਕ ਲੇਖਣੀ ਦੀ ਲਗਨ ਵੀ ਲੱਗੀ। 1861 ਵਿਚ ਨਿਊਟਨ ਦੀ ਸੱਤਾ ਧਿਰ ਵਾਲੀ ਧੌਂਸ ਤੇ ਹੋਰਨਾਂ ਕੁਝ ਇਕ ਕਾਰਨਾਂ ਕਰਕੇ ਉਹਨਾਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਉਹਨਾ ਲੁਧਿਆਣੇ ਵਿਚ ਹੀ ਕਥਾ ਕਰਨੀ ਆਰੰਭ ਕੀਤੀ। ਉਹਨਾਂ ਆਪਣੇ ਸ਼ਰਧਾਲੂਆਂ ਨੂੰ ਵੈਸ਼ਨਵ ਧਰਮ ਵਿਚ ਪੂਰਾ ਵਿਸ਼ਵਾਸ ਰੱਖਣ ਦੀ ਤਾਕੀਦ ਕੀਤੀ ਅਤੇ ਅਧਿਆਤਮਕ ਭਵਿਸ਼ ਸੁਧਾਰਨ ਲਈ ਅਨੁਯਾਈਆਂ ਨੂੰ ਤੀਰਥ ਇਸ਼ਨਾਨ, ਦਾਨ ਅਤੇ ਸੇਵਾ ਲਈ ਵਿਸ਼ੇਸ਼ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਸਨੇ ਆਪਣੇ ਸ਼ਰਧਾਲੂਆਂ ਨੂੰ ਗਲੇ ਵਿਚ ਤੁਲਸੀ ਦੀ ਮਾਲਾ ਧਾਰਨ ਕਰਨ ਅਤੇ ਮੱਥੇ ਉੱਤੇ ਕੇਸਰ ਟਿਕਾ ਲਗਾਉਣ ਲਈ ਕਿਹਾ ਤੇ ਆਪੋ ਵਿਚ ਮਿਲਣ ਵੇਲੇ ‘ਜੈ ਹਰੀ’ ਸ਼ਬਦ ਵਰਤੋਂ ਕਰਨ ਦਾ ਸੁਝਾ ਦਿੱਤਾ। ਸ਼ਰਧਾ ਰਾਮ ਨੇ ਆਪਣੇ ਉਦਮ ਸਦਕਾ ਜਨ ਪ੍ਰੇਰਣਾ ਵਾਲੇ ਵਾਗ ਵਿਲਾਸ ਦੇ ਸਹਾਰੇ ਦੂਰ ਦੂਰ ਤਕ ਆਪਣੀ ਪ੍ਰਭੁਤਾ ਸਥਾਪਿਤ ਕਰਨ ਲਈ ਇਕ ਭਜਨ ਮੰਡਲੀ ਤਿਆਰ ਕੀਤੀ ਅਤੇ ਲੁਧਿਆਣਿਓਂ ਤੁਰ ਪਿਆ। ਜਿੱਥੇ ਜਾਂਦਾ ਆਪਣਾ ਸਮਾਗਮ ਕਰਦਾ। ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਉਹ ਜਲੰਧਰ, ਕਪੂਰਥਲਾ, ਲਾਹੌਰ, ਅੰਮ੍ਰਿਤਸਰ ਅਨੇਕ ਪ੍ਰਮੁੱਖ ਨਗਰਾਂ ਵਿਚ ਗਏ ਤੇ ਸਥਾਨਕ ਧਾਰਮਿਕ ਆਗੂਆਂ ਨਾਲ ਵਾਦ ਵਿਵਾਦ ਤੇ ਬਹਿਸ ਮੁਬਾਸੇ ਵੀ ਕਰਦੇ ਰਹੇ। ਪੰਡਿਤ ਸ਼ਰਧਾ ਰਾਮ ਫਿਲੌਰੀ ਬਹੁਤੇਰੀ ਰਚਨਾ ਹਿੰਦੀ ਵਿਚ ਕੀਤੀ। ਪੰਜਾਬੀ ਵਿਚ ਉਹਨਾਂ 1866 ਵਿਚ ‘ਸਿੱਖਾਂ ਦੇ ਰਾਜ ਦੀ ਵਿਥਿਆ’, 1875 ਵਿਚ ‘ਪੰਜਾਬੀ ਬਾਤਚੀਤ’ ਹੀ ਲਿਖੀਆਂ।
1880 ਵਿਚ ਲਾਹੌਰ ਤੋਂ ਵਾਪਸ ਆ ਕੇ ਫਿਲੌਰ ਵਿਚ ਮੰਦਿਰ ਬਣਾਇਆ, ਜਿਸਦਾ ਨਾਮ ਹਰਿਗਿਆਨ ਮੰਦਿਰ ਰੱਖਿਆ ਗਿਆ। 1881 ਵਿਚ ਆਪ ਨੂੰ ਹੈਜੇ ਦੀ ਬਿਮਾਰੀ ਨੇ ਆ ਘੇਰਿਆ। ਇਲਾਜ ਦੌਰਾਨ ਹੋਈ ਕੁਤਾਹੀ ਕਾਰਨ 24 ਜੂਨ 1881 ਨੂੰ ਫਿਲੌਰ ਵਿਖੇ ਉਹਨਾਂ ਦੀ ਮੌਤ ਹੋ ਗਈ।[6]
ਈਸਵੀ ਸੰਨ | ਜੀਵਨ ਘਟਨਾ |
---|---|
30 ਸਤੰਬਰ, 1837 ਈ. | ਜੈ ਦਿਆਲ ਜੋਸ਼ੀ ਤੇ ਵਿਸ਼ਣੂ ਦੇਈ ਦੇ ਘਰ ਫਿਲੌਰ ਜ਼ਿਲ੍ਹਾ ਜਲੰਧਰ ਵਿਚ ਪੈਦਾ ਹੋਇਆ |
1844 ਈ. | ਗੁਰਮੁਖੀ ਲਿਪੀ ਸਿੱਖੀ। |
1850 ਈ. | ਪੜ੍ਹਨ ਪਾਇਆ ਗਿਆ- ਪੰਡਿਤ ਰਾਮ ਚੰਦ੍ਰ ਤੋਂ ਸੰਸਕ੍ਰਿਤ ਅਤੇ ਸਯਦ ਅਬਦੁਲੇ ਸਾਹ ਤੋਂ ਫ਼ਾਰਸੀ। ਇਸ ਤੋਂ ਬਿਨਾਂ ਸੰਗੀਤ, ਜੋਤਿਸ਼ ਵਿਦਿਆ ਤੇ ਧਾਰਮਿਕ ਗ੍ਰੰਥਾਂ ਦਾ ਅਧਿਐਨ ਆਰੰਭ ਕੀਤਾ। |
1855 ਈ. | ਕਥਾ-ਵਾਚਕ ਦਾ ਕੰਮ ਅਰੰਭਿਆ, ਅੰਗਰੇਜ਼ ਕੁਮੇਦਾਨ ਫਿਲੌਰ ਵਲੋਂ ਗ੍ਰਿਫ਼ਤਾਰੀ, ਸਜ਼ਾ ਵਜੋਂ ਨਗਰ-ਨਿਕਾਲਾ। 18 ਦਿਨ ਪਟਿਆਲੇ ਰਹਿ ਕੇ ਰਿਸ਼ੀਕੇਸ਼ ਵਿਚ ਧਾਰਮਿਕ ਗ੍ਰੰਥਾਂ ਦਾ ਡੂੰਘਾ ਅਧਿਐਨ। |
1858 ਈ. | ਪਾਦਰੀ ਨਿਊਟਨ ਨਾਲ ਮੇਲ, ਮਿਸ਼ਨ ਪ੍ਰੈਸ, ਲੁਧਿਆਣਾ ਵਿਚ ਨੌਕਰੀ, ਪੁਸਤਕਾਂ ਦੇ ਅਨੁਵਾਦ ਦਾ ਕੰਮ, ਅੰਜੀਲ ਦੇ ਅਨੁਵਾਦ ਵਿਚ ਭਾਗ ਪਾਇਆ। |
1861 ਈ. | ਨੌਕਰੀ ਤੋਂ ਅਸਤੀਫਾ, ਲੁਧਿਆਣੇ ਯੋਗ ਵਸ਼ਿਸ਼ਟ ਦੀ ਕਥਾ ਅਤੇ ਧਰਮ ਪਰਚਾਰ ਹਿਤ ਪੰਜਾਬ ਦੇ ਦੌਰਿਆਂ ਦਾ ਆਰੰਭ। |
1863 ਈ. | ਮਹਾਰਾਜ ਰਣਧੀਰ ਸਿੰਘ ਕਪੂਰਥਲਾ ਨੂੰ ਆਪਣੇ ਧਰਮ ਵਿਚ ਦ੍ਰਿੜ ਕੀਤਾ। ਲਾਹੌਰ ਵਿਚ ਬਿਹਾਰੀ ਲਾਲ ਪੁਰੀ ਨਾਲ ਮੇਲ, ਬਹਿਸ ਅਤੇ ਮੱਤਭੇਦ। |
1866 ਈ. | 'ਸਿੱਖਾਂ ਦੇ ਰਾਜ ਦੀ ਵਿਥਿਆ' ਦੀ ਰਚਨਾ ਕੀਤੀ। |
1867 ਈ. | ਫਿਲੌਰ ਵਿਚ ਕਥਾ ਕੀਰਤਨ ਦਾ ਪ੍ਰਵਾਹ ਤੇ ਸਦਾਬਰਤ ਸ਼ੁਰੂ, ਲੁਧਿਆਣੇ ਵਿਚ ਸੰਸਕ੍ਰਿਤ ਫਾਰਸੀ ਦਾ ਹਿੰਦ ਸਕੂਲ ਅਤੇ ਹਿੰਦੂ ਧਰਮ ਪ੍ਰਕਾਸ਼ਕ ਸਭਾ ਸਥਾਪਿਤ ਕੀਤੀ। |
1870 ਈ. | ਕਾਂਗੜੇ, ਮੰਡੀ ਸੁਕੇਤ, ਚੰਬੇ ਆਦਿ ਦਾ ਦੌਰਾ। |
1875 ਈ. | 'ਪੰਜਾਬੀ ਬਾਤ ਚੀਤ' ਦੀ ਰਚਨਾ ਕੀਤੀ। |
1878 ਈ. | ਮਹਾਰਾਜਾ ਜੰਮੂ ਕਸ਼ਮੀਰ ਦੇ ਸੱਦੇ ਤੇ ਜੰਮੂ ਵਿਚ ਧਰਮ ਪ੍ਰਚਾਰ। |
1880 ਈ. | ਲੈਫ਼ਟੀਨੈਂਟ ਗਵਰਨਰ ਪੰਜਾਬ ਦੇ ਕਹਿਣ ਤੇ 'ਦਾਬਿਸਤਾਨ ਮਜ਼ਾਹਬ' ਦਾ ਉਰਦੂ ਅਨੁਵਾਦ। |
24 ਜੂਨ, 1881 ਈ. | ਦੇਹਾਂਤ, ਜਨਮ ਭੂਮੀ ਫਿਲੌਰ ਵਿਖੇ। |
ਕੰਮ | ਸਾਲ | ਵਰਣਨ |
---|---|---|
ਸਿੱਖਾਂ ਦੇ ਰਾਜ ਦੀ ਵਿਥਿਆ[3][4] | 1866 | ਇਹ ਪੁਸਤਕ ਸਿੱਖ ਧਰਮ ਅਤੇ ਰਣਜੀਤ ਸਿੰਘ ਦੇ ਰਾਜ ਬਾਰੇ ਹੈ।[4][8] ਆਖਰੀ ਤਿੰਨ ਅਧਿਆਏ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ ਬਾਰੇ ਹਨ।[4] ਇਹ ਪੁਸਤਕ ਅਕਸਰ ਇੱਕ ਪਾਠ-ਪੁਸਤਕ ਦੇ ਰੂਪ ਵਿੱਚ ਜਾਣੀ ਜਾਂਦੀ ਹੈ।[4] |
ਪੰਜਾਬੀ ਬਾਤ-ਚੀਤ1875 | ਇਹ ਕਿਤਾਬ ਖਾਸ ਤੌਰ ਤੇ ਬ੍ਰਿਟਿਸ਼ ਨੂੰ ਸਥਾਨਕ ਬੋਲੀ ਨੂੰ ਸਮਝਣ ਵਿੱਚ ਮਦਦ ਕਰਨ ਲਈ ਲਿਖੀ ਗਈ ਸੀ।[4] ਗੁਰਮੁਖੀ ਲਿਪੀ ਤੋਂ ਰੋਮਨ ਸਕਰਿਪਟ ਵਿੱਚ ਲਿਪੀਅੰਤਰ ਕੀਤੀ ਗਈ ਸ਼ਾਇਦ ਇਹ ਪਹਿਲੀ ਕਿਤਾਬ ਹੈ।[3][4] ਪ੍ਰਬੰਧਕੀ ਸੇਵਾ ਵਿੱਚ ਦਾਖਲੇ ਲਈ ਇਸ ਦਾ ਅਧਿਐਨ ਕਰਨਾ ਜ਼ਰੂਰੀ ਸੀ।[3][4] | |
ਓਮ ਜੈ ਜਗਦੀਸ਼ ਹਰੇ[4] | 1870 | ਪਹਿਲੀ ਵਾਰ ਪੰਜਾਬੀ ਵਿੱਚ ਅਨੁਵਾਦ ਹੋਇਆ[4] |
ਭਾਗਿਆਵਤੀ[3][4] | 1888 | ਇਹ ਹਿੰਦੀ ਦਾ ਸਭ ਤੋਂ ਪਹਿਲਾਂ ਨਾਵਲ ਹੈ[4] |
ਸਤਿ ਸ਼ਰਮ ਮੁਕਤਵਲੀ[4] | ||
ਸ਼ਤੋਪਦੇਸ਼[4] | ||
ਸਤਿਮਪਰਿਤ ਪਰਵਾਹਾ[4] |